ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਅਧੀਨ ਪੈਂਦੇ ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ‘ਵੀ.ਐੱਲ.ਐੱਸ.ਆਈ.’ ਨਾਮੀ ਇਕ ਵਰਕਸ਼ਾਪ ਆਯੋਜਿਤ ਕੀਤੀ ਗਈ। ਜਿਸ ਵਿਚ ਮਾਹਿਰ ਅਤੇ ਮੁੱਖ ਬੁਲਾਰੇ ਦੇ ਤੌਰ ‘ਤੇ ਇੰਡੀਅਨ ਇੰਸਟੀਚਿਊਸ਼ਨ ਆੱਫ਼ ਟੈਕਨਾਲੋਜੀ ਤੋਂ ਵਿੱਦਿਆ ਹਾਸਲ ਕਰ ਚੁੱਕੇ ਡਾ. ਸੰਦੀਪ ਗੁਪਤਾ ਇਲੈਕਟ੍ਰੋਨਿਕਸ ਇੰਜੀਨੀਅਰ ਦੇ ਦੋ ਹੋਰ ਮਾਹਿਰਾਂ ਸਮੇਤ ਹਾਜ਼ਰ ਹੋਏ। ਇਸ ਵਰਕਸ਼ਾਪ ਵਿਚ ਡਾ. ਗੁਪਤਾ ਨੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੀਆਂ ਅਤਿ ਆਧੁਨਿਕ ਤਕਨੀਕਾਂ ਵਿਦਿਆਰਥੀਆਂ ਅਤੇ ਸਟਾਫ ਨਾਲ ਸਾਂਝੀਆਂ ਕੀਤੀਆਂ ਜੋ ਕਿ ਪੜ੍ਹਾਈ ਦੇ ਨਾਲ-ਨਾਲ ਨੌਕਰੀ ਦੇ ਸਮੇਂ ਵਿਦਿਆਰਥੀਆਂ ਲਈ ਕਾਫੀ ਲਾਹੇਬੰਦ ਸਿੱਧ ਹੋਣਗੀਆਂ। ਸਮੂਹ ਹਾਜ਼ਰੀਨ ਵਿਦਿਆਰਥੀ ਇਸ ਵਰਕਸ਼ਾਪ ਤੋਂ ਕਾਫੀ ਪ੍ਰਭਾਵਿਤ ਹੋਏ। ਇਸ ਮੌਕੇ ਬੋਲਦਿਆਂ ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਕੌਤਿਸ਼ ਨੇ ਕਿਹਾ ਕਿ ਇਹ ਚੇਤਨਾ ਭਰੀ ਵਰਕਸ਼ਾਪ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਕੇ ਉਨ੍ਹਾਂ ਦੇ ਅਕਾਦਮਿਕ ਗੁਣਾਂ ਨੂੰ ਨਿਖਾਰੇਗੀ। ਇੱਥੇ ਉਨ੍ਹਾਂ ਇਹ ਭਰੋਸਾ ਵੀ ਦਿਵਾਇਆ ਕਿ ਨੇੜਲੇ ਭਵਿੱਖ ਵਿਚ ਇੰਜੀਨੀਅਰਿੰਗ ਦੇ ਬਾਕੀ ਵਿਸ਼ਿਆਂ ਨਾਲ ਸੰਬੰਧਤ ਵਰਕਸ਼ਾਪ ਅਤੇ ਸੈਮੀਨਾਰ ਆਯੋਜਿਤ ਕਰਵਾਏ ਜਾਣਗੇ ਜੋ ਕਿ ਵਿਦਿਆਰਥੀਆਂ ਦੇ ਕੰਮਕਾਜੀ ਗਿਆਨ ਵਿਚ ਵਾਧਾ ਕਰਨਗੇ। ਯੂਨੀਵਰਸਿਟੀ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਅਰਸ਼ਦੀਪ ਸਿੰਘ ਦਾ ਇਸ ਵਰਕਸ਼ਾਪ ਨੂੰ ਆਯੋਜਿਤ ਕਰਨ ਵਿਚ ਬਹੁਮੁੱਲਾ ਯੋਗਦਾਨ ਰਿਹਾ।
ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਜ਼, ਸੈਮਨਿਾਰ, ਮਾਹਿਰ ਭਾਸ਼ਣ ਆਦਿ ਵਰਗੀਆਂ ਗਤੀਵਿਧੀਆਂ ਤਕਨੀਕੀ ਅਤੇ ਗੈਰ-ਤਕਨੀਕੀ ਪੜ੍ਹਾਈ ਦਾ ਅਨਿੱਖੜਵਾਂ ਅੰਗ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਮਾਹਿਰਾਂ ਦੇ ਤਜਰਬੇ ਤੋਂ ਵਿਦਿਆਰਥੀ ਵਰਗ ਬਹੁਤ ਕੁਝ ਸਿੱਖੇ, ਜਿਸ ਸਦਕਾ ਵਿਦਿਆਰਥੀਆਂ ਦੀ ਬਹੁਪੱਖੀ ਸਖਸ਼ੀਅਤ ਦਾ ਵਿਕਾਸ ਵੀ ਯਕੀਨੀ ਬਣਾਇਆ ਜਾ ਸਕੇ।
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਵਰਕਸ਼ਾਪ ਆਯੋਜਿਤ
This entry was posted in ਪੰਜਾਬ.