ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਪਿੱਛਲੇ ਇੱਕ ਸਾਲ ਤੋਂ ਚਲੇ ਆ ਰਹੇ ਗਵਰਨਰੀ ਰਾਜ ਵਾਲੀ ਦਿੱਲੀ ਵਿੱਚ 7 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ ਅਤੇ 10 ਫਰਵਰੀ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। 14 ਤੋਂ 21 ਜਨਵਰੀ ਤੱਕ ਨਾਂਮਜ਼ਦਗੀ ਪੇਪਰ ਦਾਖਿਲ ਕੀਤੇ ਜਾਣਗੇ ਅਤੇ 24 ਜਨਵਰੀ ਤੱਕ ਨਾਂ ਵਾਪਿਸ ਲਏ ਜਾ ਸਕਦੇ ਹਨ।
ਮੁੱਖ ਚੋਣ ਕਮਿਸ਼ਨਰ ਬੀਐਸ ਸੰਪਤ ਨੇ ਦਿੱਲੀ ਵਿੱਚ ਚੋਣਾਂ ਦੀ ਘੋਸ਼ਣਾ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਨੋਟਾ ਦਾ ਵਿਕਲਪ ਵੀ ਰੱਖਿਆ ਗਿਆ ਹੈ। ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਵਿੱਚੋਂ 12 ਸੀਟਾਂ ਰੀਜ਼ਰਵ ਰੱਖੀਆਂ ਗਈਆਂ ਹਨ। ਦਿੱਲੀ ਵਿੱਚ ਕੁਲ ਇੱਕ ਕਰੋੜ 30 ਲੱਖ ਵੋਟਰ ਹਨ। 11 ਹਜ਼ਾਰ ਤੋਂ ਵੱਧ ਮੱਤਦਾਨ ਕੇਂਦਰ ਬਣਨਗੇ। ਵੋਟਰਾਂ ਦੀ ਮੱਦਦ ਲਈ ਹੈਲਪ ਲਾਈਨ ਨੰਬਰ ਦਿੱਤੇ ਜਾਣਗੇ। ਅੱਜ ਤੋਂ ਹੀ ਚੋਣ ਜਾਬਤਾ ਲਾਗੂ ਹੋ ਜਾਵੇਗਾ।
ਪਿੱਛਲੇ ਸਾਲ ਹੋਈਆਂ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਨੂੰ ਬਹੁਮੱਤ ਨਹੀਂ ਸੀ ਮਿਲਿਆ। ਕਾਂਗਰਸ ਦੇ ਸਹਿਯੋਗ ਨਾਲ ਬਣੀ ਆਪ ਦੀ ਸਰਕਾਰ ਵੀ ਮੁੱਖਮੰਤਰੀ ਨੇ ਸਿਰਫ 49 ਦਿਨ ਤੱਕ ਚਲਾ ਕੇ ਹੀ ਅਸਤੀਫ਼ਾ ਦੇ ਦਿੱਤਾ ਸੀ। ਉਸ ਸਮੇਂ ਤੋਂ ਹੀ ਦਿੱਲੀ ਵਿੱਚ ਰਾਜਪਾਲ ਦਾ ਰਾਜ ਲਾਗੂ ਸੀ।