ਇਹ ਤੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜੱਟ ਦਾ ਸੁਭਾਅ ਹੈ ਸੱਚੀ ਗੱਲ ਮੂੰਹ ਤੇ ਮਾਰਨੀ। ਫਿਰ ਇਹ ਭਾਵੇਂ ਬੰਦੇ ਦਾ ਮੂੰਹ ਹੋਵੇ ਤੇ ਭਾਵੇਂ ਰੱਬ ਦਾ, ਜੱਟ ਨੂੰ ਕੋਈ ਫਰਕ ਨਹੀਂ ਜਾਪਦਾ। ਪਰ ਲੱਖ ਰੁਪਇਐ ਦਾ ਸਵਾਲ ਇਹ ਉਠਦਾ ਹੈ ਕਿ “ਕੀ ਜੱਟ ਦਾ ਇਹ ਗੁਣ ਜਾਂ ਨਵੇਂ ਜਮਾਨੇ ਦੇ ਹਿਸਾਬ ਨਾਲ ਅਵਗੁਣ ਉਸ ਦੇ ਪਰਲੋਕ ਗਮਨ ਤੋਂ ਬਾਦ ਨਾਲ ਜਾਂਦਾ ਹੈ ਜਾਂ ਇਥੇ ਹੀ ਰਹਿ ਜਾਂਦਾ ਹੈ”? ਵੱਢੇ-ਵਡੇਰਿਆਂ ਦੀ ਮੰਨੀਐਂ ਤਾਂ ਨਾਲ ਕੁਝ ਵੀ ਨਹੀਂ ਜਾ ਸਕਦਾ। ਪਰ ਜੇ ਜੱਟ ਦੇ ਜੀਵਨ ਤੇ ਝਾਤ ਪਾਈਐ ਤਾਂ ਉਹ ਇਸ ਨੂੰ ਛੱਡ ਨਹੀਂ ਸਕਦਾ। ਮੇਰਾ ਵਿਚਾਰ ਹੈ ਕਿ ਕਿਸੇ ਨਾ ਕਿਸੇ ਹੀਲੇ ਜੱਟ ਇਹ ਆਦਤ ਨਾਲ ਲੈ ਹੀ ਜਾਂਦਾ ਹੈ ਤੇ ਇਸ ਦਾ ਉਸ ਨੂੰ ਲਾਹਾ ਵੀ ਮਿਲਦਾ ਹੋਵੇਗਾ। ਬਈ ਆਖਰ ਸੱਚ ਦੀ ਮਾਤਲੋਕ ਵਿਚ ਹੀ ਦੁਰਗੱਤ ਹੈ, ਪਰਲੋਕ ਵਿਚ ਤੇ ਸੱਚ ਨਾਲ ਹੀ ਨਬੇੜੇ ਹੁੰਦੇ ਸੁਣੀਦੇ ਨੇ। ਨਾਂ ਯਕੀਨ ਆਉਂਦਾ ਹੋਵੇ ਤੇ ਮੈਂ ਸਬੂਤ ਪੇਸ਼ ਕਰਦਾ ਹਾਂ। ਹੋਇਆ ਇੰਝ ਕਿ ਇੱਕ ਵਾਰ ਇੱਕ ਦੂਜੇ ਦੇ ਜਾਣਕਾਰ ਤਿੰਨ ਜਾਣੇ;- ‘ਪਟਵਾਰੀ, ਆੜ੍ਹਤੀਆ ਤੇ ਜੱਟ’ ਇੱਕੋ ਗੱਡੀ ਵਿਚ ਸਵਾਰ ਸਨ। ਰੱਬ ਦੀ ਕਰਨੀ ਨਾਲ ਗੱਡੀ ਪਲਟ ਗਈ ਤੇ ਤਿੰਨੇਂ ਅਗਲੇ ਬੰਨੇ ਜਾ ਅੱਪੜੇ।
ਉੱਤੇ ਅਪੜਦਿਆਂ ਹੀ ਜਮਦੂਤਾਂ ਨੇ ਤਿੰਨਾਂ ਨੂੰ ਧਰਮ-ਰਾਜ ਅੱਗੇ ਪੇਸ਼ ਕੀਤਾ। ਪਰ ਲਗਾਤਾਰ ਸੁਣਵਾਈਆਂ ਕਰਦਿਆਂ ਅੱਕੇ ਹੋਏ ਧਰਮ-ਰਾਜ ਨੇ ਕਾਹਲੀ ਵਿਚ ਕਿਹਾ ਕਿ “ਖਾਤੇ ਵੇਖਣ ਦਾ ਸਮਾਂ ਨਹੀਂ ਹੈ ,ਮੂੰਹ-ਜਬਾਨੀ ਫੈਸਲਾ ਕਰਦੇ ਹਾਂ”।
ਪਟਵਾਰੀ ਸਾਰਿਆਂ ਤੋਂ ਅੱਗੇ ਖੜਾ ਸੀ, ਇਸ ਕਰਕੇ ਉਹ ਸੱਭ ਤੋਂ ਪਹਿਲਾਂ ਧਰਮਰਾਜ ਦੇ ਅੜਿੱਕੇ ਚੱੜ੍ਹ ਗਿਆ।ਧਰਮਰਾਜ ਨੇ ਇੱਕੋ ਸਾਹੇ ਕਈ ਸਵਾਲ ਕੱਢ ਮਾਰੇ “ਹਾਂ ਬਈ ਤੂੰ ਸੁਣਾ! ਕੌਣ ਏਂ ਤੇ ਕੀ ਕੰਮ-ਧੰਦਾ ਸੀ ਤੇਰਾ? ਕਮਾਈ-ਧਮਾਈ ਕਿਹੋ ਜਹੀ ਸੀ? ਜ਼ਿੰਦਗੀ ਕਿਵੇਂ ਬੀਤੀ ? ਕਦੀ ਸਾਡਾ ਵੀ ਨਾਂ ਲਿਆ ਸੀ ਜਾਂ ਐਵੇਂ ਹੀ ਸਾਰ ਆਇਐਂ”?
ਇਨੇ ਸਵਾਲ ਸੁਣ ਕੇ ਪਟਵਾਰੀ ਕੰਬਦੀ ਅਵਾਜ਼ ਪਰ ਆਦਤਨ ਸਰਕਾਰੀ ਚਾਪਲੂਸੀ ਦੇ ਅੰਦਾਜ਼ ਵਿਚ ਬੋਲਿਆ “ਜੀ ਮੈਂ ਪਟਵਾਰੀ ਸਾਂ ਤੇ ਤੁਹਾਡੀ ਕਿਰਪਾ ਨਾਲ ਕਮਾਈ ਵੀ ਚੰਗੀ-ਚੋਖੀ ਸੀ। ਇੱਕ ਤੇ ਸਰਕਾਰ ਤੋਂ ਤਨਖਾਹ ਮਿਲਦੀ ਤੇ ਦੂਜੇ ਜੱਟ ਮਾਇਆ ਦੇ ਖੁੱਲੇ ਗੱਫੇ ਦੇ ਜਾਂਦੇ ਸਨ। ਸਵੇਰੇ-ਸ਼ਾਮ ਤੁਹਾਡਾ ਨਾਂ ਲਿਆ ਤੇ ਤੁਸੀਂ ਵੀ ਦਾਸ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੀ ਛੱਡਿਆ। ਜ਼ਿੰਦਗੀ ਸੁੱਖ-ਅਰਾਮ ਨਾਲ ਬੀਤੀ ਆ ਜੀ ”।
