ਫਤਿਹਗੜ੍ਹ ਸਾਹਿਬ – “ ਜਦੋਂ ਮੈਂ ਪੁਲਿਸ ਸਰਵਿਸ ਵਿਚ ਫਰੀਦਕੋਟ ਤਾਇਨਾਤ ਸੀ ਤਾਂ ਉਸ ਸਮੇਂ ਸ. ਜਗਮੀਤ ਸਿੰਘ ਬਰਾੜ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸਦੀ ਗ੍ਰਿਫਤਾਰੀ ਸਮੇਂ ਦੌਰਾਨ ਹੋਈ ਜਾਂਚ ਵਿਚ ਤਾਂ ਉਸ ਦੇ ਕਿਸੇ ਵੀ ਸਰੀਰਿਕ ਅੰਗ ਉਤੇ ਖਾਲਿਸਤਾਨ ਨਹੀਂ ਸੀ ਉਕਰਿਆ ਹੋਇਆ। ਜੋ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਮੌਜੂਦਾ ਸੰਸਦ ਮੈਂਬਰ ਨੇ ਸ. ਬਰਾੜ ਦੀ ਬਾਂਹ ਉਤੇ ਖਾਲਿਸਤਾਨ ਸ਼ਬਦ ਲਿਖੇ ਹੋਣ ਦਾ ਸੰਕੇਤ ਦਿੰਦੇ ਹੋਏ ਕਿਹਾ ਹੈ ਕਿ ਉਹ ਇਸੇ ਕਰਕੇ ਆਪਣੀਆਂ ਬਾਹਾਂ ਉਤੇ ਪੂਰੀਆਂ ਬਾਹਾਂ ਵਾਲਾ ਹੀ ਕਮੀਜ ਪਹਿਨ ਕੇ ਰੱਖਦੇ ਹਨ। ਤਾਂ ਕਿ ਖਾਲਿਸਤਾਨ ਦਾ ਸ਼ਬਦ ਕਿਸੇ ਦੇ ਨੋਟਿਸ ਵਿਚ ਨਾਂ ਆਵੇ। ਇਸ ਬਾਰੇ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਸਪੱਸ਼ਟ ਕਰ ਸਕਦੇ ਹਨ। ਹਾਂ ਕੈਪਟਨ ਅਮਰਿੰਦਰ ਸਿੰਘ ਨੇ 1 ਮਈ 1994 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਵਚਨ ਅਤੇ ਪ੍ਰਣ ਕਰਦੇ ਹੋਏ ਉਸ ਸਮੇਂ ਸਮੁੱਚੀ ਲੀਡਰਸਿ਼ਪ ਵੱਲੋਂ ਸਾਂਝੇ ਤੌਰ ‘ਤੇ ਪਾਸ ਕੀਤੇ ਗਏ “ਅੰਮ੍ਰਿਤਸਰ ਐਲਾਨਨਾਮੇ” ਦੇ ਇਤਿਹਾਸਿਕ ਕੌਮੀ ਦਸਤਾਵੇਜ ਉਤੇ ਦਸਤਖਤ ਕੀਤੇ ਸਨ ਅਤੇ ਅੰਮ੍ਰਿਤਸਰ ਐਲਾਨਨਾਮੇ ਵਿਚ ਪ੍ਰਗਟਾਈ ਗਈ ਕੌਮੀ ਭਾਵਨਾ ਵਾਲੀ ਸੋਚ ਅਨੁਸਾਰ ਖਾਲਿਸਤਾਨ ਕਾਇਮ ਕਰਨ ਦਾ ਸਭ ਆਗੂਆਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪ੍ਰੋ. ਮਨਜੀਤ ਸਿੰਘ ਜੀ ਦੀ ਹਾਜਰੀ ਵਿਚ ਇਹ ਅਮਲ ਕੀਤੇ ਸਨ। ਜਿਸ ਦਾ ਸਬੂਤ ਨਿਮਨ ਦਿੱਤੇ ਜਾ ਰਹੇ ਫੋਟੋਗ੍ਰਾਫ ਅਤੇ ਦਸਤਾਵੇਜ ਸੱਚਾਈ ਦੀ ਪ੍ਰਤੱਖ ਗਵਾਹੀ ਭਰਦੇ ਹਨ। ”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ. ਜਗਮੀਤ ਸਿੰਘ ਬਰਾੜ ਦੀ ਬਾਂਹ ਉਤੇ ਉਕਰੇ ਹੋਏ ਖਾਲਿਸਤਾਨ ਦੇ ਸ਼ਬਦ ਨੂੰ ਮੁੱਖ ਰੱਖਕੇ ਉਸਨੂੰ ਖਾਲਿਸਤਾਨੀ ਸਾਬਿਤ ਕਰਨ ਦੇ ਪ੍ਰਗਟਾਏ ਵਿਚਾਰਾਂ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਮੈਂ ਇਹ ਸੱਚਾਈ ਸ. ਬਰਾੜ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਜਾਂ ਵਿਰੋਧ ਵਿਚ ਨਹੀਂ ਕਰ ਰਿਹਾ, ਬਲਕਿ ਸਿੱਖ ਸੰਗਤ ਇਹਨਾਂ ਦੋਵਾਂ ਦੇ ਕਿਰਦਾਰ ਦੀ ਪੜਚੋਲ ਕਰਕੇ, ਫਿਰ ਇਹਨਾਂ ਪ੍ਰਤੀ ਹਾਂ ਜਾਂ ਨਾਂਹ ਵਾਚਕ ਨਤੀਜੇ ਖੁਦ ਕੱਢ ਸਕੇ ਅਤੇ ਪੰਜਾਬ ਦੇ ਨਿਵਾਸੀ ਇਹਨਾਂ ਦੋਵਾਂ ਕਾਂਗਰਸੀ ਮਹਾਂਰਥੀਆਂ ਦੀ ਅਸਲੀਅਤ ਨੂੰ ਜਾਣ ਸਕਣ। ਉਹਨਾਂ ਕਿਹਾ ਕਿ ਅਸੀਂ ਸਮਝਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ, ਜਿਹਨਾਂ ਨੇ ਬਾਕੀ ਆਗੂਆਂ ਦੇ ਨਾਲ ਸ੍ਰੀ ਅਕਾਲ ਤਖਤ ਦੇ ਅਸਥਾਨ ਉਤੇ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਬਚਨ ਕੀਤੇ ਸਨ, ਉਹ ਆਪਣੇ ਕੌਮੀ ਸਟੈਂਡ ਉਤੇ ਖੜ੍ਹੇ ਰਹਿਣਗੇ। ਲੇਕਿਨ ਉਹਨਾਂ ਦੇ ਹੁਣ ਤੱਕ ਦੇ ਅਮਲ ਸਾਬਿਤ ਕਰਦੇ ਹਨ ਕਿ ਉਹ ਕਦੀ ਵੀ ਕਿਸੇ ਮੁੱਦੇ ਉਤੇ ਸਥਿਰ ਨਹੀਂ ਰਹੇ।ਉਹਨਾਂ ਸ. ਜਗਮੀਤ ਸਿੰਘ ਬਰਾੜ ਵੱਲੋਂ ਕਾਂਗਰਸ ਵਰਗੀ ਸਿੱਖ ਵਿਰੋਧੀ ਜਮਾਤ ਨੂੰ ਛੱਡਣ ਨੁੰ ਤਾਂ ਸਹੀ ਕਿਹਾ, ਪਰ ਇਕ ਡੂੰਘੀ ਕਾਂਗਰਸ ਰੂਪੀ ਖਾਈ ਵਿਚੋਂ ਨਿਕਲ ਕੇ ਉਸ ਤੋਂ ਵੀ ਖਤਰਨਾਕ ਬੀਜੇਪੀ ਰੂਪੀ ਖਾਈ ਵਿਚ ਛਾਲ ਮਾਰ ਦੇਣ ਦੇ ਅਮਲਾਂ ਉਤੇ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਇਕ ਬੁਰਾਈ ਵਿਚੋਂ ਨਿਕਲ ਕੇ ਦੂਜੀ ਬੁਰਾਈ ਗਲ ਲਾਉਣ ਨਾਲ ਤਾਂ ਪੰਜਾਬ ਸੂਬੇ ਜਾਂ ਸਿੱਖ ਕੌਮ ਦੇ ਮਸਲੇ ਹੱਲ ਨਹੀਂ ਹੋਣੇ। ਬਲਕਿ ਹਰ ਤਰ੍ਹਾਂ ਦੀ ਬੁਰਾਈ ਵਿਰੁੱਧ ਲਾਇਨ ਵਾਹ ਕੇ ਅੱਛਾਈ ਨੂੰ ਮਜਬੂਤ ਕਰਨ ਦੇ ਅਮਲ ਕਰਕੇ ਹੀ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਪ੍ਰਫੁਲਿਤਾ ਕੀਤੀ ਜਾ ਸਕਦੀ ਹੈ। ਸ. ਬਰਾੜ ਵੱਲੋਂ ਕਾਂਗਰਸ ਛੱਡ ਕੇ ਮੁਤੱਸਵੀ ਜਮਾਤ ਬੀਜੇਪੀ ਵਿਚ ਜਾਣ ਦੇ ਕੀਤੇ ਗਏ ਫੈਸਲੇ ਸਾਡੀ ਸਮਝ ਤੋਂ ਬਾਹਰ ਹਨ।