ਦਿੱਲੀ:ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਦੇ ਨਾਂ ਇਕ ਬਿਆਨ ਵਿਚ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਪੇਸ਼ ਕੀਤੇ ਜਾਣ ਵਾਲੇ ਪੰਥਕ ਏਜੰਡੇ ਨੂੰ ਹਾਥੀ ਕੇ ਦਾਂਤ ਦਿਖਾਣੇ ਦੇ ਔਰ, ਔਰ ਖਾਣੇ ਕੇ ਔਰ ਕਰਾਰ ਦਿੱਤਾ । ਸ: ਸਰਨਾ ਨੇ ਬਾਦਲਕਿਆਂ ਦੇ ਬਦਲੇ ਵਤੀਰੇ ਨੂੰ ਇਕ ਦਿਖਾਵਾ ਕਰਾਰ ਦੇਂਦੇ ਹੋਏ, ਇਸ ਨੂੰ ਇਕ ਵਾਰੀ ਫਿਰ ਸਿੱਖ ਕੌਮ ਨਾਲ ਗਦਾਰੀ ਕਰਨ ਦੇ ਸਿਲਸਿਲੇ ਦੀ ਇਕ ਕੜੀ ਕਰਾਰ ਦਿੱਤਾ । ਸ: ਸਰਨਾ ਨੇ ਪੰਥਕ ਏਜੰਡੇ ਦੀ ਗੱਲ ਕਰਨ ਵਾਲੇ ਵਤੀਰੇ ਨੂੰ ਕੇਵਲ ਬੀ.ਜੇ.ਪੀ. ਵਲੋਂ ਦਿਖਾਈ ਜਾ ਰਹੀ ਬੇਰੁੱਖੀ ਤੇ ਬਾਦਲ ਅਕਾਲੀ ਦਲ ਵਲੋਂ ਵੋਟਾਂ ਦੀ ਖਾਤਰ ਮੋਦੀ ਸਰਕਾਰ ਦੁਆਰਾ ਵਧੇਰੇ ਆਰਥਿਕ ਸਹਾਇਤਾ ਪ੍ਰਾਪਤ ਕਰਨ ਦਾ ਹੱਥਕੰਢਾ ਹੀ ਕਰਾਰ ਦਿੱਤਾ ਅਤੇ ਇਸ ਨੀਤੀ ਤਹਿਤ ਸਿੱਖ ਹਿੱਤਾਂ ਦੀ ਇਕ ਵਾਰੀ ਫਿਰ ਕੁਰਬਾਨੀ ਦੇ ਕੇ, ਕੇਂਦਰ ਸਰਕਾਰ ਕੋਲੋਂ ਪਰਿਵਾਰਕ ਤੇ ਵਿਕੇ ਹੋਏ ਲੀਡਰਾਂ ਲਈ ਸਹੂਲਤਾਂ ਪ੍ਰਾਪਤ ਕਰਨ ਤੋਂ ਵੱਧ ਕੁਝ ਨਹੀਂ ।
ਸ:ਪਰਮਜੀਤ ਸਿੰਘ ਸਰਨਾ ਨੇ ਸਪੱਸ਼ਟ ਕੀਤਾ ਕਿ ਬਾਦਲਾਂ ਦੁਆਰਾ ਇਕ ਪਾਸੇ ਸਿੱਖ ਹਿੱਤਾਂ ਦੀ ਰਾਖੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਸਿੱਖਾਂ ਦੇ ਕੇਂਦਰੀ ਮੁੱਦੇ ਨਾਨਕਸ਼ਾਹੀ ਕੈਲੰਡਰ, ੮੪ ਦੇ ਦੰਗਿਆਂ ਦੇ ਦੋਸ਼ੀਆਂ ਦੀ ਪਹਿਚਾਣ ਲਈ ਐਸ.ਆਈ.ਟੀ.ਦੇ ਗਠਨ, ਪੰਜਾਬ ਦੀ ਜ਼੍ਹੇਲਾਂ ਵਿਚ ਬੰਦ ਸਿੱਖ ਨੌਜਵਾਨਾਂ ਨੂੰ ਬੰਦ ਰੱਖਣ, ਸ: ਭੁੱਲਰ, ਭਾਈ ਹਵਾਰਾ, ਭਾਈ ਰਾਜੇਵਾਲ ਆਦਿ ਦੀ ਰਿਹਾਈ ਸਬੰਧੀ ਚੁੱਪੀ ਧਾਰਨ ਕੀਤੀ ਹੋਈ ਹੈ ।
ਪੰਜਾਬ ਵਿਚ ਜਿੱਥੇ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੈ, ਉੱਥੇ ਸਿੱਖ ਹਿੱਤਾਂ ਦੀ ਗੱਲ ਨਾ ਕਰਨੀ ਤੇ ਪੰਜਾਬ ਸਰਕਾਰ ਦੁਆਰਾ ਸਿੱਖਾਂ ਦੀ ਮੰਗਾਂ ਦੀ ਪੂਰਤੀ ਕਰਨ ਦੀ ਥਾਂ ਸਿੱਖ ਨੌਜਵਾਨਾਂ ਨੂੰ ਬੇਦੋਸ਼ੇ ਤੇ ਝੂਠੇ ਮੁਕਾਬਲੇ ਬਨਾਉਣ ਵਾਲੇ ਪੁਲੀਸ ਅਫਸਰਾਂ ਨੂੰ ਰਾਜਨੀਤਕ ਲਾਭ ਪਹੁੰਚਾਣ ਦੀ ਰੁਚੀ ਨੂੰ ਖ਼ਤਮ ਕਰਨਾ ਹੋਵੇਗਾ । ਸੁਮੇਧ ਸਿੰਘ ਸੈਣੀ ਨੂੰ ਡੀ.ਜੀ.ਪੀ. ਬਨਾਉਣਾ ਤੇ ਇਜ਼ਹਾਰ ਆਲਮ ਤੇ ਉਸਦੀ ਪਤਨੀ ਨੂੰ ਰਾਜਨੀਤਕ ਲਾਭ ਪਹੁੰਚਾਣ ਲਈ ਅਕਾਲੀ ਦਲ ਦਾ ਹਿੱਸਾ ਬਨਾਉਣਾ ਦਰਅਸਲ ਸ: ਪ੍ਰਕਾਸ਼ ਸਿੰਘ ਬਾਦਲ ਦਾ ਅਸਲੀ ਪੰਥ ਵਿਰੋਧੀ ਚੇਹਰਾ ਹੈ ।
ਸ: ਸਰਨਾ ਨੇ ਆਪਣਾ ਬਿਆਨ ਜਾਰੀ ਰੱਖਦੇ ਹੋਏ ਮੁੱਖ ਮੰਤਰੀ ਬਾਦਲ ਦੀ ਇਨ੍ਹਾਂ ਲੂੰਬੜ ਚਾਲਾਂ ਤੋਂ ਪੰਥਕ ਸੋਚ ਰੱਖਣ ਵਾਲਿਆਂ ਨੂੰ ਸੁਚੇਤ ਕਰਦੇ ਹੋਏ, ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਛੁਪਿਆ ਦੁਸ਼ਮਣ ਵਧੇਰੇ ਨੁਕਸਾਨ ਕਰ ਸਕਦਾ ਹੈ ਕਿਉਂਕਿ ਸ: ਬਾਦਲ ਨੇ ਹੁਣ ਤੱਕ ਪੰਥ ਦੀਆਂ ਸੰਸਥਾਵਾਂ ਨੂੰ ਪੰਥ ਵਿਰੋਧੀ ਸ਼ਕਤੀਆਂ ਦੇ ਹੱਥ ਦੇ ਦਿੱਤਾ ਹੈ ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੀ ਸ਼ਾਮਲ ਹੈ । ਇਸ ਦੇ ਨਾਲ ਹੀ ਸਿੱਖ ਪੰਥ ਦੇ ਮਾਣ ਮਤੇ ਰਾਜਨੀਤਕ ਇਤਿਹਾਸ ਨੂੰ ਕਲੰਕਤ ਕਰਦੇ ਹੋਏ, ਇਸ ਦੇ ਅਹੁੱਦੇਦਾਰਾਂ ਤੇ ਸਮਾਗਮਾਂ ਵਿਚ ਗੈਰ-ਸਿੱਖ, ਨਸ਼ੇ ਦੇ ਵਪਾਰੀ ਤੇ ਮੁਜਰਮਾਨਾ ਪਿਛੋਕੜ ਵਾਲਿਆਂ ਨੂੰ ਸ਼ਾਮਲ ਕੀਤਾ ਹੈ ।
ਸ: ਸਰਨਾ ਨੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਹੈ, ਉਹ ਬਾਦਲਾਂ ਦੀ ਚਾਲਾਂ ਤੋਂ ਬੱਚ ਕੇ, ਬਾਦਲਕਿਆਂ ਦਾ ਇਕ ਬਦਲ ਤਿਆਰ ਕਰਨ ਜਿਸ ਵਿਚ ਇਨ੍ਹਾਂ ਨੂੰ ਸ਼ਾਮਲ ਨਾ ਕੀਤਾ ਜਾਵੇ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਮਜਬੂਰ ਕੀਤਾ ਜਾਵੇ ਕਿ ਜੋ ਉਨ੍ਹਾਂ ਨੂੰ ਪੰਥਕ ਹਿੱਤ ਪਿਆਰੇ ਹਨ ਤਾਂ ਉਹ ਅਸਤੀਫੇ ਦੇ ਕੇ, ਪੰਥ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਤੋਬਾ ਕਰਨ ।
ਸ: ਪਰਮਜੀਤ ਸਿੰਘ ਸਰਨਾ ਨੇ ਸਿੰਘ ਸਾਹਿਬ ਸ: ਬਲਵੰਤ ਸਿੰਘ ਨੰਦਗੜ੍ਹ, ਭਾਈ ਗੁਰਬਖ਼ਸ਼ ਸਿੰਘ ਤੇ ਦੂਸਰੀਆਂ ਪੰਥ ਦੀਆਂ ਸੰਘਰਸ਼ਸ਼ੀਲ ਜੱਥੇਬੰਦੀਆਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਤਾਂ ਕਿ ਇਕ ਜੁੱਟਤਾ ਰਾਹੀਂ ਹੀ ਪੰਥਕ ਹਿੱਤਾਂ ਨੂੰ ਬਾਦਲਕਿਆਂ ਦੀਆਂ ਪੰਥ ਵਿਰੋਧੀ ਕਾਰਵਾਈਆਂ ਤੋਂ ਬਚਾਇਆ ਜਾ ਸਕਦਾ ਹੈ ।