ਜਵਾਬ ਸੁਣ ਕੇ ਚੇਹਰੇ ਅਤੇ ਅਵਾਜ਼ ’ਚੋਂ ਖਿਝ ਦਾ ਪ੍ਰਗਟਾਵਾ ਕਰਦਿਆਂ ਧਰਮਰਾਜ ਨੇ ਜਮਦੂਤਾਂ ਨੂੰ ਆਦੇਸ਼ ਦਿੱਤਾ “ਸੁੱਟ ਦਿਉ ਇਹਨੂੰ ਨਰਕਾਂ ਵਿਚ”। ਜਮਦੂਤ ਜਿਵੇਂ ਪਹਿਲਾਂ ਤੋਂ ਹੀ ਫੈਸਲੇ ਤੋਂ ਜਾਣੂੰ ਸਨ, ਮਿੰਟ ਤੋਂ ਪਹਿਲਾਂ ਪੱਟਵਾਰੀ ਨੂੰ ਧੌਣੋਂ ਫੜਿਆ ਤੇ ਧੂੰਦ੍ਹੇ ਹੋਏ ਨਰਕਾਂ ਨੂੰ ਲੈ ਤੁਰੇ।
ਹੁਣ ਵਾਰੀ ਆਈ ਆੜ੍ਹਤੀਏ ਦੀ। ਪਟਵਾਰੀ ਦਾ ਹਸ਼ਰ ਵੇਖ ਕੇ ਲੱਤਾਂ ਕੰਬਣ ਲੱਗੀਆਂ ਤੇ ਸਿਰ ਚਕਰਾਉਣ ਲੱਗਾ। ਪਰ ਫਿਰ ਆਪਣੇ-ਆਪ ਨੂੰ ਰਤਾ ਸੰਭਾਲਿਆ ਤੇ ਸੋਚਿਆ ਕਿ ਪਟਵਾਰੀ ਸ਼ਾਇਦ ਖੁੱਲੇ ਗੱਫੇ ਦੱਸਣ ਕਾਰਨ ਫੱਸ ਗਿਆ ਹੈ। ਅਜੇ ਸੋਚਾਂ ਚਲ ਹੀ ਰਹੀਆਂ ਸਨ ਕਿ ਇਨੇ ਨੂੰ ਧਰਮਰਾਜ ਦੇ ਪੱਟਵਾਰੀ ਵਾਲੇ ਸਵਾਲ ਇੱਕ ਵਾਰ ਫਿਰ ਗੂੰਜ ਉੱਠੇ।
ਹੱਥ ਜੋੜ ਕੇ ਥਿੜਕਦੀ ਅਵਾਜ਼ ਵਿਚ ਬੋਲਿਆ “ਜੀ! ਜੀ ਮੈਂ ਆੜ੍ਹਤੀਆ ਸਾਂ ਤੇ ਤੁ–ਤੁਹਾਡੀ ਕਿਰਪਾ ਨਾਲ ਸਾਲ ਵਿਚ ਦੋ-ਤਿੱਨ ਵਾਰ ਮੰ–ਮੰਡੀਆਂ ਵਿਚ ਜੱਟਾਂ ਦੀ ਫਸਲ ਆਉਣ ਤੇ ਭੱ–ਭੱਜ-ਨਸ ਕੇ ਠੀਕ-ਠਾਕ ਕਮਾਈ ਹੋ ਜਾਂਦੀ ਸੀ, ਪਰ ਸ–ਸਰਕਾਰ ਤੋਂ ਕੋਈ ਤਨਖਾਹ ਨਹੀਂ ਸੀ ਮਿਲਦੀ ਜੀ, ਤੇ ਨਾਂ ਹੀ ਜੱ–ਜੱਟ ਖੁੱਲੇ ਗੱਫੇ ਦਿੰਦੇ ਸਨ ਜੀ”। (ਪਰ ਇਥੇ ਧਰਮਰਾਜ ਦੇ ਮੱਥੇ ਤੇ ਵੱਧਦੀਆਂ ਤਿਉੜੀਆਂ ਤੋਂ ਘਬਰਾ ਕੇ ਸੱਚ ਬੋਲ ਗਿਆ ਕਿ) “ਜੀ ਬੜੇ ਤਿਕੜਮ ਲੜਾ ਕੇ ਜੱ–ਜੱਟਾਂ ਤੇ ਸ–ਸਰਕਾਰ ਦੀਆ ਜੇਬਾਂ ਕ-ਕੱਟ ਕੇ ਨੋਟ ਕੱਢਣੇ ਪੈਂਦੇ ਸਨ। ਫਿਰ ਵੀ ਤੁ–ਤੁਹਾਡੀ ਮੇਹਰ ਨਾਲ ਜੀਵਨ ਸੋਹਣਾ ਬੀਤਿਆ। ਸਵੇਰੇ-
ਸ਼–ਸ਼ਾਮ ਤੁਹਾਡਾ ਨਾਂ ਲਿਆ, ਬਸ ਮ-ਮੇਹਰਾਂ ਸਨ ਜੀ”।
ਪਰ ਪਤਾ ਨਹੀਂ ਧਰਮਰਾਜ ਦੇ ਮਨ ਵਿਚ ਕੀ ਆਇਆ, ਆੜ੍ਹਤੀਐ ਦਾ ਜਵਾਬ ਸੁਣ ਕੇ ਗੁੱਸੇ ਵਿਚ ਅੱਖਾਂ ਲਾਲ ਕਰਦਿਆਂ ਇਕ ਵਾਰ ਫਿਰ ਪਹਿਲਾਂ ਵਾਲਾ ਹੀ ਫੈਸਲਾ ਕੱਢ ਮਾਰਿਆ। ਇਸ ਤੋਂ ਪਹਿਲਾਂ ਕੇ ਆੜ੍ਹਤੀਆ ਕੁਝ ਸਮਝ ਸਕਦਾ, ਪਤਾ ਨਹੀਂ ਕਿਹੜੇ ਖੂੰਜੇ ਤੋਂ ਦੋ ਹੋਰ ਜਮ-ਦੂਤ ਨਿਕਲੇ ਤੇ ਹਾਲ-ਪਾਹਰਿਆ ਪਾਉਂਦੇ ਆੜ੍ਹਤੀਏ ਨੂੰ ਕੱਛਾਂ ਇਚ ਬਾਹਵਾਂ ਪਾ ਕੇ ਧੂੰਦੇ ਹੋਏ ਨਰਕਾਂ ਨੂੰ ਲੈ ਤੁਰੇ।
ਦੋਵੇਂ ਨਰਕ ਵਿਚ ਇਕੱਠੇ ਖਲੋ ਕੇ ਆਪਣੇ ਨਾਲ ਹੋਏ ਧੱਕੇ ਬਾਰੇ ਗੱਲਾਂ ਕਰਦਿਆਂ ਧਰਮਰਾਜ ਦੇ ਤਾਨਾਸ਼ਾਹੀ ਸੁਭਾਅ ਨੂੰ ਮੰਦਾ-ਚੰਗਾ ਆਖਦੇ ਹੋਏ ਜੱਟ ਦਾ ਰਾਹ ਵੇਖਣ ਲੱਗੇ। ਪਰ ਜਦੋਂ ਲੰਮਾ ਸਮਾਂ ਬੀਤਣ ਤੇ ਜੱਟ ਨਾਂ ਆਇਆ ਤਾਂ ਸੰਤਰੀ ਦੀ ਡਿਉਟੀ ਤੇ ਖੜੇ ਜਮਦੂਤਾਂ ਤੋਂ ਉਸ ਬਾਬਤ ਪੁੱਛਣ ਤੁਰ ਪਏ।