ਗਿਆਨੀ ਜਨਮ ਸਿੰਘ,
੪੦ ਮੁਕਤੇ-ਟੂਟੀ ਗਾਢਨਹਾਰ ਗੋਪਾਲ
‘ਖਿਦਰਾਣਾ ਕਰ ਮੁਕਤਸਰ ਮੁਕਤ ਮੁਕਤ ਸਭ ਕੀਨ’
ਗੁਰਬਾਣੀ ਦੇ ਫ਼ੁਰਮਾਨ ‘ਗੁਰਸਿੱਖਾਂ ਕੀ ਘਾਲਿ ਥਾਇ ਪਈ’ ਅਨੁਸਾਰ ਮਾਝੇ ਦੀ ਸਿੱਖੀ ਕਾਇਮ ਰੱਖਣ ਵਾਲੇ ਭਾਈ ਮਹਾਂ ਸਿੰਘ ਤੇ ਉਨ੍ਹਾਂ ਦੇ ਚਾਲੀ ਸਾਥੀ ਸਿੰਘ, ਮੁਕਤਸਰ ਦੀ ਸਰਜ਼ਮੀਨ ‘ਤੇ ਸ਼ਹੀਦ ਹੋਏ। ਗੁਰੂ ਗੋਬਿੰਦ ਸਾਹਿਬ ਨੇ, ਉਨ੍ਹਾਂ ਦੀ ਬਹਾਦਰੀ ਤੋਂ ਪ੍ਰਸੰਨ ਹੋ ਕੇ, ਉਨ੍ਹਾਂ ਵਲੋਂ ਲਿਖਿਆ ਬੇਦਾਵਾ ਇਥੇ ਪਾੜਿਆ ਤੇ ਉਨ੍ਹਾਂ ਸ਼ਹੀਦਾਂ ਨੂੰ ‘੪੦ ਮੁਕਤੇ ਹੋਣ ਦਾ ਵਰਦਾਨ ਦਿਤਾ।ਇਸ ਦੇ ਨਾਲ ਹੀ, ਖਿਦਰਾਣੇ ਦੀ ਢਾਬ ਨੂੰ ਮੁਕਤਸਰ ਸਾਹਿਬ ਦੇ ਨਾਮ ਨਾਲ ਨਿਵਾਜਿਆ।
ਪ੍ਰੋ. ਪੂਰਨ ਸਿੰਘ ਜੀ ਨੇ ਕਿਹਾ ਸੀ ਪੰਜਾਬ ਸਾਰਾ ਜਿਊਂਦਾ ਗੁਰਾਂ ਦੇ ਨਾਮ ‘ਤੇ।ਇਹ ਬਿਲਕੁਲ ਸੌ ਫ਼ੀ ਸਦੀ ਸੱਚ ਹੈ ਕਿ ਪੰਜਾਬ ਦੀ ਮਿੱਟੀ ਨੂੰ ਅਜਿਹਾ ਅਸ਼ੀਰਵਾਦ ਪ੍ਰਾਪਤ ਹੈ ਕਿ ਇਥੇ, ਵੈਦਿਕ ਕਾਲ ਤੋਂ ਹੁਣ ਤਕ, ਗੁਰੂਆਂ-ਪੀਰਾਂ ਤੇ ਉਨ੍ਹਾਂ ਦੇ ਸ਼ਰਧਾਲੂਆਂ ਦੀ ਲੜੀ ਮਤਵਾਤਰ ਚਲ ਰਹੀ ਹੈ।ਇਥੇ ਹੀ ਸਰਬੰਦਾਨੀ ਗੁਰੂ ਗੋਬਿੰਦ ਸਿੰਘ, ਕੌਮ ਦੇ ਅਜਿਹੇ ਉਸਰਈਏ ਸਾਬਤ ਹੋਏ ਜਿਨ੍ਹਾਂ ਨੇ ਅਪਣੇ ਸਿੱਖਾਂ ਨੂੰ ‘ਸਿੰਘ’ ਭਾਵ ਸ਼ੇਰ ਬਣਾ ਦਿਤਾ।ਉਨ੍ਹਾਂ ਨੂੰ ਅਪਣੇ ਸਿੰਘਾਂ ਨਾਲ ਅੰਤਾਂ ਦਾ ਮੋਹ ਸੀ। ਜੇ ਕਦੇ ਗੁਰੂ ਦਾ ਸਿੱਖ, ਸਵੇਰ ਦਾ ਭੁਲਿਆ ਸ਼ਾਮੀ ਘਰ ਆ ਗਿਆ ਤਾਂ ਗੁਰੂ ਸਾਹਿਬ ਨੇ ਉਸ ਨੂੰ ਵੀ ਛਾਤੀ ਨਾਲ ਲਾਇਆ।
