ਲੜਕੀਆਂ ਦੀ ਅਵਾਜ਼ ਤਿੱਖੀ ਕਿਉਂ ਹੁੰਦੀ ਹੈ ?
ਤੁਸੀਂ ਇੱਕੋ ਸਪੀਡ ਨਾਲ ਘੁੰਮ ਰਹੀਆਂ ਇੱਕੋ ਆਕਾਰ ਦੀਆਂ ਦੋ ਗਰਾਰੀਆਂ ਲੈ ਲਵੋ ਜਿਹਨਾਂ ‘ਚ ਇੱਕ ਵਿੱਚ ਦੰਦਿਆਂ ਦੀ ਗਿਣਤੀ ਦੂਸਰੀ ਤੋਂ ਵੱਧ ਹੋਵੇ। ਹੁਣ ਜੇ ਤੁਸੀਂ ਕਿਸੇ ਲੋਹੇ ਦੀ ਚੀਜ਼ ਇਹਨਾਂ ਘੁੰਮ ਰਹੀਆਂ ਗਰਾਰੀਆਂ ਨਾਲ ਲਾਵੋਗੇ ਤੁਸੀਂ ਵੇਖੋਗੇ ਕਿ ਜਿਸ ਗਰਾਰੀ ਦੇ ਦੰਦੇ ਬਰੀਕ ਹੋਣਗੇ ਉਸਦੀ ਅਵਾਜ਼ ਤਿੱਖੀ ਆਵੇਗੀ। ਇਸ ਤਰ੍ਹਾਂ ਹੀ ਸਾਡੀ ਅਵਾਜ਼ ਪੈਦਾ ਹੋਣ ਲਈ ਸਾਡੇ ਗਲੇ ਦੀ Vocal cords ਦਾ ਬਹੁਤ ਵੱਡਾ ਹਿੱਸਾ ਹੈ। 13 ਸਾਲ ਤੋਂ 19 ਸਾਲ ਦੀ ਉਮਰ ਤੱਕ ਲੜਕਿਆਂ ਵਿੱਚ ਜੁਆਨੀ ਆਉਂਦੀ ਹੈ ਇਸ ਲਈ ਇਸ ਸਮੇਂ ਉਹਨਾਂ ਦੇ ਸਰੀਰ ਵਿੱਚ ਕੁਝ ਰਸ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹਨਾਂ ਰਸਾਂ ਵਿੱਚ ਇੱਕ ਅਜਿਹਾ ਰਸ ਵੀ ਹੁੰਦਾ ਹੈ ਜੋ ਲੜਕਿਆਂ ਦੇ ਗਲੇ Vocal cords ਨੂੰ ਲੰਬਾ ਅਤੇ ਮੋਟਾ ਕਰ ਦਿੰਦਾ ਹੈ। ਸਿੱਟੇ ਵਜੋਂ ਉਹਨਾਂ ਦੀ ਅਵਾਜ਼ ਭਾਰੀ ਹੋ ਜਾਂਦੀ ਹੈ। ਲੜਕੀਆਂ ਵਿੱਚ ਇਹ ਰਸ ਪੈਦਾ ਹੀ ਨਹੀਂ ਹੁੰਦਾ। ਸੋ ਉਹਨਾਂ ਦੀ ਅਵਾਜ਼ ਸੁਰੀਲੀ ਰਹਿੰਦੀ ਹੈ।
ਅੰਗਰੇਜ਼ ਗੋਰੇ, ਅਫਰੀਕੀ ਕਾਲੇ ਤੇ ਕਸ਼ਮੀਰੀ ਲਾਲ ਕਿਉਂ ਹੁੰਦੇ ਹਨ?
ਸਾਡੀ ਚਮੜੀ ਵਿੱਚ ਤਿੰਨ ਪ੍ਰਕਾਰ ਦੇ ਰੰਗੀਨ ਪਦਾਰਥ ਹੁੰਦੇ ਹਨ। ਇਹਨਾਂ ਤਿੰਨ ਰੰਗੀਨ ਪਦਾਰਥਾਂ ਦੇ ਨਾਂ ਹਨ ਮੈਲਾਨਿਨ, ਕੇਰੋਟੇਨ ਤੇ ਹੀਮੋਗਲੋਬਿਨ। ਸਾਡੀ ਚਮੜੀ ਦਾ ਰੰਗ ਇਹਨਾਂ ਤਿੰਨ ਪਦਾਰਥਾਂ ਦੀ ਮਾਤਰਾ ਤੇ ਨਿਰਭਰ ਕਰਦਾ ਹੈ। ਸੂਰਜ ਦੀ ਰੌਸ਼ਨੀ ਮੈਲਾਨਿਨ ਪੈਦਾ ਕਰਦੀ ਹੈ। ਇਸ ਲਈ ਗਰਮ ਵਾਯੂ ਮੰਡਲ ਵਾਲੇ ਦੇਸ਼ਾਂ ਦੇ ਵਸਨੀਕਾਂ ਵਿੱਚ ਇਸ ਦੀ ਮਾਤਰਾ ਵੱਧ ਹੁੰਦੀ ਹੈ ਇਸਦਾ ਰੰਗ ਕਾਲਾ ਹੋਣ ਕਰਕੇ ਅਫਰੀਕੀ ਕਾਲੇ ਹੁੰਦੇ ਹਨ। ਖੂਨ ਦੇ ਇੱਕ ਅੰਗ ਦਾ ਨਾਂ ਹੀਮੋਗਲੋਬਿਨ ਹੁੰਦਾ ਹੈ। ਇਸਦਾ ਕੰਮ ਸਰੀਰ ਦੇ ਵਿੱਚ ਆਕਸੀਜਨ ਨੂੰ ਬਾਕੀ ਅੰਗਾਂ ਵਿੱਚ ਲੈ ਕੇ ਜਾਣਾ ਹੁੰਦਾ ਹੈ। ਉੱਚੀਆਂ ਪਹਾੜੀਆਂ ਤੇ ਰਹਿਣ ਵਾਲੇ ਲੋਕਾਂ ਨੂੰ ਵੱਧ ਹੀਮੋਗਲੋਬਿਨ ਦੀ ਲੋੜ ਹੁੰਦੀ ਹੈ। ਇਸ ਦਾ ਰੰਗ ਲਾਲ ਹੋਣ ਕਰਕੇ ਕਸ਼ਮੀਰੀ ਲਾਲ ਹੁੰਦੇ ਹਨ। ਅੰਗਰੇਜ਼ਾਂ ਦੇ ਦੇਸ਼ਾਂ ਵਿੱਚ ਸੂਰਜ ਦੀ ਰੌਸ਼ਨੀ ਦੀ ਘਾਟ ਕਾਰਨ ਮੈਲਾਨਿਨ ਘੱਟ ਹੁੰਦੀ ਹੈ। ਇਸ ਲਈ ਉਹਨਾਂ ਦਾ ਰੰਗ ਗੋਰਾ ਹੁੰਦਾ ਹੈ। ਕੁਝ ਵਿਅਕਤੀਆਂ ਵਿੱਚ ਮੈਲਾਨਿਨ ਦੀ ਘਾਟ ਕਾਰਨ ਫੁਲਬੈਰੀ ਨਾਂ ਦਾ ਰੋਗ ਵੀ ਪੈਦਾ ਹੋ ਜਾਂਦਾ ਹੈ।
ਅੰਗਰੇਜ਼ਾਂ ਦੀਆਂ ਅੱਖਾਂ ਨੀਲੀਆਂ ਕਿਉਂ ਹੁੰਦੀਆਂ ਹਨ ?