ਸੰਤਰੀ ਨੇ ਆਪਣੀ ਦਿਵ-ਸ਼ਕਤੀ ਦੀ ਮਦਦ ਨਾਲ ਪਤਾ ਕਰਕੇ ਦੱਸਿਆ ਕਿ ਜੱਟ ਤਾਂ ਸਵ੍ਰਗਾਂ ਦੇ ਨਜ਼ਾਰੇ ਲੈ ਰਿਹਾ ਹੈ। ਏਨਾ ਸੁਣਦਿਆਂ ਹੀ ਦੋਵਾਂ ਨੇ ਪਿੱਟ-ਸਿਆਪਾ ਪਾ ਦਿੱਤਾ ਕਿ “ਇਹ ਕਿਹੋ ਜਿਹਾ ਇੰਸਾਫ ਹੈ? ਅਸੀਂ ਸਾਰੀ ਉਮਰ ਇੱਕ ਦੂਜੇ ਨਾਲ ਰਹੇ ਤੇ ਮਰ ਕੇ ਵੀ ਕੱਠੇ ਹੀ ਅੱਪੜੇ ਆਂ, ਫਿਰ ਇਹ
ਵਿਤਕਰਾ ਕਿਉਂ”? ਇਹ ਵੇਖ ਕੇ ਸੰਤਰੀ ਨੇ ਦੋਵਾਂ ਦੇ ਮਨ ਦੇ ਸ਼ੰਕੇ ਦੂਰ ਕਰਨ ਦੇ ਮਕਸਦ ਨਾਲ ਇੱਕ ਵਾਰ ਫਿਰ ਦਿਵ-ਸ਼ਕਤੀ ਵਰਤਦਿਆਂ ਜੱਟ ਤੇ ਧਰਮਰਾਜ ਦੇ ਸਵਾਲ-ਜਵਾਬ ਦੇ ਸਿਲਸਿਲੇ ਨੂੰ ਫਿਲਮ ਦੀ ਰਿਕਾਰਡਿੰਗ ਵਾਂਗ ਨਰਕ ਦੀ ਕੰਧ ਤੇ ਪੇਸ਼ ਕਰ ਦਿੱਤਾ।ਰਿਕਾਰਡਿੰਗ ਵਿਚ ਸਾਫ ਨਜ਼ਰ ਆ ਰਿਹਾ ਸੀ ਕਿ ਧਰਮਰਾਜ ਨੇ ਜੱਟ ਨੂੰ ਰਤਾ ਘੂਰ ਕੇ ਵੇਖਿਆ ਪਰ ਜੱਟ ਨੇ ਬੇਪਰਵਾਹੀ ਵਿਚ ਮੁੰਹ ਦੂਜੇ ਬੰਨੇ ਕਰ ਲਿਆ।
ਗੁੱਸੇ ਵਿਚ ਧਰਮਰਾਜ ਬੋਲਿਆ “ਹਾਂ ਬਈ ਹੁਣ ਤੂੰ ਸੁਣਾ,ਤੇਰਾ ਕੀ ਕੰਮ ਸੀ”?
ਜੱਟ ਅੱਖਾਂ ਜਹਿਆਂ ਘਮੇਰਦਾ ਹੋਇਆ ਬੋਲਿਆ “ਕੰਮ ਕੀ ਸੀ, ਸਾਰੀ ਉਮਰ ਵਾਹੀ ਕੀਤਾ ਆ ਤੇ ਮਿੱਟੀ ਨਾਲ ਮਿੱਟੀ ਹੋਇਆਂ”।
ਧਰਮਰਾਜ ਥੋੜਾ ਹੋਰ ਗੁੱਸੇ ਵਿਚ ਬੋਲਿਆ “ਕਮਾਈ ਕਿਹੋ ਜਹੀ ਸੀ”?
ਜੱਟ ਵੀ ਹੋਰ ਆਕੜ ਕੇ “ਕੇੜ੍ਹੀ ਕਮਾਈ! ਮੇਰਾ ਤੇ ਪੱਲਿਉਂ ਲਾਇਆ ਵੀ ਨਹੀਂ ਸੀ ਮੁੜਦਾ”।
ਪੁੱਠੇ ਜਵਾਬ ਨਾਂ ਸੁਣਨ ਦਾ ਆਦਿ ਧਰਮਰਾਜ ਪੂਰੇ ਰੋਹ ਵਿਚ ਗਰਜਿਆ “ਉਏ ਕੁਝ ਤੇ ਪੱਲੇ ਪੈਂਦਾ ਹੋਉ”?
