ਚੰਡੀਗੜ – ਅੱਜ ਜੇਲ੍ਹਾਂ ਵਿੱਚ ਨਜ਼ਰਬੰਦ ਅਪਣੀ ਸਜਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਲਗਾਤਾਰ ੫੫ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਗੈਰ-ਅੰਮ੍ਰਿਤਧਾਰੀ ਸਿੱਖਾਂ ਦੀ ਵਿੱਸ਼ਵ ਦੀ ਪਹਿਲੀ ਸੰਸਥਾ ਸਹਿਜਧਾਰੀ ਸਿੱਖ ਪਾਰਟੀ ਨੇ ਵੀ ਮਨੁੱਖੀ ਅਧਿਕਾਰਾਂ ਦੇ ਹਨ ਦੇ ਮੁੱਦੇ ਤੇ ਖੁੱਲ ਕੇ ਸਮਰਥਨ ਦੇ ਦਿੱਤਾ ਅਤੇ ਕੌਮ ਦੀ ਇਕ ਜੁਟਤਾ ਦਾ ਸੰਦੇਸ਼ ਦਿੱਤਾ। ਸਹਿਜਦਾਰੀ ਸਿੱਖ ਪਾਰਟੀ ਦੇ ਇਕ ਕੌਮੀ ਵਫਦ ਨੇ ਡਾ.ਪਰਮਜੀਤ ਸਿੰਘ ਰਾਣੂੰ ਦੀ ਅਗਵਾਹੀ ਵਿੱਚ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਦੇ ਰਾਜਪਾਲਾਂ ਨੂੰ ਮਿਲ ਕੇ ਮੰਗ-ਪੱਤਰ ਭੇਂਟ ਕੀਤੇ ਤੇ ਕਿਹਾ ਕਿ ਜੋ ਸਿੰਘ ਅਪਣੀ ਬਣਦੀ ਘਟੋ-ਘਟ ਸਜਾ ਪੂਰੀ ਕਰ ਚੁੱਕੇ ਹਨ ਤੇ ਫਿਰ ਵੀ ਜੇਲ੍ਹਾਂ ਵਿੱਚ ਨਜ਼ਰਬੰਦ ਹਨ, ਇਹ ਮਨੁੱਖੀ ਅਧਿਕਾਰਾਂ ਦਾ ਹਨਨ ਹੈ।
ਹਰਿਆਣਾ ਰਾਜਭਵਨ ਦੇ ਸਾਹਮਣੇ ਮੀਡੀਆ ਨੂੰ ਸੰਬੋਧਨ ਕਰਨ ਵੇਲੇ ਸਹਿਜਧਾਰੀ ਸਿੱਖ ਪਾਰਟੀ ਦੇ ਮੁੱਖੀ ਡਾ.ਰਾਣੂੰ ਨੇ ਕਿਹਾ ਕੇ ਜਦੋਂ ਇਕ ਪਾਸੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੰਮੂ-ਕਸ਼ਮੀਰ ਵਿੱਚ ਚੋਣ-ਰੈਲੀਆਂ ਦੇ ਅਪਣੇ ਭਾਸ਼ਣਾਂ ਵਿੱਚ ਇਹ ਕਹਿ ਚੁਕੇ ਹਨ ਕੇ ਹੁਣ ‘ਬੁਲਟ’ ਨਾਲ ਨਹੀ ‘ਬੈਲਟ’ ਨਾਲ ਰਾਜ ਲੈਣਾ ਹੈ ਅਤੇ ਉਹਨਾਂ ਵੱਲੋਂ ਭਟਕੇ ਹੋਏ ਨੌਜਵਾਨਾਂ ਨੂੰ ਘਰ ਵਾਪਸੀ ਲਈ ਉਪਰਾਲਿਆਂ ਦੀ ਗੱਲ ਕਹੀ ਗਈ ਹੈ, ਤੇ ਦੂਸਰੇ ਪਾਸੇ ਕਾਨੂੰਨ ਦੇ ਦਾਇਰੇ ਵਿੱਚ ਜੋ ਸਿੰਘ ਅਪਣੇ ਜੁਰਮ ਦੀ ਬਣਦੀ ਸਜਾ ਵੀ ਪੂਰੀ ਕਰ ਚੁਕੇ ਹਨ ਉਹਨਾਂ ਨੂੰ ਨਜ਼ਰਬੰਦ ਰੱਖੀ ਰੱਖਣਾ ਜਾਇਜ਼ ਨਹੀਂ ਹੈ।
ਉਹਨਾਂ ਕਿਹਾ ਕੇ ਉਹਨਾਂ ਦੀ ਪਾਰਟੀ ਅੱਤਵਾਦ ਦਾ ਵਿਰੋਧ ਕਰਦੀ ਹੈ ਪਰ ਮਨੁੱਖੀ ਅਧਿਕਾਰਾਂ ਦੇ ਇਸ ਮਾਮਲੇ ਵਿੱਚ ਭਾਈ ਗੁਰਬੱਖਸ਼ ਸਿੰਘ ਦੀ ਜਾਇਜ਼ ਮੰਗ ਦਾ ਸਮਰਥਣ ਵੀ ਕਰਦੀ ਹੈ ਕਿਉਂ ਕਿ ਪੰਜਾਬ ਵਿੱਚ ਉਸ ਸਮੇਂ ਦੀ ਹਕੂਮਤਾਂ ਨੇ ਜਾਇਜ਼ ਨਾਜਾਇਜ਼ ਬਹੁਤ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਸੁਟਿਆ ਹੈ ਤੇ ਉਸ ਮੌਕੇ ਦੀਆਂ ਯੋਗ ਅਦਾਲਤਾਂ ਨੇ ਸਰਕਾਰੀ ਪੱਖ ਦੀ ਤਸੱਲੀ ਅਨਕੂਲ ਹੀ ਬਣਦੀਆਂ ਸਜਾਵਾਂ ਸੁਣਾਈਆਂ ਸਨ ਜਿਸ ਦਾ ਸਰਕਾਰੀ ਪੱਖ ਤੋਂ ਉਸ ਵੇਲੇ ਕੋਈ ਵਿਰੋਧ ਨਹੀਂ ਕੀਤਾ ਗਿਆ ਨਾਂ ਕੋਈ ਅਪੀਲਾਂ ਕੀਤੀਆਂ ਗਈਆਂ ਅਤੇ ਮੁਲਜਮਾਂ ਨੇ ਅਪਣੀਆਂ ਸਜਾਵਾਂ ਪੂਰੀਆਂ ਭੁਗਤੀਆਂ ਹਨ ਪਰ ਹੁਣ ਉਹਨਾਂ ਅਦਾਲਤਾਂ ਦੇ ਹੁਕਮਾਂ ਨੂੰ ਨਜ਼ਰ ਅੰਦਾਜ ਕਰ ਕੇ ਇਹਨਾਂ ਮਜਲੂਮਾਂ ਨੂੰ ਰਿਹਾ ਨਾਂ ਕਰਨ ਨਾਲ ਜਿੱਥੇ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਹੈ ਉਥੇ ਉਹਨਾਂ ਅਦਾਲਤਾਂ ਦੇ ਫੈਸਲਿਆਂ ਤੇ ਵੀ ਸਵਾਲੀਆ ਚਿੰਨ ਲਗ ਗਿਆ ਹੈ।
