ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕਾਰੀ ਪ੍ਰੋਜੈਕਟ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਦੇ ਚੇਅਰਮੈਨ ਵਜੋਂ ਉੱਘੇ ਲਿਖਾਰੀ ਡਾ. ਜਸਵੰਤ ਸਿੰਘ ਨੇਕੀ ਅਤੇ ਕੰਨਵੀਨਰ ਵਜੋਂ ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਕੰਪਲੈਕਸ ਵਿਖੇ ਆਪਣਾ ਅਹੁਦਾ ਸੰਭਾਲਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਡਾ. ਨੇਕੀ ਅਤੇ ਤ੍ਰਿਲੋਚਨ ਸਿੰਘ ਨੂੰ ਸਿਰੋਪਾਓ ਅਤੇ ਸ਼ਾਲ ਭੇਂਟ ਕਰਕੇ ਅਹੁਦੇ ਦੀ ਜ਼ਿਮੇਵਾਰੀ ਸੌਂਪੀ। ਅਹੁਦਾ ਸੰਭਾਲਣ ਦੇ ਇਸ ਸੰਖੇਪ ਸਮਾਗਮ ‘ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਉੱਘੇ ਨਕਸ਼ਾਨਵੀਸ ਬੋਬੀ ਬੇਦੀ ਅਤੇ ਰੋਬਿਨ ਮਠਾਰੂ ਨੇ ਆਪਣੇ ਵਿਚਾਰ ਮੌਜੂਦ ਬੁੱਧੀਜੀਵੀਆਂ ਅਤੇ ਉੱਘੇ ਸਿੱਖਿਆਵਿਦਾ ਸਾਹਮਣੇ ਰੱਖੇ।
ਜੀ.ਕੇ. ਨੇ ਇਸ ਮੌਕੇ ਤਜਵੀਜ਼ ਸੈਂਟਰ ਦੀ ਰੂਪਰੇਖਾ ਦਾ ਜ਼ਿਕਰ ਕਰਦੇ ਹੋਏ ਪਾਰਲੀਮੈਂਟ ਦੇ ਸਾਹਮਣੇ ਹੋਣ ਕਰਕੇ ਸਥਾਨਿਕ ਨਿਕਾਇਆਂ ਦੀਆਂ ਬੰਦੀਸ਼ਾਂ ਦੇ ਸਾਹਮਣੇ ਆਪਣੇ ਹੱਥ ਛੋਟੇ ਦਾਅਰੇ ‘ਚ ਹੋਣ ਦੀ ਵੀ ਗੱਲ ਕਹੀ। ਜੀ.ਕੇ. ਨੇ ਸੈਂਟਰ ਦੀ ਮੌਜੂਦਾ ਬਿਲਡਿੰਗ ‘ਚ ਹੀ ਬਿਨਾ ਕੋਈ ਭੰਨ ਤੋੜ ਕੀਤੇ ਨਿਵੇਕਲਾ ਮਲਟੀਮੀਡੀਆ ਕੰਪਲੈਕਸ ਬਨਾਉਣ ਦਾ ਵੀ ਦਾਅਵਾ ਕੀਤਾ। ਡਾ. ਜਸਪਾਲ ਸਿੰਘ ਨੇ ਮਾਸਟਰ ਤਾਰਾ ਸਿੰਘ ਵੱਲੋਂ ਇਸ ਬਿਲਡਿੰਗ ਦਾ ਨੀਹ ਪੱਥਰ ਰੱਖੇ ਜਾਣ ਦਾ ਹਵਾਲਾ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਨਾਲ ਰੁਹਾਨੀ ਰਾਫਤਾ ਕਾਇਮ ਕਰਨ ਲਈ ਦਿੱਲੀ ਕਮੇਟੀ ਵੱਲੋਂ ਚੁੱਕੇ ਜਾ ਰਹੇ ਇਨ੍ਹਾਂ ਕਦਮਾਂ ਦੀ ਸ਼ਲਾਘਾ ਕੀਤੀ।