ਜੱਟ ਵੀ ਦੰਦ ਕਰੀਚਦਾ ਹੋਇਆ ਸਾਰੀ ਜ਼ਿੰਦਗੀ ਦਾ ਗੁੱਸਾ ਅੱਖਾਂ ਵਿਚ ਲਿਆ ਕੇ ਬੋਲਿਆ “ਖਸਮਾਂ ਪੱਕੀ ਫਸਲ ਤੇ ਗੜੇ ਸੁੱਟ ਦਿੰਦਾ ਸੈਂ ਜਾਂ ਨ੍ਹੇਰੀਆਂ ਵਗਾ ਛੱਡਦਾ ਸੈਂ। ਉਤੋਂ ਹਾ ਤੇਰੀਆਂ ਮੇਹਰਾਂ ਦੇ ਸਦਕੇ ਜਾਣ ਵਾਲੇ ਪਟਵਾਰੀ ਤੇ ਆੜਤੀਏ ਮੇਰੀਆਂ ਮੌਰਾਂ ਤੇ ਚੜ੍ਹਾਏ ਸਨ। ਪੱਲੇ ਕਦੀ ਕੁਛ ਪੈਣ ਦਿੱਤਾ ਈ ਜਿਹਦਾ ਹਿਸਾਬ ਮੰਗਣ ਖਲੋ ਗਿਐਂ ”?
ਜੱਟ ਦਾ ਸਿੱਧਾ ਪਰ ਸੱਚਾ ਜਵਾਬ ਸੁਣ ਕੇ ਧਰਮਰਾਜ ਥੋੜਾ ਢਿੱਲਾ ਜਿਹਾ ਹੋ ਕੇ ਬੋਲਿਆ “ਉਏ ਛੱਡ ਕਮਾਈ-ਧਮਾਈ ਇਹ ਦੱਸ ਜ਼ਿੰਦਗੀ ਕਿਵੇਂ ਬੀਤੀ”?
ਜੱਟ ਮੱਥੇ ਤੇ ਵੱਟ ਪਾਉਂਦਾ ਹੋਇਆ “ਕਿਵੇਂ ਕੀ ਬੀਤਣੀ ਸੀ? ਆਪਣੀ ਹਿੰਮਤ ਨਾਲ ਵਧੀਆ ਗੁਜਾਰ ਆਏ ਆਂ ”।
ਧਰਮਰਾਜ ਹੁਣ ਮੱਥੇ ਤੋਂ ਮੁੜਕਾ ਪੂੰਝਦਾ ਹੋਇਆ “ਜੱਟਾ ਕਦੀ ਮੇਰਾ ਨਾਂ ਲਿਆ ਸੀ”?