ਅਸੀ ਜਾਣਦੇ ਹਾਂ ਕਿ ਸਾਡੇ ਵਿੱਚ ਬਹੁਤ ਸਾਰੇ ਗੁਣ ਸਾਡੇ ਮਾਪਿਆਂ ਵਾਲੇ ਹੀ ਹੁੰਦੇ ਹਨ। ਕਿਉਂਕਿ ਧਰਤੀ ਤੇ ਰਹਿਣ ਵਾਲੇ ਸਾਰੇ ਮਨੁੱਖ ਆਪਣੀ ਹੋਂਦ ਵਿੱਚ ਆਉਣ ਸਮੇਂ ਇੱਕ ਸੈੱਲ ਆਪਣੀ ਮਾਤਾ ਤੋਂ ਅਤੇ ਇਕ ਸੈੱਲ ਆਪਣੇ ਪਿਤਾ ਤੋਂ ਪ੍ਰਾਪਤ ਕਰਦੇ ਹਨ। ਇਹ ਦੋਵੇਂ ਸੈੱਲ ਮਾਤਾ ਦੇ ਪੇਟ ਵਿੱਚ ਹੀ ਮਾਤਾ ਦੀ ਖੁਰਾਕ ਨਾਲ ਆਪਣੀ ਗਿਣਤੀ ਦੁਗਣੀ ਚੌਗੂਣੀ ਕਰਦੇ ਰਹਿੰਦੇ ਹਨ। ਮਾਤਾ ਪਿਤਾ ਤੋਂ ਪ੍ਰਾਪਤ ਗੱਲਾਂ ਵਿੱਚ ਮਾਤਾ ਪਿਤਾ ਵਾਲੇ ਗੁਣ ਹੋਰ ਛੋਟੀਆਂ ਇਕਾਈਆਂ ਵਿੱਚ ਹੁੰਦੇ ਹਨ। ਇਹਨਾਂ ਇਕਾਈਆਂ ਨੂੰ ਜੀਨਜ਼ ਕਿਹਾ ਜਾਂਦਾ ਹੈ। ਅੰਗਰੇਜਾਂ ਦੀਆਂ ਅੱਖਾਂ ਨੀਲੀਆਂ ਇਸ ਲਈ ਹੁੰਦੀਆਂ ਘੇਰੇ ਵਿੱਚ ਨੀਲੇ ਰੰਗ ਦੇ ਸੈੱਲ ਹੁੰਦੇ ਹਨ ਤੇ ਇਹ ਗੁਣ ਹੀ ਉਹ ਆਪਣੀ ਸੰਤਾਨ ਨੂੰ ਦਿੰਦੇ ਹਨ।
ਵਾਲਾਂ ਦਾ ਰੰਗ ਸਫੈਦ ਕਿਉਂ ਹੁੰਦਾ ਹੈ ?
ਜਿਵੇਂ ਕਿ ਪਹਿਲਾਂ ਹੀ ਦੱਸਿਆਂ ਜਾ ਚੁੱਕਾ ਹੈ ਸਾਡੀ ਚਮੜੀ ਵਿੱਚ ਮੈਲਾਨਿਨ ਨਾਂ ਦਾ ਕਾਲਾ ਪਦਾਰਥ ਹੁੰਦਾ ਹੈ। ਇਹ ਪਦਾਰਥ ਵਾਲਾਂ ਦੀਆਂ ਜੜ੍ਹਾਂ ਵਿੱਚ ਜਮਾਂ ਹੋ ਜਾਂਦਾ ਹੈ ਅਤੇ ਵਾਲਾਂ ਦੇ ਨਾਲ ਨਾਲ ਬਾਹਰ ਆਉਂਦਾ ਰਹਿੰਦਾ ਹੈ। ਇਸ ਲਈ ਵਾਲ ਕਾਲੇ ਰੰਗ ਦੇ ਹੁੰਦੇ ਹਨ। ਜਦੋਂ ਇਸ ਪਦਾਰਥ ਦੀ ਕਮੀ ਹੋ ਜਾਂਦੀ ਹੈ ਤਾਂ ਵਾਲ ਸਫੈਦ ਆਉਣੇ ਸ਼ੁਰੂ ਹੋ ਜਾਂਦੇ ਹਨ। ਸਦਮੇ ਤੇ ਚਿੰਤਾ ਦੀ ਹਾਲਤ ਵਿੱਚ ਵੀ ਮੈਲਾਨਿਨ ਘੱਟ ਹੋ ਜਾਂਦੀ ਹੈ ਤੇ ਵਾਲ ਸਫੈਦ ਹੋਣੇ ਸ਼ੁਰੂ ਹੋ ਜਾਂਦੇ ਹਨ।
ਬੁਢਾਪੇ ਵਿੱਚ ਝੁਰੜੀਆਂ ਕਿਉਂ ਪੈ ਜਾਂਦੀਆਂ ਹਨ ?
ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਮਾਤਾ ਪਿਤਾ ਤੋਂ ਪ੍ਰਾਪਤ ਕੀਤੇ ਦੋ ਸੈੱਲ ਜੁੜ ਕੇ ਅੱਗੇ ਵਧਣਾ ਸ਼ੁਰੂ ਕਰ ਦਿੰਦੇ ਹਨ। ਇੱਕ ਸੈੱਲ ਤੋਂ ਦੋ ਤੇ ਦੋ ਤੋਂ ਚਾਰ ਤੋਂ ਅੱਠ ਹੁੰਦੇ ਹੋਏ ਇਹਨਾਂ ਦੀ ਗਿਣਤੀ ਬੱਚੇ ਵਿੱਚ ਕਈ ਖਰਬਾਂ ਵਿੱਚ ਪਹੁੰਚ ਜਾਂਦੀ ਹੈ। ਬਚਪਨ ਤੋਂ ਲਗਭਗ ਚਾਲੀ ਸਾਲ ਦੀ ਉਮਰ ਤੱਕ ਸਾਡੇ ਸਰੀਰ ਵਿੱਚ ਪੈਦਾ ਹੋਣ ਵਾਲੇ ਸੈੱਲਾਂ ਦੀ ਗਿਣਤੀ ਤੋਂ ਵੱਧ ਹੁੰਦੀ ਹੈ। ਇਸ ਲਈ ਇਸ ਸਮੇਂ ਤੱਕ ਸਰੀਰ ਦੇ ਕੁੱਲ ਸੈੱਲਾਂ ਦੀ ਗਿਣਤੀ ਵਿੱਚ ਲਗਤਾਰ ਵਾਧਾ ਹੁੰਦਾ ਰਹਿੰਦਾ ਹੈ। ਚਾਲੀ ਤੋਂ ਪੰਜਾਹ ਸਾਲ ਦੀ ਉਮਰ ਤੱਕ ਸੈੱਲਾਂ ਦੀ ਗਿਣਤੀ ਲਗਭਗ ਸਮਾਨ ਰਹਿੰਦਾ ਹੈ। ਪੰਜਾਹ ਸਾਲ ਤੋਂ ਬਾਅਦ ਇਸ ਗਿਣਤੀ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਚਮੜੀ ਵਿੱਚ ਝੁਰੜੀਆਂ ਪੈਣ ਦਾ ਇੱਕ ਕਾਰਣ ਸੈੱਲਾਂ ਦੀ ਕਮੀ ਕਰਕੇ ਪੈਂਦਾ ਹੋਈ ਖਾਲੀ ਥਾਂ ਹੁੰਦੀ ਹੈ। ਇੱਕ ਹੋਰ ਕਾਰਣ ਸਾਡੇ ਸਰੀਰ ਵਿੱਚ ਇਸਟਰੋਜ਼ਮ ਨਾਮ ਦੇ ਰਸ ਦਾ ਪੈਦਾ ਹੋਣਾ ਵੀ ਹੈ। ਬਢਾਪੇ ਵਿੱਚ ਇਸ ਰਸ ਦੀ ਪੈਦਾਵਾਰ ਵੀ ਘਟ ਜਾਂਦੀ ਹੈ। ਇਸ ਲਈ ਸਾਡੇ ਸਰੀਰ ਵਿੱਚ ਝੁਰੜੀਆਂ ਪੈ ਜਾਂਦੀਆਂ ਹਨ।
ਮਿਰਗੀ ਦੇ ਦੌਰੇ ਕਿਉਂ ਪੇੈਂਦੇ ਹਨ ?
