ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਵਿਸ਼ੇਸ਼ ਦੀਵਾਨ ਸਜਾਏ ਗਏ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥਿਆਂ, ਢਾਡੀ ਜੱਥਿਆਂ ਤੇ ਕਥਾ ਵਾਚਕਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਗਰੀਬ ਮਜ਼ਲੂਮਾਂ ਦੇ ਰੱਖਿਅਕ, ਸੂਰਬੀਰ ਯੋਧੇ, ਸਮਾਜ ਸੁਧਾਰਕ, ਸੰਤ ਸਿਪਾਹੀ, ਨਿਧੜਕ ਆਗੂ ਅਤੇ ਵਤਡੇ ਤਿਆਗੀ ਹੋਣ ਦੇ ਨਾਲ ਹੀ ਜਾਲਮਾਂ ਦਾ ਨਾਸ ਕਰਨ ਵਾਲੇ ਮਹਾਨ ਨਾਇਕ ਸਨ। ਉਨ੍ਹਾਂ ਨੇ ਇਸ ਮੌਕੇ ਬਿਰਧ ਆਸ਼ਰਮ ਵਿਖੇ 20 ਕਮਰੇ ਹੋਰ ਬਣਾਉਣ ਤੇ ਇਤਿਹਾਸਕ ਗੁਰਦੁਆਰਿਆਂ ਦੇ ਸੁੰਦਰੀਕਰਣ ਅਤੇ ਰਕਾਬ ਗੰਜ ਸਾਹਿਬ ਦੇ ਦੀਵਾਨ ਹਾਲ ਨੂੰ ਵੱਡਾ ਕਰਨ ਅਤੇ ਵਿਦਿਅਕ ਖੇਤਰ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੀ ਵੀ ਜਾਣਕਾਰੀ ਦਿੱਤੀ। ਜਨਰਲ ਸਕੱਤਰ ਮਨਜੀਤ ਸਿੰਘ ਸਿਰਸਾ ਨੇ ਵੀ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦੇ ਹੋਏ ਗੁਰੂ ਸਾਹਿਬ ਦੇ ਜੀਵਨ ਤੇ ਰੌਸ਼ਨੀ ਪਾਈ ਅਤੇ ਸਕੂਲੀ ਬੱਚਿਆਂ ਦੇ ਧਾਰਮਿਕ ਪ੍ਰਤੀ ਯੋਗਿਤਾ ਦੇ ਕੈਂਪ ਅਤੇ ਪੁਰਾਤਨ ਸ਼ਸਤਰਾਂ ਦੇ ਸਟਾਲਾਂ ਤੇ ਜਾ ਕੇ ਹੌਂਸਲਾ ਅਫਜਾਈ ਕੀਤੀ।
ਨਗਰ ਕੀਰਤਨ, ਗੁਰਪੁਰਬਾਂ ਤੇ ਹੋਰ ਇਤਿਹਾਸਕ ਦਿਹਾੜਿਆਂ ਤੇ ਸੇਵਾ ਕਰਨ ਵਾਲੀਆਂ ਨਿਸ਼ਕਾਮ ਜਥੇਬੰਦੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਦੇ ਨਾਲ ਹੀ ਸਮੂਹ ਖਾਲਸਾ ਸਕੂਲਾਂ ਤੇ ਖਾਲਸਾ ਪਬਲਿਕ ਸਕੂਲਾਂ ਵਿਖੇ ਰਾਗਾਂ ਤੇ ਆਧਾਰਿਤ ਕੀਰਤਨ ਸਿਖਾਉਣ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੰਗਤਾਂ ਨੂੰ ਨਾਮ ਸਿਮਰਨ ਕਰਵਾਇਆ।