ਦਸਮ ਪਿਤਾ ਸਮੇਂ, ਅਨੰਦਪੁਰ ਸਾਹਿਬ, ਜੰਗਾਂ ਤੇ ਯੁੱਧਾਂ ਦਾ ਮੈਦਾਨ ਬਣਿਆ ਰਿਹਾ।ਉਸ ਸਮੇਂ ਮਾਝੇ ਦੇ ਸਿੱਖ, ਰੋਜ਼ ਦੀਆਂ ਜੰਗਾਂ ਤੇ ਔਕੜਾਂ ਨੂੰ ਵੇਖ ਕੇ, ਗੁਰੂ ਘਰ ਤੋਂ ਮੁੱਖ ਮੋੜ ਗਏ ਅਤੇ ਗੁਰੂ ਸਾਹਿਬ ਨੂੰ ਲਿਖ ਕੇ ਦੇ ਗਏ ਕਿ ਤੂੰ ਸਾਡਾ ਗੁਰੂ ਨਹੀਂ ਅਤੇ ਅਸੀਂ ਤੇਰੇ ਸਿੱਖ ਨਹੀਂ।ਸਿੱਖ ਇਤਿਹਾਸ ਵਿਚ ਇਸ ਪੱਤਰ ਨੂੰ ਬੇਦਾਵਾ ਕਿਹਾ ਗਿਆ ਹੈ।ਸਿੰਘਾਂ ਵਲੋਂ ਬੇਦਾਵੇ ਦੇ ਕੇ ਜਾਣ ਦੀ ਦੇਰ ਸੀ ਕਿ ਮਾਝੇ ਦੇ ਪਿੰਡਾਂ ਵਿਚ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਮਾਝੇ ਦੇ ਸਿੱਖ ਗੁਰੂ ਘਰ ਤੋਂ ਮੂੰਹ ਫੇਰ ਕੇ ਵਾਪਸ ਆ ਗਏ ਹਨ।
ਮਾਈ ਭਾਗੋ ਵਰਗੀਆਂ ਸਿਦਕਵਾਨ ਮਾਈਆਂ ਨੇ, ਬੇਦਾਵਾ ਦੇਣ ਵਾਲੇ ਸਿੰਘਾਂ ਨੂੰ ਬਹੁਤ ਫਿਟਕਾਰਾਂ ਪਾਈਆਂ।ਉਨ੍ਹਾਂਨੂੰ ਚੂੜੀਆਂ ਪਾ ਕੇ ਘਰ ਬਹਿਣ ਦਾ ਸੁਝਾਅ ਦਿਤਾ ਅਤੇ ਆਪ ਕਮਰ ਕੱਸ ਕਰ ਕੇ ਜੰਗ ਦੇ ਮੈਦਾਨ ਵਿਚ ਜਾਣ ਲਈ ਤਿਆਰ ਹੋ ਗਈਆਂ।ਜਦ ਮਾਈ ਭਾਗੋ ਜੱਥੇ ਦੀ ਅਗਵਾਈ ਕਰਨ ਲਈ ਤਿਆਰ ਹੋ ਗਈ ਤਾਂ ਸਿੰਘਾਂ ਨੂੰ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਛੱਡ ਆਉਣ ਦਾ ਬੜਾ ਪਛਤਾਵਾ ਹੋਇਆ।ਉਨ੍ਹਾਂ ਦੀ, ਗੁਰੂ ਘਰ ਤੋਂ ਬੇਮੁੱਖ ਹੋਣ ਕਰ ਕੇ ਰੂਹ ਵਲੂੰਧਰੀ ਗਈ।ਉਨ੍ਹਾਂ ਅੰਦਰ ਗ਼ੈਰਤ ਜਾਗ ਪਈ।ਉਹ ਭਾਈ ਮਹਾਂ ਸਿੰਘ ਤੋਂ ਮਾਈ ਭਾਗੋ ਦੀ ਜਥੇਦਾਰੀ ਵਿਚ ਫਿਰ ਦੁਬਾਰਾ ਇਕੱਠੇ ਹੋ ਗਏ।
