ਨਨਕਾਣਾ ਸਾਹਿਬ, (ਗੁਰੂ ਜੋਗਾ ਸਿੰਘ) – ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਨਨਕਾਣਾ ਸਾਹਿਬ ਦੀਆਂ ਸੰਗਤਾਂ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨਾਨਕਸਾਹੀ ਕੈਲੰਡਰ ਅਨੁਸਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਦਿਹਾੜੇ ਦੇ ਸਬੰਧ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਸਾਹਿਬ ਵਿਖੇ ਮੱਥਾ ਟੇਕਿਆ।ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ।ਵੱਖ-ਵੱਖ ਕੀਰਤਨੀ ਜੱਥਿਆਂ ਵੱਲੋਂ ਰਸ-ਭਿੰਨੜਾ ਕੀਰਤਨ ਕੀਤਾ ਗਿਆ। ਨਨਕਾਣਾ ਸਾਹਿਬ ਦੇ ਪ੍ਰਸਿੱਧ ਢਾਡੀ ਭਾਈ ਗੁਰਮਸਤੱਕ ਸਿੰਘ ਖਾਲਸਾ ਦੇ ਜਥੇ ਵੱਲੋਂ ‘ਮੇਰੇ ਬਾਜਾਂ ਵਾਲੇ ਮਾਹੀ ਦਾ ਇਹ ਲੁੱਟ ਲਿਆ ਪੰਥ ਗਦਾਰਾਂ ਨੇ’ ਢਾਡੀ ਵਾਰਾਂ ਰਾਹੀਂ ਪੰਥ ਦੀ ਆਪਸੀ ਫੁੱਟ ਕਾਰਨ ਹੋ ਰਹੇ ਨੁਕਸਾਨ ਬਾਰੇ ਚਾਨਣ ਪਾਇਆ। ਸ੍ਰ. ਦਿਲਾਵਰ ਸਿੰਘ ਪ੍ਰਧਾਨ ਯੰਗ ਸਿੱਖ ਪੈਂਥਰਸ ਨੇ ਸ੍ਰੀਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇਤਹਾਸ ਤੇ ਖ਼ਾਲਸਾ ਪੰਥ ਦੀ ਘਟਨਾ ਦੇ ਪ੍ਰਸੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕਰਕੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ। ਇਸ ਮੌਕੇ ‘ਤੇ ਸ੍ਰ. ਗੋਪਾਲ ਸਿੰਘ ਚਾਵਲਾ ਜਨਰਲ ਸੈਕਟਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਬਿਕਰਮੀ ਕੈਲੰਡਰ ਤੇ ਨਾਨਕਸ਼ਾਹੀ ਕੈਲੰਡਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਕਿਹਾ ਕਿ ਅਸੀਂ ਆਰ. ਐਸ. ਐਸ. ਤੇ ਹੋਰ ਬ੍ਰਹਾਮਣਵਾਦੀ ਪੰਥ ਵਿਰੋਧੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣਾ ਜਾਣਦੇ ਹਾਂ ਤੇ ਉਸ ਕਿਸੇ ਵੀ ਤਾਕਤ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਜੋ ਪੰਥ ਨੂੰ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਵੰਡਣਾ ਚਾਹੁੰਦੀ ਹੈ। ਸ੍ਰ. ਰਮੇਸ਼ ਸਿੰਘ ਅਰੋੜਾ ਐ.ਪੀ.