ਚੰਡੀਗੜ੍ਹ – ਕਾਂਗਰਸ ਪਾਰਟੀ ਦੇ ਲੋਕ ਸਭਾ ਵਿੱਚ ਡਿਪਟੀ ਲੀਡਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਘਰ ਪਟਿਆਲਾ ਵਿਖੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈ ਕੇ 22 ਜਨਵਰੀ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਕੀਤੀ ਜਾ ਰਹੀ ਰੈਲੀ ਦੇ ਮੁਕਾਬਲੇ ਰੈਲੀ ਰੱਖ ਕੇ ਇਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਦੀ ਮੀਟਿੰਗ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਜਿਆਦਾਤਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈ ਕਿਉਂਕਿ ਜਿਸ ਤਰ੍ਹਾਂ ਭਾਰੀ ਗਿਣਤੀ ਵਿਚ ਸੀਨੀਅਰ ਲੀਡਰਾਂ ਨੇ ਉਨ੍ਹਾਂ ਵਲੋਂ ਬੁਲਾਈ ਮੀਟਿੰਗ ’ਚ ਜੋਸ਼ੋ-ਖਰੋਸ਼ ਨਾਲ ਹਿੱਸਾ ਲਿਆ ਅਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਦੇ ਸੋਹਲੇ ਗਾਏ, ਉਸ ਤੋਂ ਕਾਂਗਰਸ ਹਾਈਕਮਾਂਡ ਨੂੰ ਹੁਣ ਫਿਰ ਇਹ ਜਾਣਕਾਰੀ ਪਹੁੰਚ ਜਾਵੇਗੀ ਕਿ ਪੰਜਾਬ ਵਿੱਚ ਜੇਕਰ ਕਾਂਗਰਸ ਨੇ ਫਿਰ ਸੱਤਾ ਹਾਸਿਲ ਕਰਨੀ ਹੈ ਤਾਂ ਉਹ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਲਿਆ ਸਕਦੇ ਹਨ, ਇਹ ਇਕ ਕੰਧ ਤੇ ਲਿਖਿਆ ਸੱਚ ਹੈ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਹੀ ਅਜਿਹੀ ਸਖਸ਼ੀਅਤ ਹਨ। ਜਿਸ ਤਰ੍ਹਾਂ ਲੋਕ ਸਭਾ ਵੇਲੇ ਦੇਸ਼ ਵਿੱਚ ਨਰਿੰਦਰ ਮੋਦੀ ਦੀ ਲਹਿਰ ਚੱਲੀ ਸੀ, ਉਸੇ ਤਰ੍ਹਾਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਲਹਿਰ ਹੈ। ਅੱਜ ਕਾਂਗਰਸ ਦੇ ਇਕੱਤਰ ਹੋਏ ਸੀਨੀਅਰ ਲੀਡਰਾਂ ਨੇ ਵੀ ਜਿਸ ਤਰ੍ਹਾਂ ਕੈਪਟਨ ਦੀ ਲੀਡਰਸ਼ਿਪ ’ਚ ਭਰੋਸਾ ਪ੍ਰਗਟ ਕੀਤਾ ਹੈ ਉਸ ਤੋਂ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਆਵਾਜ ਨੂੰ ਹੋਰ ਮਜ਼ਬੂਤੀ ਮਿਲੀ ਹੈ। ਦੂਸਰੇ ਪਾਸੇ ਹੁਣ ਉਨ੍ਹਾਂ ਅਫਸਰਾਂ ਨੂੰ ਵੀ ਠੱਲ ਪੈ ਜਾਵੇਗੀ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀ-ਭਾਜਪਾ ਸਰਕਾਰ ਨਾਲ ਨਸ਼ਿਆਂ ਦੇ ਮੁਦੇ ਤੇ ਕੁਝ ਨਹੀਂ ਕਰ ਰਹੇ। ਉਨ੍ਹਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਅੰਮ੍ਰਿਤਸਰ ਵਿਖੇ ਰੱਖੀ ਰੈਲੀ ਦੇ ਮੁਕਾਬਲੇ ’ਚ ਰੈਲੀ ਰੱਖ ਕੇ ਆਪਣੇ ਵਿਰੋਧੀਆਂ ਨੂੰ ਦਿਖਾ ਦਿੱਤਾ ਹੈ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਲਈ ਕੇਂਦਰ ਸਰਕਾਰ ਨਾਲ ਵੀ ਦੋ ਹੱਥ ਕਰ ਸਕਦੇ ਹਨ। ਕਾਂਗਰਸ ਹਾਈਕਮਾਂਡ ਕੈਪਟਨ ਵਲੋਂ ਲਏ ਇਸ ਦਲੇਰਾਨਾ ਫੈਸਲੇ ਨੂੰ ਕਿਸ ਤਰ੍ਹਾਂ ਲੈਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪ੍ਰੰਤੂ ਅੱਜ ਦੀ ਇਸ ਮਹਤੱਵਪੂਰਨ ਮੀਟਿੰਗ ਤੋਂ ਇਹ ਤਾਂ ਸਪਸ਼ਟ ਹੋ ਹੀ ਗਿਆ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਪ੍ਰਧਾਨ ਵਜੋਂ ਦਿਨ ਥੋੜ੍ਹੇ ਹੀ ਰਹਿ ਗਏ ਹਨ।