ਅਸੀਂ ਜਾਣਦੇ ਹਾਂ ਕਿ ਸਾਡੇ ਸਰੀਰ ਦੀਆਂ ਸਾਰੀਆਂ ਅੰਗ ਪ੍ਰਣਾਲੀਆਂ ਦਾ ਕੰਟਰੋਲ ਸਾਡੇ ਦਿਮਾਗ ਕੋਲ ਹੁੰਦਾ ਹੈ। ਮਿਰਗੀ ਦੇ ਦੌਰੇ ਸਮੇਂ ਦਿਮਾਗ ਕੁਝ ਸਮੇਂ ਲਈ ਕੰਮ ਛੱਡ ਜਾਂਦਾ ਹੈ ਇਸ ਲਈ ਅੰਗ ਪ੍ਰਣਾਲੀਆਂ ਤੇ ਕਾਬੂ ਖਤਮ ਹੋ ਜਾਂਦਾ ਹੈ ਅਤੇ ਵਿਅਕਤੀ ਡਿੱਗ ਪੈਂਦਾ ਹੈ ਜਾਂ ਜਿਸ ਹਾਲਤ ਵਿੱਚ ਹੁੰਦਾ ਹੈ ਉਸ ਵਿੱਚ ਹੀ ਰਹਿ ਜਾਂਦਾ ਹੈ। ਕੁਝ ਦੇਰ ਬਾਅਦ ਹੀ ਵਿਅਕਤੀ ਦਾ ਦਿਮਾਗ ਦੁਬਾਰਾ ਕੰਮ ਸ਼ੁਰੂ ਕਰ ਦਿੰਦਾ ਹੈ ਤਾਂ ਵਿਅਕਤੀ ਠੀਕ ਹੋ ਜਾਂਦਾ ਹੈ। ਕੁਝ ਲੋਕ ਮਿਰਗੀ ਦੇ ਰੋਗੀ ਨੂੰ ਜੁੱਤੀ ਸੁੰਘਾਉਣੀ ਸ਼ੁਰੂ ਕਰ ਦਿੰਦੇ ਹਨ। ਇਸਦੀ ਵਿਅਕਤੀ ਨੂੰ ਹੋਸ਼ ਵਿੱਚ ਲਿਆਉਣ ਵਿੱਚ ਭੂਮਿਕਾ ਨਹੀ ਹੁੰਦੀ।
ਸਾਨੂੰ ਪਸੀਨਾ ਕਿਉਂ ਆਉਂਦਾ ਹੈ ?