ਜੱਟ ਇੱਕ ਵਾਰ ਫਿਰ ਗੱਸੇ ਵਿਚ ਮੁੱਠਾਂ ਮੀਟ ਕੇ ਤੇ ਦੰਦ ਕਰੀਚਦਾ ਹੋਇਆ ਇੱਕੋ ਸਾਹੇ ਬੋਲਣ ਲੱਗਾ “ਨਾ! ਕੀਤਾ ਕੀ ਤੂੰ ਮੇਰੇ ਲਈ ਜੋ ਤੇਰਾ ਨਾਮ ਜਪਦਾ? ਨਾਲੇ ਕਿਹੜੇ ਕੰ– ਕੋਲ ਇਨਾ ਵੇਲ੍ਹ ਸੀ? ਹਲ ਵਾਉਂਦਾ, ਪਾਣੀ ਲਾਉਂਦਾ, ਗੋਡੀਆਂ ਕਰਦਾ,ਸਪ੍ਰੇਆਂ ਕਰਦਾ, ਵਾਡੀਆਂ ਕਰਦਾ, ਬੇਨਤੀਜੀਆਂ ਰੈਲੀਆਂ ਵਿਚ ਜਾਂਦਾ, ਮੀਂਹਾਂ-ਝੱਖੜਾਂ, ਹੜ੍ਹਾਂ-ਸੋਕਿਆਂ ਤੋਂ ਬੱਚਦਾ, ਮੁਆਵਜਿਆਂ ਵਾਲੀਆਂ ਲਾਈਨਾਂ ਵਿਚ ਖੜੌਂਦਾ ਜਾਂ ਚੌਂਕੜਾ ਮਾਰ ਕੇ ਤੇਰਾ ਨਾਂ ਜਪਦਾ। ਨਾਲੇ ਨਾਂ ਜਪਾਉਣ
ਦਾ ਇਨਾ ਚਾਅ ਸੀ ਤੇ ਬੰਦੇ ਦਾ ਪੁੱਤ ਬਣ ਕੇ ਮੇਰੇ ਨਾਲ ਵੀ ਕੋਈ ਪਟਵਾਰੀ ਜਾਂ ਆੜਤੀਏ ਵਾਂਗ ਭਲਾਈ ਕਰਦੋਂ”।
ਧਰਮਰਾਜ ਮੁਸ਼ਕੜੀਆਂ ਵਿਚ ਹੱਸਦਾ ਹੋਇਆ ਬੋਲ ਉਠਿਆ “ੳਏ ਭੇਜੋ ਇਨੂੰ ਸਵ੍ਰਗਾਂ ਵਿਚ, ਨਰਕ ਤੇ ਵਿਚਾਰਾ ਕੱਟ ਆਇਆ”।
ਏਨੀ ਗੱਲ ਸੁਣਦਿਆਂ ਹੀ ਫਿਰ ਪਤਾ ਨਹੀਂ ਕਿਹੜੇ ਖੂੰਜਿਉਂ ਦੋ ਜੰਮ-ਦੂਤ ਨਿਕਲੇ ਤੇ ਜੱਟ ਦੇ ਖੱਬੇ-ਸੱਜੇ ਆਣ ਖਲੋਤੇ, ਪਰ ਇਸ ਵਾਰ ਮੁੱਖ ਤੇ ਰੋਹਬ ਦੀ ਥਾਂ ਮੁਸਕੁਰਾਹਟ ਨਜ਼ਰੀਂ ਪੈ ਰਹੀ ਸੀ। ਦੋਵੇਂ ਮਾਰਗ-ਦਰਸ਼ਨ ਕਰਦੇ ਹੋਏ ਜੱਟ ਨੂੰ ਸਵ੍ਰਗ ਦੇ ਰਾਹ ਲੈ ਤੁਰੇ, ਪਰ ਜਿਵੇਂ ਹੀ ਉਸ ਮੱਹਲ-ਨੁਮਾਂ ਕਮਰੇ ’ਚੋਂ ਬਾਹਰ ਨਿਕਲਣ ਲੱਗੇ ਤਾਂ ਇੱਕ ਜਮਦੂਤ ਨੇ ਪਿੱਛੇ ਧੌਣ ਅਕੜਾਈ ਤੁਰੇ ਜਾਂਦੇ ਜੱਟ ਨੂੰ ਨਿਮਰਤਾ ਸਹਿਤ ਕਿਹਾ ਕਿ- “ਜੱਟਾ ਧਰਮਰਾਜ ਜੀ ਨੇ ਤੈਨੂੰ ਸਵ੍ਰਗਾਂ ਦੇ ਰਾਹਤੋਰਿਆ ਹੈ, ਰਤਾ ਉਨ੍ਹਾਂ ਦਾ ਧੰਨਵਾਦ ਤੇ ਕਰਦਾ ਜਾ”।
