ਅੰਮ੍ਰਿਤਸਰ – ਜਲੰਧਰ ਦੇ ਸੇਂਟ ਜੋਸਫ ਸੀਨੀਅਰ ਸਕੂਲ ਡਿਫੈਂਸ ਕਲੌਨੀ ਤੇ ਸੇਂਟ ਜੋਸਫ ਕਾਨਵੈਂਟ ਸਕੂਲ ਦੇ ਪ੍ਰਬੰਧਕਾਂ ਵੱਲੋਂ ਆਪਣੇ ਸਕੂਲਾਂ ‘ਚ ਪੜ੍ਹਨ ਵਾਲੇ ਬੱਚਿਆਂ ਤੇ ਪੰਜਾਬੀ ਭਾਸ਼ਾ ਬੋਲਣ ਤੇ ਲਗਾਈ ਪਬੰਦੀ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਤੇ ਪ੍ਰਬੰਧਕਾਂ ਨੂੰ ਜੋਰ ਦੇ ਕੇ ਕਿਹਾ ਹੈ ਕਿ ਇਹ ਆਪ ਹੁਦਰਾ ਫੈਸਲਾ ਤੁਰੰਤ ਵਾਪਸ ਲੈਣ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਹੈ ਕਿ ਜਥੇਦਾਰ ਅਵਤਾਰ ਸਿੰਘ ਜੀ ਪਾਸ ਸ਼ਿਕਾਇਤ ਪੁੱਜੀ ਹੈ ਕਿਜਲੰਧਰ ਦੇ ਸੇਂਟ ਜੋਸਫ ਸੀਨੀਅਰ ਸਕੂਲ ਡਿਫੈਂਸ ਕਲੌਨੀ ਤੇ ਸੇਂਟ ਜੋਸਫ ਕਾਨਵੈਂਟ ਸਕੂਲ ਕੈਂਟੋਨਮੈਂਟਵਿੱਚ ਪੜ੍ਹਨ ਵਾਲੇ ਬੱਚਿਆਂ ਤੇ ਪੰਜਾਬੀ ਭਾਸ਼ਾ ਬੋਲਣ ਤੇ ਪਾਬੰਧੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਕੂਲ ਸਬੰਧਤ ਸੂਬੇ ਦੀ ਭਾਸ਼ਾ ਬੋਲਣ ਤੇ ਪਾਬੰਧੀ ਨਹੀਂ ਲਗਾ ਸਕਦਾ। ਜੇਕਰ ਕੋਈ ਸਕੂਲ ਅਜਿਹਾ ਕਰਦਾ ਹੈ ਤਾਂ ਉਹ ਸਬੰਧਤ ਸਰਕਾਰ ਦੇ ਨਿਰਦੇਸ਼ਾਂ ਦੀ ਹੁਕਮ ਅਦੂਲੀ ਹੈ। ਉਨ੍ਹਾਂ ਕਿਹਾ ਕਿ ਕਾਨਵੈਂਟ ਸਕੂਲਾਂ ਦਾ ਇਹ ਫਰਜ਼ ਹੈ ਕਿ ਉਹ ਆਪਣੇ ਸਕੂਲਾਂ ‘ਚ ਬੱਚਿਆਂ ਨੂੰ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਪਰ ਸੂਬੇ ਦੀ ਮਾਤ ਭਾਸ਼ਾ ਪੰਜਾਬੀ ਹੈ ਇਸ ਦੇ ਬੋਲਣ ਤੇ ਪਾਬੰਦੀ ਨਾ ਲਗਾਉਣ।ਉਨ੍ਹਾਂ ਕਿਹਾ ਕਿ ਸੰਸਥਾਵਾਂ ਵੱਲੋਂ ਆਪਣੇ ਸਕੂਲਾਂ ‘ਚ ਅਜਿਹੇ ਨਾਦਰਸ਼ਾਹੀ ਫੁਰਮਾਨਾ ਨਾਲ ਸਕੂਲਾਂ ਪ੍ਰਤੀ ਲੋਕਪ੍ਰੀਯਤਾ ਘਟੇਗੀ। ਉਨ੍ਹਾਂ ਕਿਹਾ ਕਿ ਜਲੰਧਰ ਦੇ ਇਨ੍ਹਾਂ ਦੋਵਾਂ ਸਕੂਲਾਂ ਦੇ ਇਸ ਘਟੀਆ ਰਵੱਈਏ ਪ੍ਰਤੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਹਰੇਕ ਪੰਜਾਬੀ ਦੇ ਮਨ ਵਿਚ ਰੋਸ ਤੇ ਰੋਹ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਪੰਜਾਬੀਆਂ ਦਾ ਇਹ ਰੋਹ ਸਕੂਲਾਂ ਦੇ ਫੈਸਲਿਆਂ ਖਿਲਾਫ਼ ਭਾਂਬੜ ਬਣ ਜਾਵੇ ਸਕੂਲ ਪ੍ਰਬੰਧਕ ਤੁਰੰਤ ਆਪਣਾ ਫੈਸਲਾ ਵਾਪਸ ਲੈਣ ਤੇ ਅੱਗੇ ਤੋਂ ਯਕੀਨੀ ਬਨਾਉਣ ਕਿ ਅਜਿਹੇ ਨਾਦਰਸ਼ਾਹੀ ਫੈਸਲੇ ਕਰਨ ਦੀ ਬਜਾਏ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣਗੇ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਦਾਖਲੇ ਲਈ ਛਾਪੇ ਪ੍ਰਾਸਪੈਕਟਸ ਵਿਚੋਂ ਵੀ ਪੰਜਾਬੀ ਨਾ ਬੋਲਣ ਪ੍ਰਤੀ ਰੱਖੀ ਸ਼ਰਤ ਤੁਰੰਤ ਖਾਰਜ ਕੀਤੀ ਜਾਵੇ।
ਅਖੀਰ ‘ਚ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਹ ਸਕੂਲ ਆਪਣਾ ਅੜੀਅਲ ਰਵੱਈਆ ਜਾਰੀ ਰੱਖਦੇ ਹਨ ਤਾਂ ਇਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।