ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ 1984 ਸਿੱਖ ਕਤਲੇਆਮ ਦੌਰਾਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਤੇ ਹਮਲਾ ਕਰਨ ਵਾਲੇ ਕਾਂਗਰਸੀ ਆਗੂ ਸਤਬੀਰ ਸਿੰਘ ਨੂੰ ਕਾਂਗਰਸ ਵੱਲੋਂ ਬੀਤੇ ਦਿਨੀ ਦਿੱਲੀ ਵਿਧਾਨਸਭਾ ਚੋਣਾਂ ਵਾਸਤੇ ਮਹਿਰੋਲੀ ਸੀਟ ਤੋਂ ਟਿਕਟ ਦੇਣ ਨੂੰ ਸਿੱਖਾਂ ਦੇ ਜਖ਼ਮਾਂ ਤੇ ਲੂਣ ਛਿੜਕਣ ਦੇ ਬਰਾਬਰ ਦੱਸਿਆ ਹੈ।
ਪਿਪਲ ਯੂਨੀਅਨ ਫਾਰ ਡੈਮੋਕ੍ਰੇਟਿਕ ਰਾਈਟ (ਪੀ.ਯੂ.ਡੀ.ਆਰ.) ਅਤੇ ਪਿਪਲ ਯੂਨੀਅਨ ਫਾਰ ਸਿਵਿਲ ਲਿਬਰਟੀਜ਼ (ਪੀ.ਯੂ.ਸੀ.ਐਲ.) ਵੱਲੋਂ ਸਿੱਖ ਕਤਲੇਆਮ ਦੀ ਜਾਰੀ ਕੀਤੀ ਗਈ ਸਿਆਸੀ ਦੋਸ਼ੀਆਂ ਦੀ ਲਿਸਟ ਵਿਚ 16ਵੇਂ ਨੰਬਰ ਤੇ ਸਤਬੀਰ ਸਿੰਘ ਦਾ ਨਾ ਹੋਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਜਾਣਕਾਰੀ ਦਿੱਤੀ ਕਿ ਉਕਤ ਰਿਪੋਰਟ ਅਨੁਸਾਰ ਬੇਰ ਸਰਾਏ ਤੋਂ ਬੱਸ ਭਰਕੇ ਉਸ ਵੇਲ੍ਹੇ ਦੇ ਯੂਥ ਕਾਂਗਰਸ ਦੇ ਆਗੂ ਸਤਬੀਰ ਸਿੰਘ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਤੇ ਹਮਲਾ ਕੀਤਾ ਸੀ ਤੇ ਸਕੂਲ ਦੀ ਬਿਲਡਿੰਗ ਅਤੇ ਸਕੂਲ ਦੀਆਂ ਬੱਸਾਂ ਨੂੰ ਅੱਗ ਲਗਾ ਦਿੱਤੀ ਸੀ। ਇਸ ਤੋਂ ਇਲਾਵਾ 1 ਨਵੰਬਰ 1984 ਦੀ ਰਾਤ ਨੂੰ ਸਿੱਖਾਂ ਨੂੰ ਮਾਰਣ ਕੁਟੱਣ ਅਤੇ ਲੁੱਟਣ ਦਾ ਦੋਸ਼ ਵੀ ਕਾਂਗਰਸ ਦੇ ਉਕਤ ਆਗੂ ਤੇ ਲਗਿਆ ਸੀ।
ਜੀ.ਕੇ. ਨੇ ਬਾਰ-ਬਾਰ ਸਿੱਖਾਂ ਦੇ ਕਾਤਿਲਾਂ ਅਤੇ ਹਮਲਾਵਰਾਂ ਤੇ ਕਾਂਗਰਸ ਵੱਲੋਂ ਟਿਕਟਾਂ ਦੇਕੇ ਨਿਵਾਜਣ ਨੂੰ ਇਕ ਗਿਣੀ-ਮਿੱਥੀ ਸਾਜਿਸ਼ ਦਾ ਵੀ ਹਿੱਸਾ ਦੱਸਿਆ ਹੈ। ਦਿੱਲੀ ਦੇ ਸਾਬਕਾ ਮੇਅਰ ਸਣੇ ਕਾਂਗਰਸ ਪਾਰਟੀ ‘ਚ ਕਈ ਅਹਿਮ ਅਹੁਦਿਆਂ ਤੇ ਕੰਮ ਕਰ ਚੁੱਕੇ ਸਤਬੀਰ ਸਿੰਘ ਦੀ ਟਿਕਟ ਵਾਪਿਸ ਕਾਂਗਰਸ ਵੱਲੋਂ ਨਾ ਲੈਣ ਤੇ ਜੀ.ਕੇ. ਨੇ ਅਕਾਲੀ ਵਰਕਰਾਂ ਦੇ ਸੜਕਾਂ ਤੇ ਉਤਰਣ ਦਾ ਵੀ ਇਸ਼ਾਰਾ ਕੀਤਾ। 30 ਸਾਲ ਬਾਅਦ ਵੀ ਸਿੱਖ ਕੌਮ ਨੂੰ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਨਾ ਮਿਲਣ ਤੇ ਵੀ ਉਨ੍ਹਾਂ ਦੁੱਖ ਜਤਾਇਆ।