ਪਰ ਜੱਟ ਪਿੱਛੇ ਮੁੜੇ ਬਿਨਾਂ ਹੀ ਜਾਣ-ਬੁੱਝ ਕੇ ਧਰਮਰਾਜ ਨੂੰ ਸੁਨਾਉਣ ਦਾ ਮਾਰਾ ਉੱਚੀ-ਦੇਣੀ ਬੋਲਿਆ “ਨਾਂ ਸਵ੍ਰਗ ਵੀ ਕਦੇ ਕਿਸੇ ਨੂੰ ਕਿਸੇ ਦੀ ਮੇਹਰਬਾਨੀ ਨਾਲ ਮਿਲਦਾ ਆ, ਜੋ ਮੈਂ ਕਿਸੇ ਦੇ ਪੈਰੀਂ ਹੱਥ ਲਾਉਂਦਾ ਫਿਰਾਂ। ਉਏ ਇਹ ਤੇ ਸਾਰੀ ਉਮਰ ਦੇ ਕਰਮਾਂ ਦੇ ਲੇਖੇ-ਜੋਖੇ ਦੇ ਬਦਲੇ ਹੀ ਨਸੀਬ ਹੁੰਦਾ ਆ। ਸਾਰੀਉਮਰ ਖਪਾ ਤੀ ਮਿਹਨਤ, ਸਿਰੜ ਤੇ ਸਬਰ-ਸੰਤੋਖ ਦੇ ਰਾਹ ਤੇ ਤੁਰਦਿਆਂ, ਫਿਰ ਕਿਤੇ ਇਹਦੇ ਹੱਕਦਾਰ ਬਣੇ ਆਂ। ਆਪਣੇ ਤੋਂ ਨਹੀਂ ਹੁੰਦੀਆਂ ਕਿਸੇ ਦੀਆਂ ਖੁਸ਼ਾਮਦਗੀਆਂ, ਨਾਲੇ ਤੁਸੀਂ ਵੀ ਤੇ ਵੇਖ ਹੀ ਲਿਆ ਵਾ ਨਾਂ ਪਟਵਾਰੀ ਤੇ ਆੜ੍ਹਤੀਏ ਵਰਗੇ ਖੁਸ਼ਾਮਦਗੀਆਂ ਦਾ ਹਾਲ”।
ਏਨੀ ਗਲ ਕਹਿੰਦਾ ਹੋਇਆ ਮੁਸ਼ਕੜੀਆਂ ਵਿਚ ਸ਼ਰਾਰਤੀ ਪਰ ਸਕੂਨ ਦਾ ਹਾਸਾ ਹੱਸਦਾ ਜੱਟ ਕਮਰੇ ਵਿਚੋਂ ਨਿਕਲ ਗਿਆ। ਏਧਰ ਧਰਮਰਾਜ ਨੇ ਵੀ ਲੰਮਾਂ ਪਰ ਸੁਕੂਨ ਦਾ ਸਾਹ ਲਿਆ ਜਿਵੇਂ ਵਰ੍ਹਿਆਂ ਤੋਂ ਬੇਇੰਸਾਫੀ ਦੇ ਧੱਕੇ ਚੱੜ੍ਹੇ ਕਿਸੇ ਮੁੱਦਈ ਨੂੰ ਉਸ ਦਾ ਹੱਕ ਦਵਾਉਣ ਵਿਚ ਕਾਮਯਾਬ ਰਿਹਾ ਹੋਵੇ। ਉਧਰ ਪੱਟਵਾਰੀ ਤੇ ਆੜ੍ਹਤੀਆ ਇਹ ਸੱਭ ਵੇਖ-ਸੁਣ ਕੇ ਪਿੱਛੋਕੜ ਵਲ ਝਾਤੀ ਮਾਰਦੇ ਹੋਏ ਨਿੰਮੋਝਾਣੇ ਜਿਹੇ ਹੋ ਕੇ ਰਹਿ ਗਏ।
Very nice