ਪੈਰਿਸ : ਫਰਾਂਸ ਵਿੱਚ ਪਬਲਿਸ਼ ਹੋਣ ਵਾਲੀ ਇੱਕ ‘ਚਾਰਲੀ ਹੇਬਦੋ’ ਮੈਗਜੀਨ ਦੇ ਰਾਜਧਾਨੀ ਪੈਰਿਸ ‘ਚ ਸਥਿਤ ਦਫਤਰ ਤੇ ਕੁਝ ਅਣਪਛਾਤੇ ਹੱਥਿਆਰਬੰਦਾਂ ਨੇ ਗੋਲੀਬਾਰੀ ਕਰਕੇ 12 ਲੋਕਾਂ ਨੂੰ ਮਾਰ ਦਿੱਤਾ ਹੈ ਅਤੇ 7 ਗੰਭੀਰ ਰੂਪ ਵਿੱਚ ਜਖਮੀ ਹੋਏ ਹਨ। ਸਥਾਨਕ ਪੁਲਿਸ ਅਧਿਕਾਰੀਆਂ ਨੇ 10 ਪੱਤਰਕਾਰਾਂ ਅਤੇ 2 ਪੁਲਿਸ ਕਰਮਚਾਰੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਮੈਗਜ਼ੀਨ ਦਾ ਸੰਪਾਦਕ ਵੀ ਇਸ ਹਮਲੇ ਵਿੱਚ ਮਾਰਿਆ ਗਿਆ ਹੈ।ਫਰਾਂਸ ਵਿੱਚ ਹਾਈ ਅਲਰਟ ਲਾਗੂ ਕਰ ਦਿੱਤਾ ਗਿਆ ਹੈ ਅਤੇ ਜੰਗੀ ਪੱਧਰ ਤੇ ਹਮਲਾਵਰਾਂ ਦੀ ਤਲਾਸ਼ ਜਾਰੀ ਹੈ। ਫਰਾਂਸ ਦੇ ਰਾਸ਼ਟਰਪਤੀ ਓਲਾਂਦ ਨੇ ਇਸ ਨੂੰ ਕਾਇਰਤਾ ਵਾਲਾ ਅੱਤਵਾਦੀ ਹਮਲਾ ਦੱਸਦੇ ਹੋਏ ਇਸ ਦੀ ਨਿੰਦਿਆ ਕੀਤੀ।
ਪੁਲਿਸ ਅਨੁਸਾਰ ਮੈਗਜ਼ੀਨ ਦੇ ਆਫਿਸ ਤੇ ਕਲਾਸਿ਼ਕੋਵ ਰਾਈਫ਼ਲਾਂ ਅਤੇ ਰਾਕਿਟ ਲਾਂਚਰਾਂ ਨਾਲ ਹਮਲਾ ਕੀਤਾ ਗਿਆ। ਜਿਸ ਸਮੇਂ ਹਮਲਾ ਕੀਤਾ ਗਿਆ ਉਸ ਵੇਲੇ ਆਫਿਸ ਵਿੱਚ ਐਡੀਟੋਰੀਅਲ ਮੀਟਿੰਗ ਚਲ ਰਹੀ ਸੀ। ਇਸ ਹਮਲੇ ਵਿੱਚ 4 ਪ੍ਰਸਿੱਧ ਕਾਰਟੂਨਿਸਟ ਮਾਰੇ ਗਏ ਹਨ। ਹਮਲਾਵਰਾਂ ਨੇ ਕਾਲੇ ਮਾਸਕ ਪਹਿਨੇ ਹੋਏ ਸਨ ਅਤੇ ਚਾਰਲੀ ਹੇਬਦੋ ਦੇ ਦਫਤਰ ਵਿੱਚ ਵੜਦਿਆਂ ਸਾਰ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ।ਟੈਰਿਸਟਾਂ ਨੇ ਆਫਿਸ ਦੇ ਨਜ਼ਦੀਕ ਖੜੀਆਂ ਪੁਲਿਸ ਦੀਆਂ ਗੱਡੀਆਂ ਤੇ ਵੀ ਗੋਲੀਬਾਰੀ ਕੀਤੀ। ਘਿਨੌਣੀ ਵਾਰਦਾਤ ਕਰਨ ਤੋਂ ਬਾਅਦ ਹਮਲਾਵਰ ਕਾਲੇ ਰੰਗ ਦੀ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ। ਕੁਝ ਦੇਰ ਪਿੱਛੋਂ ਉਨ੍ਹਾਂ ਵੱਲੋਂ ਵਰਤੀ ਗਈ ਕਾਰ ਵੀ ਬਰਾਮਦ ਹੋ ਗਈ ਪਰ ਅੱਤਵਾਦੀ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।
‘ਚਾਰਲੀ ਹੇਬਦੋ’ ਨਾਂ ਦੀ ਇਹ ਮੈਗਜ਼ੀਨ 2011 ਵਿੱਚ ਪੈਗੰਬਰ ਮੁਹੰਮਦ ਦੇ ਮਜਾਕੀਆ ਕਾਰਟੂਨ ਛਾਪਣ ਕਰਕੇ ਸੁਰਖੀਆਂ ਵਿੱਚ ਆਈ ਸੀ। ਇਸ ਮੈਗਜ਼ੀਨ ਨੇ ਪਿੱਛਲੇ ਸਾਲ ਆਪਣੇ ਕਵਰ ਪੇਜ਼ ਤੇ ਇਸਲਾਮਿਕ ਸਟੇਟ ਦੇ ਖਲੀਫ਼ਾ ਅਬੂ ਬਕਰ ਅਲ-ਬਗਦਾਦੀ ਦਾ ਮਜ਼ਾਕੀਆ ਕਾਰਟੂਨ ਵੀ ਛਾਪਿਆ ਸੀ। ਅੱਖੀਂ ਵੇਖਣ ਵਾਲਿਆਂ ਅਨੁਸਾਰ ਹਮਲਾ ਕਰਨ ਤੋਂ ਬਾਅਦ ਹੱਥਿਆਰਬੰਦਾਂ ਨੇ ਅੱਲਾ-ਹੂ-ਅਕਬਰ ਦਾ ਉਚਾਰਣ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਪੈਗੰਬਰ ਦੇ ਅਪਮਾਨ ਦਾ ਬਦਲਾ ਲੈ ਲਿਆ ਹੈ।