ਫਤਿਹਗੜ੍ਹ ਸਾਹਿਬ – “ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਸ. ਗੁਰਬਖਸ਼ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਦ੍ਰਿੜ੍ਹਤਾ ਭਰੇ ਕੌਮੀ ਸੰਘਰਸ਼ ਨੂੰ ਜਦੋਂ ਭਾਰਤ, ਪੰਜਾਬ ਅਤੇ ਵਿਦੇਸ਼ਾਂ ਵਿਚ ਵੱਡਾ ਸਹਿਯੋਗ ਮਿਲ ਰਿਹਾ ਹੈ ਅਤੇ ਸ. ਗੁਰਬਖਸ਼ ਸਿੰਘ ਖਾਲਸਾ ਜੋ ਗੁਰੂਦੁਆਰਾ ਲਖਨੌਰ ਸਾਹਿਬ (ਅੰਬਾਲਾ) ਵਿਖੇ ਬੀਤੇ 59 ਦਿਨਾਂ ਤੋਂ ਨਿਰੰਤਰ ਭੁੱਖ ਹੜਤਾਲ ਉਤੇ ਬੈਠ ਕੇ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਤਹੱਈਆ ਕੀਤਾ ਹੋਇਆ ਸੀ ਕਿ ਜਾਂ ਬੰਦੀ ਸਿੰਘ ਰਿਹਾਅ ਹੋਣਗੇ ਜਾਂ ਫਿਰ ਮੈਂ ਸ਼ਹਾਦਤ ਦੇਵਾਂਗਾ, ਉਪਰੰਤ ਸੜਕਾਂ ਉਤੇ ਕੌਮ ਵੱਲੋਂ ਉਤਰ ਆਉਣ ਨਾਲ ਸੈਂਟਰ ਦੀ ਮੋਦੀ ਹਕੂਮਤ, ਪੰਜਾਬ ਦੀ ਬਾਦਲ ਦੀ ਹਕੂਮਤ ਅਤੇ ਹਰਿਆਣਾ ਹਕੂਮਤ ਨੂੰ ਕੰਬਣੀ ਛਿੜ ਗਈ ਸੀ। ਕਿਊਂਕਿ ਕੌਮ ਆਪਣੇ ਇਸ ਸਟੈਂਡ ਉਤੇ ਇਕੱਤਰ ਹੋ ਕੇ ਡੱਟ ਚੁੱਕੀ ਹੈ। ਇਹੀ ਵਜ੍ਹਾ ਹੈ ਕਿ ਮੋਦੀ ਅਤੇ ਬਾਦਲ ਦੇ ਹੁਕਮਾਂ ਉਤੇ ਹਰਿਆਣਾ ਦੀ ਖੱਟੜ ਹਕੂਮਤ ਨੇ ਸ. ਗੁਰਬਖਸ਼ ਸਿੰਘ ਖਾਲਸਾ ਨੂੰ ਜਬਰੀ ਚੁੱਕ ਕੇ ਹਸਪਤਾਲ ਦਾਖਿਲ ਕਰਵਾ ਦਿੱਤਾ ਹੈ। ਅਜਿਹੇ ਅਮਲ ਕਰਨ ‘ਤੇ ਵੀ ਹਕੂਮਤਾਂ ਸਾਡੇ ਕੌਮੀ ਸੰਘਰਸ਼ ਨੂੰ ਬਿਲਕੁਲ ਕਮਜੋਰ ਨਹੀਂ ਕਰ ਸਕਣਗੀਆਂ। ਕਿਊਂਕਿ ਸ. ਗੁਰਬਖਸ਼ ਸਿੰਘ ਖਾਲਸਾ ਜਿਥੇ ਹਸਪਤਾਲ ਵਿਚ ਵੀ ਚੜ੍ਹਦੀ ਕਲਾ ਵਿਚ ਹਨ, ਉਥੇ ਕੌਮ ਪਹਿਲੇ ਨਾਲੋਂ ਵੀ ਵਧੇਰੇ ਦ੍ਰਿੜ੍ਹ ਹੁੰਦੀ ਹੋਈ ਫਿਰਕੂ ਅਤੇ ਸਿੱਖ ਕੌਮ ਵਿਰੋਧੀ ਹੁਕਮਰਾਨਾ ਨਾਲ ਆਰ-ਪਾਰ ਦੀ ਲੜਾਈ ਲੜਨ ਲਈ ਤੱਤਪਰ ਹੋਈ ਬੈਠੀ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਦੀ ਖੱਟੜ ਹਕੂਮਤ ਵੱਲੋਂ ਖੂਫੀਆ ਏਜੰਸੀਆਂ ਦੀ ਮਿਲੀ ਭੁਗਤ ਨਾਲ ਸ. ਗੁਰਬਖਸ਼ ਸਿੰਘ ਨੂੰ ਅਤੇ ਊਹਨਾਂ ਦੇ ਦੇ ਅਸਥਾਨ ‘ਤੇ ਕਾਕਾ ਗੁਰਪਿਆਰ ਸਿੰਘ ਨੂੰ ਜਬਰੀ ਗੈਰਕਾਨੂੰਨੀ ਅਤੇ ਗੈਰਸਮਾਜਿਕ ਤਰੀਕੇ ਉਠਾ ਦੇਣ ਦੇ ਅਮਲਾਂ ਉਤੇ ਡੂੰਘਾ ਦੁੱਖ ਜਾਹਰ ਕਰਦੁ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਬੇਸ਼ੱਕ ਤਿੰਨੋਂ ਹਕੂਮਤਾਂ ਨੇ ਸਾਜਿਸ਼ੀ ਢੰਗ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਸੰਘਰਸ਼ ਨੂੰ ਤਾਰਪੀਡੋ ਕਰਨ ਅਤੇ ਸ. ਖਾਲਸਾ ਦੇ ਲੜਕੇ ਸ. ਜੁਗਰਾਜ ਸਿੰਘ ਅਤੇ ਖਾਲਸਾ ਜੀ ਦੀ ਧਰਮ ਪਤਨੀ ਉਤੇ ਸਿਆਸੀ ਤੌਰ ‘ਤੇ ਦਬਾਅ ਪਾ ਕੇ, ਉਹਨਾਂ ਦੇ ਨਾਮ ਉਤੇ ਗੁਮਰਾਹਕੁੰਨ ਬਿਆਨ ਜਾਰੀ ਕਰਨ ਦੇ ਹੱਥਕੰਡੇ ਵਰਤੇ ਜਾ ਰਹੇ ਹਨ, ਲੇਕਿਨ ਹੁਕਮਰਾਨ ਆਪਣੇ ਮੰਦਭਾਵਨਾ ਭਰੇ ਮਿਸ਼ਨ ਵਿਚ ਕਾਮਯਾਬ ਨਹੀਂ ਹੋ ਸਕਣਗੇ। ਸ.ਮਾਨ ਨੇ ਅੱਗੇ ਚਲ ਕੇ ਕਿਹਾ ਕਿ ਹਰਿਆਣਾ ਗਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਵੱਲੋਂ ਸਮੁੱਚੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਗੁਰੂਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਅੱਜ ਰੱਖੀ ਗਈ ਇਕੱਤਰਤਾ ਵਿਚ ਜੋ ਸਰਬਸੰਮਤੀ ਨਾਲ ਫੈਸਲਾ ਹੋਵੇਗਾ ਉਸਨੂੰ ਸਮੁੱਚੀ ਸਿੱਖ ਕੌਮ ਅਤੇ ਲੀਡਰਸਿ਼ਪ ਲਾਗੂ ਕਰਨ ਲਈ ਤਿਆਰ ਰਹੇ। ਸਿੱਖ ਕੌਮ ਹੁਕਮਰਾਨਾ ਦੀ ਹਰ ਚੁਨੌਤੀ ਨੂੰ ਪ੍ਰਵਾਨ ਕਰਦੇ ਹੋਏ, ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮਿਸ਼ਨ ਨੂੰ ਕਾਨੂੰਨੀ ਅਤੇ ਇਖਲਾਕੀ ਤੌਰ ‘ਤੇ ਅਵੱਸ਼ ਫਤਿਹ ਕਰੇਗੀ। ਬਸ਼ਰਤੇ ਸਿੱਖ ਕੌਮ ਫਿਰਕੂ ਸਾਜਿਸ਼ਾਂ ਤੇ ਬਾਜ ਨਜਰ ਰੱਖੇ।
ਉਹਨਾਂ ਕਿਹਾ ਕਿ ਸਾਡੇ ਕੋਲ ਇਤਲਾਹ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਕੌਮੀ ਮਨਾਂ ਵਿਚੋਂ ਮਨਫੀ ਹੁੰਦੇ ਜਾ ਰਹੇ ਇਹ ਆਗੂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦੀ ਸੋਚ ਉਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਵਾਲੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਆਪਣੀ ਹੁੰਦੀ ਹਾਰ ਵੇਖ ਕੇ ਇਕ ਹੋਰ ਬਜਰ ਗੁਸਤਾਖੀ ਕਰਨ ਜਾ ਰਹੇ ਹਨ ਕਿ ਗਿਆਨੀ ਜੀ ਨੀ ਗੈਰਸਿਧਾਂਤਕ ਤਰੀਕੇ ਇਸ ਉੱਚ ਆਹੁਦੇ ਤੋਂ ਫਾਰਗ ਕਰਨ ਦੀ ਤਿਆਰੀ ਵਿਚ ਮਸ਼ਰੂਫ ਹਨ। ਜਿਸ ਨੂੰ ਸਿੱਖ ਕੌਮ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ । ਉਹਨਾਂ ਸ. ਬਾਦਲ ਨੂੰ ਨੇਕ ਸਲਾਹ ਦਿੰਦੇ ਹੋਏ ਕਿਹਾ ਕਿ ਜਦੋਂ 1996 ਵਿਚ ਉਹਨਾਂ ਵੱਲੋਂ ਸਭ ਸਿੱਖੀ ਅਸੂਲ , ਸਿਧਾਂਤ ਛਿੱਕੇ ਟੰਗ ਕੇ ਮੋਗਾ ਵਿਖੇ ਹੋਣ ਵਾਲੀ ਅਕਾਲੀ ਕਾਨ੍ਹਫਰੰਸ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਾ ਕੇ ਹਿੰਦੂਤਵ ਤਾਕਤਾਂ ਦੇ ਗੁਲਾਮ ਬਣ ਕੇ ਪੰਜਾਬੀ ਪਾਰਟੀ ਬਣਾ ਦਿੱਤਾ ਸੀ, ਇਹੀ ਵਜ੍ਹਾ ਹੈ ਕਿ ਅੱਜ ਬਾਦਲ ਦਲ ਸਿੱਖ ਕੌਮ ਵਿਚੋਂ ਹਾਸ਼ੀਏ ਉਤੇ ਪਹੁੰਚ ਚੁੱਕਾ ਹੈ ਅਤੇ ਉਸਦੇ ਆਗੂ ਜਾਂ ਤਾਂ ਘਰ ਬੈਠ ਰਹੇ ਹਨ, ਜਾਂ ਫਿਰ ਬੀਜੇਪੀ ਦੇ ਜਹਾਜ ਜਿਚ ਛਾਲਾਂ ਮਾਰ ਰਹੇ ਹਨ। ਉਹਨਾਂ ਕਿਹਾ ਕਿ ਮੋਦੀ ਵਰਗੀ ਬੀਜੇਪੀ ਦੀ ਹਕੂਮਤ ਜਦੋਂ ਕੱਟੜਤਾ ਦਾ ਸਹਾਰਾ ਲੈ ਕੇ ਜਬਰੀ ਧਰਮ ਪਰਿਵਰਤਨ ਅਤੇ ਹੋਰ ਘੱਟ ਗਿਣਤੀ ਕੌਮਾਂ ਵਿਰੋਧੀ ਅਮਲ ਕਰ ਰਹੀ ਹੈ ਤਾਂ ਸ. ਬਾਦਲ ਅਤੇ ਬਾਦਲ ਦਲ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਮੁਤੱਸਵੀਆਂ ਦੀ ਗੁਲਾਮੀ ਨੂੰ ਅਲਵਿਦਾ ਕਹਿ ਕੇ ਗੁਰੂ ਸਾਹਿਬਾਨ ਦੇ ਸਮਾਜ ਅਤੇ ਕੌਮ ਪੱਖੀ ਮਿਸ਼ਨਾਂ ਵਿਚ ਸੰਜੀਦਗੀ ਨਾਲ ਯੋਗਦਾਨ ਪਾ ਕੇ ਕੌਮੀ ਪ੍ਰੰਪਰਾਵਾਂ ਅਨੁਸਾਰ ਇਹਨਾਂ ਫਿਰਕੂ ਤਾਕਤਾਂ ਦਾ ਟਾਕਰਾ ਕਰਨ ਵਿਚ ਯੋਗਦਾਨ ਪਾਉਣ। ਜੇਕਰ ਸ. ਬਾਦਲ ਅਤੇ ਬਾਦਲ ਦਲੀਏ ਇਸ ਅਤਿ ਗੰਭੀਰਤਾ ਭਰੇ ਸਮੇਂ ਵਿਚ ਵੀ ਕੌਮੀ ਸੋਚ ਅਨੁਸਾਰ ਅਮਲ ਨਾਂ ਕਰ ਸਕੇ ਤਾਂ ਉਹਨਾਂ ਦੇ ਨਾਮ ਇਤਿਹਾਸ ਵਿਚ ਕਾਲੇ ਅੱਖਰਾਂ ਵਿਚ ਲਿਖਣ ਤੋਂ ਕੋਈ ਤਾਕਤ ਨਹੀਨ ਰੋਕ ਸਕੇਗੀ। ਫਿਰ ਇਹਨਾਂ ਕੋਲ ਪਛਤਾਵੇ ਤੋਂ ਇਲਾਵਾ ਕੁਝ ਨਹੀਨ ਬਚੇਗਾ। ਸ. ਮਾਨ ਨੇ ਐਸਜੀਪੀਸੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਅਤੇ ਅੰਤਰਿਗ ਕਮੇਟੀ ਦੇ ਮੈਂਬਰਾਂ ਨੂੰ ਸੰਜੀਦਾ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਸ. ਬਾਦਲ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜੀ ਨੂੰ ਆਹੁਦੇ ਤੋਂ ਲਾਹੁਣ ਲਈ, ਉਹਨਾਂ ਨੂੰ ਹੁਕਮ ਕਰਨ, ਤਾਂ ਉਹ ਅਜਿਹੇ ਗੈਰਧਾਰਮਿਕ ਕੌਮ ਵਿਰੋਧੀ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਸਕਣ ਤਾਂ ਉਹਨਾਂ ਲਈ ਬੇਹਤਰ ਹੋਵੇਗਾ। ਵਰਨਾਂ ਊਹਨਾਂ ਦੇ ਨਾਮ ਵੀ ਕਾਲੇ ਅੱਖਰਾਂ ਵਿਚ ਅੰਕਿਤ ਹੋ ਜਾਣਗੇ ਅਤੇ ਸ. ਬਾਦਲ ਦੇ ਵਿਰੁੱਧ ਉੱਠਣ ਜਾ ਰਹੀ ਕੌਮੀ ਬਗਾਵਤ ਤੋਂ ਇਹ ਵੀ ਨਹੀਂ ਬਚ ਸਕਣਗੇ।