ਤ੍ਰਿਲੋਚਨ ਸਿੰਘ ਨੇ ਇਸ ਸੈਂਟਰ ਨੂੰ ਸਿੱਖ ਧਰਮ ਕਰਕੇ ਹੋਏ ਸਮਾਜਿਕ ਸੁਧਾਰਾ ਨੂੰ ਵਿਦੇਸ਼ੀ ਸੈਲਾਨੀਆਂ ਅਤੇ ਕੌਮ ਦੀ ਨਵੀਂ ਪਨੀਰੀ ਤੱਕ ਪਹੁੰਚਾਉਣ ਦਾ ਜ਼ਰੀਆ ਵੀ ਦੱਸਿਆ। ਤ੍ਰਿਲੋਚਨ ਸਿੰਘ ਨੇ ਪ੍ਰਧਾਨ ਜੀ.ਕੇ. ਵੱਲੋਂ ਇਸ ਸੈਂਟਰ ਦੇ ਖਰੜੇ ਨੂੰ ਕੌਮਾਂਤਰੀ ਪੱਧਰ ਦਾ ਬਨਾਉਣ ਵਾਸਤੇ ਕੀਤੇ ਜਾ ਰਹੇ ਉਪਰਾਲਿਆ ਕਰਕੇ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਨਾਲ ਪੰਥਕ ਕਾਰਜਾਂ ਵਿਚ ਮੁਕਾਬਲੇ ਦੀ ਹਾਲਾਤ ਪੈਦਾ ਕਰਨ ਦੀ ਵੀ ਗੱਲ ਕਹੀ।
ਡਾ. ਨੇਕੀ ਨੇ ਇਸ ਸੈਂਟਰ ਨੂੰ ਨੌਜਵਾਨਾ ਦੇ ਨਾਲ ਹੀ ਹਰ ਉਮਰ ਦੇ ਲੋਕਾਂ ਤੱਕ ਪਹੁੰਚ ਕਰਨ ਯੋਗ ਬਨਾਉਣ ਵਾਸਤੇ ਲੋੜੀਂਦੇ ਕਾਰਜ ਕਰਨ ਦਾ ਵੀ ਅਹਿਦ ਲਿਆ। ਉਨ੍ਹਾਂ ਕਿਹਾ ਕਿ ਸੰਸਾਰ ‘ਚ ਇਕ ਸਿੱਖ ਧਰਮ ਹੀ ਹੈ ਜੋ ਮਨੁੱਖ ਨੂੰ ਸੱਚਾ ਇਨਸਾਨ ਬਨਣ ਦੀ ਸਿੱਖਿਆ ਦਿੰਦਾ ਹੈ। ਇਸ ਮੌਕੇ ਬੋਬੀ ਬੇਦੀ ਅਤੇ ਰੋਬਿਨ ਮਠਾਰੂ ਵੱਲੋਂ ਸਕ੍ਰਿਨ ਤੇ ਤਜਵੀਜ਼ਸ਼ੁਦਾ ਸੈਂਟਰ ਦੇ ਡਿਜ਼ਾਈਨ ਬਾਰੇ ਵਿਸਤਾਰ ਨਾਲ ਖੁਲਾਸਾ ਕੀਤਾ ਗਿਆ। ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਸੈਂਟਰ ਦੀ ਡਾਇਰੈਕਟਰ ਡਾ. ਹਰਬੰਸ ਕੌਰ ਸੱਗੂ, ਡਾ. ਮਹਿੰਦਰ ਸਿੰਘ, ਡਾ. ਤ੍ਰਿਪਤਾ ਵਾਹੀ, ਡਾ. ਹਰਮੀਤ ਸਿੰਘ, ਦਿੱਲੀ ਕਮੇਟੀ ਮੈਂਬਰ ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਢੋਕ, ਜਸਬੀਰ ਸਿੰਘ ਜੱਸੀ, ਕੁਲਵੰਤ ਸਿੰਘ ਬਾਠ, ਐਮ.ਪੀ.ਐਸ. ਚੱਡਾ, ਗੁਰਬਚਨ ਸਿੰਘ ਚੀਮਾ, ਹਰਜਿੰਦਰ ਸਿੰਘ, ਜਤਿੰਦਰਪਾਲ ਸਿੰਘ ਗੋਲਡੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਅੰਨਦ, ਗੁਰਮਿੰਦਰ ਸਿੰਘ ਮਠਾਰੂ ਸਣੇ ਕਾਲਜਾਂ ਦਾ ਪ੍ਰੋਫੈਸਰ ਅਤੇ ਪ੍ਰਿੰਸੀਪਲ ਸਾਹਿਬਾਨ ਵੀ ਮੌਜੂਦ ਸਨ।
ਡਾ. ਨੇਕੀ ਅਤੇ ਤ੍ਰਿਲੋਚਨ ਸਿੰਘ ਨੇ ਇੰਟਰਨੈਸ਼ਨਲ ਸੈਂਟਰ ਫੋਰ ਸਿੱਖ ਸਟਡੀਜ਼ ਵਿਖੇ ਅਹੁਦਾ ਸੰਭਾਲਿਆ
This entry was posted in ਭਾਰਤ.