ਡਾ.ਰਾਣੂੰ ਨੇ ਕਿਹਾ ਕੇ ਉਹਨਾਂ ਨੇ ਰਾਜਪਾਲਾਂ ਨੂੰ ਚੰਗੀ ਤਰਾਂ ਸਮਝਾ ਦਿੱਤਾ ਹੈ ਕਿ ਅਗਰ ਭਾਈ ਗੁਰਬੱਖਸ਼ ਸਿੰਘ ਨੂੰ ਕੁੱਝ ਹੋ ਜਾਂਦਾ ਹੈ ਤਾਂ ਪੰਜਾਬ ਤੇ ਹਰਿਆਣਾ ਦੋਵਾਂ ਹੀ ਸੂਬਿਆਂ ਦੀਆਂ ਬੜੀਆਂ ਹੀ ਕੁਰਬਾਨੀਆਂ ਨਾਲ ਹਾਸਿਲ ਕੀਤੀ ਖੁਸ਼ਹਲੀ ਤੇ ਸ਼ਾਂਤੀ ਮੁੜ ਖਤਰੇ ਵਿੱਚ ਪੈ ਜਾਵੇਗੀ ਤੇ ਸੰਪਰਦਾਇਕ ਤਾਕਤਾਂ ਸਿਰਫ ਇਹੋ ਜਿਹੇ ਮੌਕੇ ਨੂੰ ਹੀ ਉਡੀਕ ਰਹੀਆਂ ਨੇ। ਪੰਜਾਬ ਦਾ ਮਾਹੌਲ ਪਹਿਲਾਂ ਹੀ ਰਾਜਨੀਤਿਕ ਅਸਥਿਰਤਾ ਅਤੇ ਕਾਨੂੰਨੀ-ਮੰਦਹਾਲੀ ਦਾ ਸ਼ਿਕਾਰ ਹੋ ਚੁਕਾ ਹੈ ਅਤੇ ਇਹੋ ਜਿਹੇ ਅਸਥਿਰ ਮਾਹੌਲ ਦਾ ਸ਼ਰਾਰਤੀ ਅੰਸ਼ ਫਾਇਦਾ ਉਠਾਉਣ ਵਿੱਚ ਦੇਰ ਨਹੀਂ ਲਗਾਉਣਗੇ।ਇਸ ਲਈ ਦੋਵਾਂ ਹੀ ਸੂਬਿਆਂ ਦੇ ਰਾਜਪਾਲ ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਅਪਣੀਆਂ ਠੋਸ ਸਿਫਾਰਸ਼ਾਂ ਭੇਜਦੇ ਹੋਏ ਇਸ ਮਾਮਲੇ ਦਾ ਛੇਤੀ ਹੱਲ ਕੱਢਣ ਦੀ ਕੋਸ਼ਿਸ ਕਰਨ। ਉਹਨਾਂ ਕਿਹਾ ਕੇ ਪੰਜਾਬ ਸਰਕਾਰ ਘੱਟ ਤੋਂ ਘੱਟ ਸਜਾ ਪੂਰੀ ਕਰਣ ਵਾਲੇ ਕੈਦੀਆਂ ਬਾਰੇ ਅਾਪਣੀ ਨੀਤੀ ਸਪੱਸ਼ਟ ਕਰਨ।
ਉਹਨਾਂ ਦੇ ਨਾਲ ਰਿਟ.ਪੀ.ਪੀ.ਐਸ ਕਸ਼ਮੀਰ ਸਿੰਘ ਭਿੰਡਰ ਕੌਮੀ ਮੀਤ ਪ੍ਰਧਾਨ, ਬਾਬਾ ਜਸਬੀਰ ਸਿੰਘ ਚਹਿਲ ਕੌਮੀ ਜਥੇਬੰਦਕ ਜਨਰਲ ਸਕੱਤਰ, ਕੁਲਵਿਂਦਰ ਸਿੰਘ ਕਾਲਾ ਮੀਤ ਪ੍ਰਧਾਨ, ਜਥੇਦਾਰ ਪ੍ਤਪਾਲ ਸਿੰਘ ਖੇਮਕਰਨ ਕੌਮੀ ਸਕੱਤਰ ਜਨਰਲ, ਸੁਰਿੰਦਰਪਾਲ ਸਿੰਘ ਸੇਖੋਂ ਪੰਜਾਬ ਪ੍ਰਧਾਨ ਅਤੇ ਪਾਰਟੀ ਦੇ ਹੋਰ ਉਘੇ ਆਗੂ ਵੀ ਇਸ ਵਫਦ ਵਿੱਚ ਹਾਜ਼ਿਰ ਸਨ।