ਨਵੀਂ ਦਿੱਲੀ- ਦਿੱਲੀ ਪੁਲਿਸ ਨੇ ਇਸ ਵਾਰ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਰਾਜਧਾਨੀ ਵਿੱਚ ਹੋ ਰਹੀਆਂ ਜੋਰਦਾਰ ਤਿਆਰੀਆਂ ਦੇ ਮੱਦੇਨਜ਼ਰ ਕੁਝ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਤਹਿਤ ਦਿੱਲੀ ਪੁਲਿਸ ਨੇ ਸੈਲੀਬਰੇਸ਼ਨ ਦੇ ਲਈ ਰਾਤ ਸਾਢੇ ਬਾਰਾਂ ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਹੈ।ਰਾਤ 12:30 ਤੋਂ ਬਾਅਦ ਸ਼ੋਰ ਸ਼ਰਾਬਾ ਅਤੇ ਪਾਰਟੀ ਕਰਨ ਵਾਲਿਆਂ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ।
ਦਿੱਲੀ ਪੁਲਿਸ ਦੇ ਉਚ ਅਧਿਕਾਰੀਆਂ ਅਨੁਸਾਰ ਨਵੇਂ ਸਾਲ ਦੇ ਜਸ਼ਨਾਂ ਦਾ ਬਹਾਨਾ ਬਣਾ ਕੇ ਅਪਰਾਧਿਕ ਵਾਰਦਾਤਾਂ ਕਰਨ ਵਾਲਿਆਂ ਅਤੇ ਹੁੜਦੰਗ ਮਚਾਉਣ ਵਾਲਿਆਂ ਪ੍ਰਤੀ ਦਿੱਲੀ ਪੁਲਿਸ ਕੋਈ ਲਾਪ੍ਰਵਾਹੀ ਨਹੀਂ ਵਰਤਣਾ ਚਾਹੁੰਦੀ। ਜਿਸ ਕਰਕੇ ਕੁਝ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਨਵੇਂ ਨਿਯਮਾਂ ਅਨੁਸਾਰ ਹੋਟਲ ਮੈਨੇਜਮੈਂਟ ਨੂੰ ਇਹ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਮਹਿਮਾਨਾਂ ਲਈ ਟੈਕਸੀ ਦਾ ਇੰਤਜਾਮ ਕਰਨ ਤਾਂ ਕਿ ਕੋਈ ਵੀ ਸ਼ਰਾਬ ਪੀ ਕੇ ਡਰਾਈਵ ਨਾਂ ਕਰੇ। ਇਸ ਦੇ ਲਈ 31 ਦਸੰਬਰ ਨੂੰ ਸਪੈਸ਼ਲ ਧਿਆਨ ਰੱਖਿਆ ਜਾਵੇਗਾ। ਰਾਤ ਨੂੰ ਨਾਕੇ ਲਗਾ ਕੇ ਚੈਕਿੰਗ ਕੀਤੀ ਜਾਵੇਗੀ।
ਹੋਟਲਾਂ ਅਤੇ ਕਲੱਬਾਂ ਵਾਲਿਆਂ ਨੂੰ ਇਹ ਹਿਦਾਇਤ ਦਿੱਤੀ ਗਈ ਹੈ ਕਿ ਉਹ ਕਿੰਨੀ ਮਾਤਰਾ ਵਿੱਚ ਸ਼ਰਾਬ ਸਰਵ ਕਰਨਗੇ। ਕਲੱਬ ਨੂੰ ਇਹ ਵੀ ਅਧਿਕਾਰ ਹੋਵੇਗਾ ਕਿ ਉਹ ਆਪਣੀ ਮਰਜ਼ੀ ਨਾਲ ਐਨਟਰੀ ਦੇਣ ਜਾਂ ਨਾਂ ਦੇਣ। ਨਾਈਟ ਕਲੱਬਾਂ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਸੀਸੀਟੀਵੀ ਕੈਮਰੇ ਲਗਾਉਣ ਅਤੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਹਰ ਵਿਅਕਤੀ ਦੀ ਪੂਰੀ ਜਾਣਕਾਰੀ ਦਾ ਰਿਕਾਰਡ ਰੱਖਣ ਲਈ ਵੀ ਹੋਟਲਾਂ ਅਤੇ ਕਲੱਬ ਦੇ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ।