ਅੰਮ੍ਰਿਤਸਰ – ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਰਸੇ ਵਾਲੇ ਗੁਰਮੀਤ ਰਾਮ ਰਹੀਮ ਦੀ ਫ਼ਿਲਮ ‘ਮੈਸੰਜਰ ਆਫ ਗੌਡ’ ਦੀ ਤਾਰੀਫ ਕਰਨ ਸਬੰਧੀ ਮਾਨਯੋਗ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਵੱਲੋਂ ਕਿਸੇ ਸ਼ਰਾਰਤੀ ਅਨਸਰ ਨੇ ਸੋਸ਼ਲ ਸਾਈਟ (ਵਟਸ ਐਪ) ਦੇ ਸੰਦੇਸ਼ ਬਣਾ ਕੇ ਪਾਇਆ ਜਿਸ ਵਿੱਚ ਪ੍ਰਧਾਨ ਸਾਹਿਬ ਵੱਲੋਂ ਇਸ ਫ਼ਿਲਮ ਦੀ ਤਾਰੀਫ ਕਰਦਿਆਂ ਇਸ ਨੂੰ ਨਸ਼ਿਆਂ ਵਿਰੁੱਧ ਤੇ ਸਿੱਖੀ ਦੇ ਪ੍ਰਚਾਰ ਵਾਲੀ ਦੱਸਿਆ ਹੈ ਜੋ ਸਰਾਸਰ ਗਲਤ ਤੇ ਗੁੰਮਰਾਹ ਕਰਨ ਵਾਲਾ ਹੈ।ਸਿੱਖ ਸੰਗਤਾਂ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਪਾਏ ਇਸ ਸੰਦੇਸ਼ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਸ. ਰੂਪ ਸਿੰਘ ਸਕੱਤਰ ਨੇ ਸਪੱਸ਼ਟ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ਫ਼ਿਲਮ ਦੀਆਂ ਜੋ ਝਲਕੀਆਂ ਦਿਖਾਈਆਂ ਜਾ ਰਹੀਆਂ ਹਨ ਉਸ ਤੋਂ ਹੀ ਲਗਦਾ ਹੈ ਕਿ ਇਹ ਫ਼ਿਲਮ ਸਿੱਖ ਪ੍ਰੰਪਰਾਵਾਂ ਦੇ ਅਨੂਕੁਲ ਨਹੀਂ।ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਵੀ ਪ੍ਰਧਾਨ ਸਾਹਿਬ ਜੀ ਨੇ ਸਪੱਸ਼ਟ ਕੀਤਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਇਸ ਫ਼ਿਲਮ ਨੂੰ ਸ਼੍ਰੋਮਣੀ ਕਮੇਟੀ ਵੇਖੇਗੀ ਅਤੇ ਫ਼ਿਲਮ ਵੇਖਣ ਉਪਰੰਤ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਕਿਸੇ ਸ਼ਰਾਰਤੀ ਅਨਸਰ ਨੇ ਸੋਸ਼ਲ ਸਾਈਟ (ਵਟਸ ਐਪ) ਤੇ ਪ੍ਰਧਾਨ ਸਾਹਿਬ ਵੱਲੋਂ ਫ਼ਿਲਮ ਦੀ ਤਾਰੀਫ ‘ਚ ਸੰਦੇਸ਼ ਬਣਾ ਕੇ ਪਾਇਆ ਹੈ ਜਿਸ ਦੀ ਅਸੀਂ ਸਖ਼ਤ ਨਿਖੇਧੀ ਕਰਦਿਆਂ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਅਜਿਹੇ ਸੰਦੇਸ਼ ਤੋਂ ਸੁਚੇਤ ਰਹਿਣ ।ਉਨ੍ਹਾਂ ਕਿਹਾ ਕਿ ਜਲਦੀ ਹੀ ਸਾਈਬਰ ਕ੍ਰਾਈਮ ਸੈਲ ਨੂੰ ਲਿਖਿਆ ਜਾਵੇਗਾ ਕਿ ਇਸ ਸ਼ਰਾਰਤੀ ਅਨਸਰ ਦਾ ਪਤਾ ਲਗਾ ਕੇ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ ।
ਸਰਸੇ ਵਾਲੇ ਦੀ ਫ਼ਿਲਮ ਸਬੰਧੀ ਕਿਸੇ ਸ਼ਰਾਰਤੀ ਵੱਲੋਂ ਸੋਸ਼ਲ ਸਾਈਟ ‘ਤੇ ਪਾਏ ਸੰਦੇਸ਼ ਤੋਂ ਸਿੱਖ ਸੰਗਤਾਂ ਸੁਚੇਤ ਰਹਿਣ : ਰੂਪ ਸਿੰਘ
This entry was posted in ਪੰਜਾਬ.