ਏ ਪੰਜਾਬ ਅਸੈਬਲੀ ਪਾਕਿਸਤਾਨ ਨੇ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ ਅਤੇ ਨਨਕਾਣਾ ਸਾਹਿਬ ਦੀਆਂ ਸੰਗਤਾਂ ਲਈ ਉਹਨਾਂ ਨੇ ਵੀਹ ਲੱਖ ਰੁਪੈ ਦੇਣ ਦਾ ਐਲਾਨ ਕੀਤਾ ਤੇ ਕਿਹਾ ਸੰਗਤਾਂ ਇਸ ਮਾਇਆ ਨੂੰ ਜਿਸ ਕੰਮ ਲਈ ਬਿਹਤਰ ਸਮਝਣ ਉਥੇ ਲਗਾ ਲੈਣ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਉਹਨਾਂ ਨੇ ਵੀ ਨਾਨਕਸਾਹੀ ਕੈਲੰਡਰ ਪੁਰੇਵਾਲ ਦੀ ਹਮਾਇਤ ਕੀਤੀ। ਪ੍ਰੋ. ਕਲਿਆਣ ਸਿੰਘ ਜੀ ਨੇ ਵੀ ਸੰਗਤਾਂ ਨੂੰ ਨਾਨਕਸ਼ਾਹੀ ਕੈਲੰਡਰ ਦੀ ਮਹੱਤਤਾ ਅਤੇ ਇਸ ਨਾਲ ਸਿੱਖ ਪੰਥ ਦੀ ਵਖਰੀ ਹੋਂਦ ਕਿਸ ਤਰ੍ਹਾਂ ਹੈ ਬਾਰੇ ਦੱਸਦਿਆਂ ਕਿਹਾ ਕਿ ਇਹ ਮਸਲਾ ਸ੍ਰੋਮਣੀ ਕਮੇਟੀ ਜਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਹੀਂ ਬਲਕਿ ਖਾਲਸਾ ਪੰਥ ਦੀ ਵਖਰੀ ਹੋਂਦ ਦਾ ਮਸਲਾ ਹੈ। ਉਹਨਾਂ ਨੇ ਕਿਹਾ ਪਾਕਿਸਤਾਨੀ ਸੰਗਤਾਂ ਵੱਲੋਂ ਅੱਜ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਸ ਦਿਨ ਨੂੰ ਮਨ੍ਹਾ ਕੇ ਸਬੂਤ ਦੇ ਦਿੱਤਾ ਹੈ ਕਿ ਬਾਬੇ ਨਾਨਕ ਦੀ ਸੰਗਤ ਗੁਰੂ ਨਾਨਕ ਤੇ ਨਾਨਕਸ਼ਾਹੀ ਨੂੰ ਪਿਆਰ ਕਰਦੀ ਹੈ। ਇਸ ਮੌਕੇ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਰਵੈਰ ਖਾਲਸਾ ਗੱਤਕਾ ਦਲ ਦੇ ਮੈਂਬਰਾਂ, ਯੰਗ ਸਿੱਖ ਪੈਂਥਰਸ ਦੇ ਮੈਂਬਰਾਂ, ਕੀਰਤਨੀਆਂ, ਕਵੀਆਂ, ਗ੍ਰੰਥੀ ਸਿੰਘਾਂ ਤੇ ਸੇਵਾਦਾਰਾਂ ਨੂੰ ਸਿਰੋਪਾਉ ਵੀ ਦਿੱਤੇ ਗਏ। ਅਖੀਰ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸ਼ਾਮ ਸਿੰਘ ਜੀ ਨੇ ਨਨਕਾਣਾ ਸਾਹਿਬ ਅਤੇ ਦੇਸ਼-ਵਿਦੇਸ਼ਾਂ ਵਿੱਚ ਵਸਣ ਵਾਲੀਆਂ ਸਿੱਖ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਗੁਰਪੁਰਬ ਮਨਾਇਆ ਕਰੇਗੀ ਕਿਉਂ ਕਿ ਜਦੋਂ ਕੋਈ ਸਿੱਖ ਪੰਥ ਦੇ ਫੈਸਲੇ ਲੈਣ ਦੀ ਵਾਰੀ ਆਉਂਦੀ ਹੈ ਤਾਂ ਸ੍ਰੋਮਣੀ ਕਮੇਟੀ ਜਾਂ ਉਥੋਂ ਦੇ ਸਰਕਾਰੀ ਬੰਦਿਆਂ ਦਾ ਟੋਲਾ ਬੰਦ ਕਮਰੇ ‘ਚ ਆਪ ਹੀ ਪੰਥ ਦੇ ਫੈਸਲੇ ਕਰ ਲੈਂਦੇ ਨੇ ਤੇ ਬਾਅਦ ਵਿਚ ਸਾਡੇ ਤੇ ਰੋਹਬ ਝਾੜਨ ਦੀ ਕੋਸ਼ਿਸ਼ ਕਰਦੇ ਨੇ ਜੋ ਕਿ ਪਾਕਿਸਤਾਨੀ ਸਿੱਖਾਂ ਵੱਲੋਂ ਕਦੀ ਵੀ ਨਹੀਂ ਮੰਨਿਆ ਗਿਆ। ਮਸਲਾ ਚਾਹੇ ਨਾਨਕਸ਼ਾਹੀ ਕੈਲੰਡਰ ਦਾ ਹੋਵੇ ਜਾਂ ਕੋਈ ਹੋਰ ਸ੍ਰੋਮਣੀ ਕਮੇਟੀ ਨੇ ਕਦੀ ਵੀ ਸਾਡੀ ਕੋਈ ਸਲਾਹ ਨਹੀਂ ਲਈ ਬਲਕਿ ਸ਼ੁਰੂ ਤੋਂ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਢਿੱਡੋਂ ਨਹੀਂ ਮੰਨਿਆ । ਉਹਨਾਂ ਨੇ ਇਸ ਮੌਕੇ ‘ਤੇ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਜਿਸ ਤੇਜ਼ੀ ਨਾਲ ਤਰੱਕੀ ਦੇ ਕੰਮ ਹੋਏ ਹਨ ਉਨ੍ਹਾਂ ਬਾਰੇ ਜਾਣਕਾਰੀ ਵੀ ਦਿੱਤੀ ਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਸੇਵਾ ਲਈ ਹਰ ਪ੍ਰਕਾਰ ਦੀਆਂ ਸਹੂਲਤਾਂ ਪ੍ਰਦਾਨ ਕਰੇਗੀ।ਮਹਿਕਮਾ ਔਕਾਫ਼ ਦੇ ਡਿਪਟੀ ਸੈਕਟਰੀ ਫਰਾਜ਼ ਅਬਾਸ ਸਾਹਿਬ ਨੇ ਵੀ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਲੱਖ-ਲੱਖ ਵਧਾਈ ਦਿੱਤੀ।
ਇਸ ਮੌਕੇ ‘ਤੇ ਮੀਡੀਏ ਨਾਲ ਗੱਲਬਾਤ ਕਰਦਿਆਂ ਗਿਆਨੀ ਜਨਮ ਸਿੰਘ ਜੀ ਕਿਹਾ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਮਨਾਉਂਦਿਆਂ ਅਸੀਂ ਮੁਸਲਮਾਨ ਬਜ਼ੁਰਗਾਂ ਪੀਰ ਭੀਖਣ ਸ਼ਾਹ ਜੀ, ਪੀਰ ਬੁੱਧੂ ਸ਼ਾਹ ਜੀ, ਨਬੀ ਖਾਨ ਗਨੀ ਖਾਨ, ਛੋਟੇ ਸਾਹਿਬਜ਼ਾਦਿਆਂ ਲਈ ਹੱਕ ਦਾ ਨਾਹਰਾ ਮਾਰਨ ਵਾਲੇ ਸ਼ੇਰ ਮੁਹੰਮਦ ਖਾਨ ਅਤੇ ਰਾਇ ਕੱਲਾ ਜੀ ਨੂੰ ਅਗਰ ਯਾਦ ਨਹੀਂ ਕਰਦੇ ਤਾਂ ਸਮਝੋ ਇਹ ਸਾਡਾ ਗੁਰਪੁਰਬ ਮਨਾਇਆ ਅਧੂਰਾ ਹੈ ਕਿਉਂਕਿ ਇਹੋ ਜਿਹੇ ਮਹਾਨ ਬਜ਼ੁਰਗਾਂ ਕਰਕੇ ਹੀ ਸਿੱਖ ਅਤੇ ਮੁਸਲਮਾਨ ਧਰਮ ਦੇ ਪਿਆਰ ਦੀ ਸਾਂਝ ਮਜਬੂਤ ਹੋਈ ਜਿਸ ਨੂੰ ਅੱਜ ਹੋਰ ਮਜਬੂਤ ਕਰਨ ਤੇ ਵੀ ਜੋਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਦਹਿਸ਼ਤਗਰਦੀ ਦੇ ਖਿਲਾਫ਼ ਸਾਨੂੰ ਸਭ ਨੂੰ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।।
ਇਸ ਮੌਕੇ ਤੇ ਪਾਕਿਸਤਾਨ ਸਰਕਾਰ, ਪਾਕਿਸਤਾਨੀ ਮੀਡੀਆ, ਔਕਾਫ਼ ਬੋਰਡ ਅਤੇ ਵਿਸ਼ੇਸ਼ ਤੌਰ ‘ਤੇ ਦੂਸਰੇ ਸ਼ਹਿਰਾਂ ਤੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਪਾਕਿਸਤਾਨ ਅਤੇ ਵਿਸ਼ਵ ਭਰ ਵਿਚ ਅਮਨ-ਸ਼ਾਂਤੀ ਲਈ ਅਰਦਾਸ ਕੀਤੀ ਗਈ। ਦੀਵਾਨ ਦੀ ਸਮਾਪਤੀ ਤੋਂ ਬਾਅਦ ਨਿਰਵੈਰ ਖਾਲਸਾ ਗੱਤਕਾ ਦਲ ਦੇ ਮੈਂਬਰਾਂ ਵੱਲੋਂ ਗੱਤਕੇ ਦੇ ਜੌਹਰ ਦਿੱਖਾ ਕੇ ਸੰਗਤਾਂ ਅਤੇ ਮੀਡੀਏ ਦੇ ਲੋਕਾਂ ਨੂੰ ਮੂੰਹ ਵਿਚ ਉਂਗਲਾਂ ਪਾਉਣ ਤੇ ਮਜਬੂਰ ਕਰ ਦਿੱਤਾ।
ਅਰਦਾਸ, ਗੱਤਕੇ ਤੋਂ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।