ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਕਤਲੇਆਮ ਪੀੜਤਾਂ ਦੇ ਦਾਅਵਿਆਂ ਅਤੇ ਸਬੂਤਾਂ ਨੂੰ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਜੀ.ਪੀ. ਮਾਥੁਰ ਜਾਂਚ ਕਮੇਟੀ ਤੱਕ ਪਹੁੰਚਾਉਣ ਵਾਸਤੇ ਗੁਰਦੁਆਰਾ ਰਕਾਬਗੰਜ ਸਾਹਿਬ ਮੁੱਖ ਦਫ਼ਤਰ ਵਿਖੇ ਅਲਗ ਵਿਭਾਗ ਕਾਇਮ ਕਰ ਦਿੱਤਾ ਗਿਆ ਹੈ। ਰਾਜਿੰਦਰ ਸਿੰਘ ਸਾਬਕਾ ਆਫ਼ਿਸ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਿਭਾਗ ਦਾ ਇੰਚਾਰਜ ਬਨਾਇਆ ਗਿਆ ਹੈ। ਇਸ ਵਿਭਾਗ ਵੱਲੋਂ ਇਸ ਬਾਬਤ ਇਕੱਠੇ ਕੀਤੇ ਜਾਣ ਵਾਲੇ ਦਾਅਵਿਆਂ ਅਤੇ ਸਬੂਤਾਂ ਬਾਰੇ ਅਪਣੀ ਰਿਪੋਰਟ ਕਮੇਟੀ ਦੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੋਲੀ ਨੂੰ ਦੇਣ ਦੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਸੀਨੀਅਰ ਮੀਤ ਪ੍ਰਧਾਨ ਤੇ ਕਾਰਜਕਾਰੀ ਜਨਰਲ ਸਕੱਤਰ ਰਵਿੰਦਰ ਸਿੰਘ ਖੁਰਾਨਾ ਵੱਲੋਂ ਆਦੇਸ਼ ਦਿੱਤੇ ਗਏ ਹਨ। ਇਥੇ ਇਹ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਦਿੱਲੀ ਕਮੇਟੀ ਪ੍ਰਬੰਧਕਾ ਵੱਲੋਂ ਜਸਟਿਸ ਮਾਥੂਰ ਦੇ ਨਾਲ ਮੁਲਾਕਾਤ ਵੇਲ੍ਹੇ ਇਸ ਮਸਲੇ ਤੇ ਸਹਿਯੋਗ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ। ਜਸਟਿਸ ਮਾਥੂਰ ਨੂੰ ਕੇਂਦਰ ਸਰਕਾਰ ਵੱਲੋਂ 1984 ਸਿੱਖ ਕਤਲੇਆਮ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਐਸ.ਆਈ.ਟੀ. ਬਨਾਉਣ ਦੀ ਸੰਭਾਵਨਾਵਾਂ ਦੀ ਖੋਜ ਕਰਨ ਲਈ 3 ਮਹੀਨੇ ਦੇ ਕਾਜਰਕਾਲ ਦੌਰਾਨ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਕਤਲੇਆਮ ਪੀੜਤਾਂ ਦੇ ਦਾਅਵਿਆਂ ਅਤੇ ਸਬੂਤਾਂ ਨੂੰ ਜਾਂਚ ਕਮੇਟੀ ਤੱਕ ਪਹੁੰਚਾਉਣ ਲਈ ਦਿੱਲੀ ਕਮੇਟੀ ਨੇ ਵੱਖਰਾ ਵਿਭਾਗ ਖੋਲਿਆ
This entry was posted in ਭਾਰਤ.