ਅਸੀ ਭੋਜਨ ਖਾਂਦੇ ਹਾਂ। ਇਹ ਭੋਜਨ ਸਾਡੇ ਸਰੀਰ ਦੇ ਤਾਪਮਾਨ ਨੂੰ 37 ਦਰਜੇ ਸੈਲਸੀਅਰ ਤੇ ਰੱਖਣ ਵਿੱਚ ਸਹਾਈ ਹੁੰਦਾ ਹੈ। ਇੱਕ ਸਿਹਤਮੰਦ ਆਦਮੀ ਦਿਨ ਵਿੱਚ ਐਨਾ ਭੋਜਨ ਖਾ ਜਾਂਦਾ ਹੈ ਕਿ ਉਸ ਨਾਲ 25 ਕਿਲੋ ਪਾਣੀ ਉਬਲਣ ਲਾਇਆ ਜਾ ਸਕਦਾ ਹੈ। ਅਸੀ ਜਾਣਦੇ ਹਾਂ ਕਿ ਤਰਲ ਪਦਾਰਥਾਂ ਦੀ ਵਾœਸ਼ਪ ਬਣਕੇ ਉੱਡ ਜਾਣ ਦੀ ਕ੍ਰਿਆ ਨਾਲ ਠੰਡ ਪੈਦਾ ਹੁੰਦੀ ਹੈ। ਇਸ ਵਰਤਾਰੇ ਨੂੰ ਵਿਗਿਆਨਕ ਭਾਸ਼ਾ ਵਿੱਚ ਵਾਸ਼ਪੀਕਰਨ ਕਹਿੰਦੇ ਹਨ। ਜਦੋਂ ਸਾਡੇ ਸਰੀਰ ਵਿੱਚ ਗਰਮੀ ਵਾਧੂ ਹੋ ਜਾਂਦੀ ਹੈ ਤਾਂ ਸਾਡੀ ਪਸੀਨਾ ਬਾਹਰ ਕੱਢਣ ਵਾਲੀ ਕਾਰਜ ਪ੍ਰਣਾਲੀ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਤਰ੍ਹਾਂ ਸਰੀਰ ਨੂੰ ਠੰਡ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਪਸੀਨਾ ਸਾਡੇ ਸਰੀਰ ਵਿੱਚੋਂ ਵਾਧੂ ਲੂਣ ਨੂੰ ਬਾਹਰ ਕੱਢਣ ਦੇ ਨਾਲ ਨਾਲ ਸਾਡੇ ਸਰੀਰ ਨੂੰ ਠੰਡਾ ਰੱਖਣ ਵਿੱਚ ਵੀ ਸਹਾਈ ਹੁੰਦਾ ਹੈ।
ਨਹੁੰ ਜਾਂ ਵਾਲ ਕੱਟਣ ਤੇ ਦਰਦ ਕਿਉਂ ਨਾਹੀਂ ਹੁੰਦਾ ?
ਸਾਡੇ ਸਰੀਰ ਦੇ ਕੁਝ ਭਾਗਾਂ ਵਿੱਚ ਮੁਰਦਾ ਸੈੱਲ ਹੁੰਦੇ ਹਨ। ਨਹੁੰ ਤੇ ਵਾਲ ਵੀ ਸਾਡੇ ਸਰੀਰ ਦੇ ਨਿਰਜੀਵ ਭਾਗ ਹਨ। ਇਹ ਸਾਡੇ ਸਰੀਰ ਵਿੱਚ ਨਿਕਲਣ ਵਾਲੇ ਮਰੇ ਹੋਏ ਪ੍ਰੋਟੀਨ ਦੇ ਸੈੱਲ ਹਨ। ਇਹਨਾਂ ਦਾ ਵਿਗਿਆਨਕ ਨਾਂ ਕਿਰਾਟਿਨ ਹੈ। ਕਿਉਂਕਿ ਨਹੁੰ ਤੇ ਵਾਲਾਂ ਦੀਆਂ ਜੜ੍ਹਾਂ ਤੱਕ ਤਾਂ ਖੂਨ ਦੀ ਸਪਲਾਈ ਹੁੰਦੀ ਰਹਿੰਦੀ ਹੈ ਪਰ ਇਸਤੋਂ ਅਗਾਂਹ ਇਹਨਾਂ ਵਿੱਚ ਖੂਨ ਦੀ ਮਾਤਰਾ ਨਹੀ ਹੁੰਦੀ। ਇਸ ਲਈ ਵਾਲਾਂ ਤੇ ਨਹੁੰਆਂ ਨੂੰ ਕੱਟਣ ਸਮੇਂ ਦਰਦ ਨਹੀਂ ਹੁੰਦਾ।