ਰਾਵਲਪਿੰਡੀ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਤੇ 2003 ਵਿੱਚ ਹਮਲਾ ਕਰਨ ਵਾਲੇ ਮੁੱਖ ਆਰੋਪੀ ਏਅਰਫੋਰਸ ਦੇ ਇੱਕ ਤਕਨੀਸ਼ਨ ਖਾਲਿਦ ਮਹਿਮੂਦ ਸਮੇਤ ਚਾਰ ਵਿਅਕਤੀਆਂ ਨੂੰ ਆਦਿਆਲਾ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਹੈ।
ਜਨਰਲ ਮੁਸ਼ਰੱਫ਼ ਤੇ 14 ਦਸੰਬਰ 2003 ਵਿੱਚ ਰਾਵਲਪਿੰਡੀ ਜਾਨਲੇਵਾ ਹਮਲਾ ਹੋਇਆ ਸੀ, ਜਿਸ ਵਿੱਚ ਉਹ ਵਾਲ-ਵਾਲ ਬਚ ਗਏ ਸਨ। ਸੈਨਿਕ ਅਦਾਲਤ ਨੇ ਇਸ ਹਮਲੇ ਲਈ ਖਾਲਿਦ ਮਹਿਮੂਦ ਸਮੇਤ ਦੋਸ਼ੀ ਠਹਿਰਾਉਂਦੇ ਹੋਏ ਪੰਜ ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।ਇਨ੍ਹਾਂ ਵਿੱਚੋਂ ਸ਼ੁਕਰਵਾਰ ਦੀ ਸ਼ਾਮ ਨੂੰ ਚਾਰ ਨੂੰ ਆਦਿਆਲਾ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਹੈ, ਜਦੋਂ ਕਿ ਪੰਜਵਾਂ ਦੋਸ਼ੀ ਫਰਾਰ ਕਰਾਰ ਦਿੱਤਾ ਗਿਆ ਹੈ। ਉਹ ਬਾਨੂ ਜੇਲ੍ਹ ਵਿੱਚ ਹੋਏ ਹਮਲੇ ਤੋਂ ਬਾਅਦ ਭੱਜ ਗਿਆ ਸੀ।
ਮਹਿਮੂਦ ਨੂੰ 27 ਅਕਤੂਬਰ 2010 ਨੂੰ ਰਾਵਲਪਿੰਡੀ ਦੀ ਜੇਲ੍ਹ ਵਿੱਚ ਲਿਆਂਦਾ ਗਿਆ ਸੀ। ਜਿਸ ਦਿਨ ਇਨ੍ਹਾਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ ਉਸ ਸਮੇਂ ਜੇਲ੍ਹ ਪ੍ਰਸ਼ਾਸਨ ਨੇ ਸੁਰੱਖਿਆ ਦੇ ਜਬਰਦਸਤ ਇੰਤਜਾਮ ਕਰ ਰੱਖੇ ਸਨ। ਫਾਂਸੀ ਤੋਂ ਪਹਿਲਾਂ ਮਹਿਮੂਦ ਦੇ 27 ਰਿਸ਼ਤੇਦਾਰ ਉਸ ਨੂੰ ਮਿਲਣ ਆਏ ਸਨ। ਜੇਲ੍ਹ ਅੰਦਰ ਭਾਰੀ ਸੰਖਿਆ ਵਿੱਚ ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ ਸਨ। ਜੇਲ੍ਹ ਦੇ ਉਪਰ ਵੀ ਸੈਨਾ ਦੇ ਹੈਲੀਕਾਪਟਰ ਉਡਾਣਾਂ ਭਰ ਕੇ ਨਿਗਰਾਨੀ ਕਰ ਰਹੇ ਸਨ।