ਚਾਲੀ ਮੁਕਤਿਆਂ ਦੇ ਜਥੇਦਾਰ ਭਾਈ ਮਹਾਂ ਸਿੰਘ ਜੀ, ਸੰਨ ੧੭੦੫ ਵਿਚ, ਸ਼ਾਹੀ ਫ਼ੌਜ ਨਾਲ ਮੁਕਤਸਰ ਵਿਖੇ ਖਿਦਰਾਣੇ ਦੀ ਢਾਬ ਦੀ ਥਾਂ ‘ਤੇ ਲੜੇ ਅਤੇ ਇਨ੍ਹਾਂ ਚਾਲੀ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ।ਕਲਗੀਧਰ ਪਾਤਸ਼ਾਹ, ਮੈਦਾਨੇ ਜੰਗ ਵਿਚ,ਅਪਣੇ ਇਨ੍ਹਾਂ ਪਿਆਰੇ ਸਿੰਘਾਂ ਨੂੰ ਉਪਾਧੀਆਂ ਬਖ਼ਸ਼ ਰਹੇ ਸਨ–”ਇਹ ਮੇਰਾ ਪੰਜ ਹਜ਼ਾਰੀ ਹੈ”।”ਇਹ ਮੇਰਾ ਦਸ ਹਜ਼ਾਰੀ ਹੈ।”ਇਸ ਤਰ੍ਹਾਂ ਜਦੋਂ ਗੁਰੂ ਸਾਹਿਬ, ਭਾਈ ਮਹਾਂ ਸਿੰਘ ਕੋਲ ਪੁੱਜੇ ਤਾਂ ਉਨ੍ਹਾਂ ਵਿਚ ਕੁੱਝ ਕੁ ਹੀ ਸਾਹ ਬਾਕੀ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਰੁਮਾਲ ਨਾਲ ਭਾਈ ਮਹਾਂ ਸਿੰਘ ਜੀ ਦਾ ਮੁੱਖ ਸਾਫ਼ ਕੀਤਾ ਅਤੇ ਜਲ ਛਕਾਇਆ।ਜਦ ਮਹਾਂ ਸਿੰਘ ਜੀ ਦੀ ਮੂਰਛਾ ਖੁਲੀ ਤਾਂ ਕਲਗੀਧਰ ਪਾਤਸ਼ਾਹ ਨੇ ਪੁੱਛਿਆ, “ਜੇ ਤੁਹਾਡੀ ਕੋਈ ਇੱਛਾ ਹੈ ਤਾਂ ਦੱਸੋ?” ਭਾਈ ਮਹਾਂ ਸਿੰਘ ਜੀ ਨੇ ਨਿਮਰਤਾ ਸਹਿਤ ਕਿਹਾ, ਕੋਈ ਦੁਨਿਆਵੀ ਇੱਛਾ ਨਹੀਂ ਹੈ।” ਗੁਰੂ ਸਾਹਿਬ ਨੇ ਫਿਰ ਕਿਹਾ, “ਕੋਈ ਵਰ ਹੀ ਮੰਗ ਲਵੋ” ਤਾਂ ਭਾਈ ਮਹਾਂ ਸਿੰਘ ਨੇ ਅਰਜ਼ ਕੀਤੀ ਕਿ “ਪਾਤਸ਼ਾਹ, ਜੇ ਤੁੱਠੇ ਹੋ ਜਾਂ ਮਾਝੇ ਦੀ ਸੰਗਤ ਦਾ ਬੇਦਾਵਾ ਪਾੜ ਕੇ ਟੁੱਟੀ ਗੰਢੋ।ਹੋਰ ਕੋਈ ਲਾਲਸਾ ਨਹੀਂ ਹੈ।” ਬਖ਼ਸ਼ਿੰਦ ਗੁਰੂ ਜੀ ਨੇ ਭਾਈ ਮਹਾਂ ਸਿੰਘ ਨੂੰ ਅਪਣੀ ਗੋਦ ਵਿਚ ਲੈ ਕੇ ਸਿਰਫ਼ ਬੇਦਾਵਾ ਹੀ ਨਹੀਂ ਪਾੜਿਆ ਸਗੋਂ ਭਾਈ ਮਹਾਂ ਸਿੰਘ ਨੂੰ ਅਣਮੁੱਲੇ ਵਰਦਾਨ ਨਾਲ ਵੀ ਨਿਵਾਜਦਿਆਂ ਕਿਹਾ, “ਭਾਈ ਮਹਾਂ ਸਿੰਘ ਜੀ, ਤੁਸੀਂ ਮਾਝੇ ਦੀ ਸਿੱਖੀ ਬਚਾ ਲਈ ਹੈ।”
