ਭਾਗਾਂ ਵਾਲੇ ਪਟਨੇ ਸ਼ਹਿਰ, ਇੱਕ ਆਈ ਜੋਤ ਨੂਰਾਨੀ।
ਜਿਸ ਦਾ ਕੁੱਲ ਦੁਨੀਆਂ ਦੇ ਅੰਦਰ, ਹੋਇਆ ਨਹੀਂ ਕੋਈ ਸਾਨੀ।
ਸਭ ਦੇ ਸਾਂਝੇ ਸੱਚੇ ਸਤਿਗੁਰ, ਸ਼ੰਕਾ ਸਭ ਦੀ ਲਾਹੀ।
ਭੀਖਣ ਸ਼ਾਹ ਜਾਂ ਕੀਤਾ ਸਜਦਾ, ਦਿਸ ਪਈ ਜੋਤ ਇਲਾਹੀ।
ਜੰਗ ਦੀਆਂ ਇਹ ਖੇਡਾਂ ਖੇਡੇ, ਵਿੱਚ ਮੁੰਡਿਆਂ ਦੀ ਢਾਣੀ
ਭਾਗਾਂ……..
ਪੰਜ ਪਿਆਰੇ ਸਾਜ ਕੇ ਉਸਨੇ, ਸੁੱਤੀ ਅਣਖ ਜਗਾਈ।
ਸਵਾ ਲੱਖ ਨਾਲ ਇੱਕ ਲੜਾ ਕੇ, ਵੈਰੀਆਂ ਭਾਜੜ ਪਾਈ।
ਉਹਦੇ ਪੁੱਤਾਂ ਜ਼ਾਲਿਮ ਨੂੰ ਸੀ, ਯਾਦ ਕਰਾਈ ਨਾਨੀ
ਭਾਗਾਂ………
ਮੁਰਦਾ ਰੂਹਾਂ ਦੇ ਵਿੱਚ ਉਸਨੇ, ਮੁੜ ਤੋਂ ਪਾਈਆਂ ਜਾਨਾਂ।
ਦੱਬੇ ਕੁਚਲੇ ਲੋਕਾਂ ਦੇ ਸੰਗ, ਲਾਇਆ ਓਸ ਯਰਾਨਾ।
ਉਹਦੇ ਸਿੱਖਾਂ ਦੁਸ਼ਮਣ ਨੂੰ ਵੀ, ਰਣ ਪਿਲਾਇਆ ਪਾਣੀ
ਭਾਗਾਂ………
ਤਿਲਕ ਜੰਝੂ ਦੀ ਰਾਖੀ ਖ਼ਾਤਿਰ, ਸਾਇਆ ਸਿਰੋਂ ਮਿਟਾਇਆ।
ਉਸ ਆਪਣਾ ਸਰਬੰਸ ਹੀ ਸਾਰਾ, ਕੌਮ ਦੇ ਲੇਖੇ ਲਾਇਆ।
ਰੋਕੀ ਸੀ ਉਸ ਤਲਵਾਰਾਂ ਸੰਗ, ਜ਼ਾਲਿਮ ਦੀ ਮਨਮਾਨੀ
ਭਾਗਾਂ……..
ਉਸ ਦੇ ਨਿੱਕਿਆਂ ਵੱਡੇ ਸਾਕੇ, ਜੱਗ ਨੂੰ ਕਰ ਦਿਖਲਾਏ।
ਪੱਕੀ ਕਰਕੇ ਨੀਂਹ ਜਿਹਨਾਂ ਨੇ, ਸਿੱਖੀ ਮਹਿਲ ਬਣਾਏ।
ਜੱਸ ਉਹਦੇ ਨੂੰ ਕੀਕਣ ਗਾਵੇ, ‘ਦੀਸ਼’ ਦੀ ਕਲਮ ਨਿਮਾਣੀ
ਭਾਗਾਂ……