ਭਾਈ ਮਹਾਂ ਸਿੰਘ ਨੇ ਭੁੱਲਾਂ ਬਖਸ਼ਾ ਸ਼ੁਕਰ ਕਰਦਿਆਂ ਹੱਥ ਉਪਰ ਚੁੱਕੇ ਤੇ ਹਮੇਸ਼ਾ ਲਈ ਦਸਮੇਸ਼ ਪਿਤਾ ਦੀ ਗੋਦ ਵਿਚ ਸੌਂ ਗਿਆ। ਗੁਰੂ ਜੀ ਨੇ ਇਨ੍ਹਾਂ ਸ਼ਹੀਦਾਂ ਦਾ ਆਪਣੇ ਹੱਥੀਂ ਸਸਕਾਰ ਕੀਤਾ। ਇਥੇ ਜ਼ਿਕਰਯੋਗ ਹੈ ਕਿ ‘ਜਦ ਚਮਕੌਰ ਦੀ ਗੜ੍ਹੀ ਵਿਖੇ ਦੋਵਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਕਤ ਸਿੰਘਾਂ ਨੇ ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ‘ਤੇ ਕਫ਼ਨ ਦੀ ਗੱਲ ਕੀਤੀ ਸੀ ਤਾਂ
ਗੁਰੂ ਸਾਹਿਬ ਸਿੰਘਾਂ ਦੀ ਗੱਲ ਅਣਸੁਣੀ ਕਰ ਗਏ ਸੀ। ਪੁੱਤਰਾਂ ਨਾਲੋਂ ਸਿੰਘ ਪਿਆਰੇ ਸਨ। ਗੁਰੂ ਸਾਹਿਬ ਨੇ ਇਥੇ ਆਪਣੇ ਹੱਥੀਂ ਸਿੰਘਾਂ ਦਾ ਸਸਕਾਰ ਕੀਤਾ। ਇਨ੍ਹਾਂ ਨੂੰ ਮੁਕਤਿਆਂ ਦੀ ਉਪਾਧੀ ਬਖਸ਼ਿਸ਼ ਕੀਤੀ। ਬੇਦਾਵੀਏ ਸਿੰਘ ਮੁਕਤ ਹੋ ਗਏ ਅਤੇ ਖਿਦਰਾਣੇ ਦੀ ਢਾਬ ਉਸ ਦਿਨ ਤੋਂ ਮੁਕਤਸਰ ਅਖਵਾਈ। ੪੦ ਮੁਕਤੇ ਜੋ ਮੁਕਤਸਰ ਵਿਖੇ ਸ਼ਹੀਦ ਹੋਏ, ਉਨ੍ਹਾਂ ਦੇ ਨਾਂਅ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਅੰਕਿਤ ਇਸ ਪ੍ਰਕਾਰ ਹਨ ;
ਮਾਝਾ ਸਿੰਘ, ਬੂੜ ਸਿੰਘ, ਦਿਲਬਾਗ ਸਿੰਘ, ਮਾਨ ਸਿੰਘ, ਸਲਤਾਨ ਸਿੰਘ, ਨਿਧਾਨ ਸਿੰਘ ਪਤੀ ਮਾਤਾ ਭਾਗੋ ਜੀ, ਧੰਨਾ ਸਿੰਘ, ਸੋਭਾ ਸਿੰਘ, ਸਰਜਾ ਸਿੰਘ, ਜਾਦੋ ਸਿੰਘ, ਗੰਗਾ ਸਿੰਘ, ਜੋਗਾ ਸਿੰਘ, ਗੰਗਾ ਸਿੰਘ, ਜੰਬਾ ਸਿੰਘ, ਭੋਲਾ ਸਿੰਘ, ਸੰਤ ਸਿੰਘ, ਲਛਮਨ ਸਿੰਘ, ਰਾਏ ਸਿੰਘ, ਧਰਮ ਸਿੰਘ ਤੇ ਕਰਮ ਸਿੰਘ ਦੋਨੋਂ ਭਰਾ, ਜੰਗ ਸਿੰਘ, ਹਰੀ ਸਿੰਘ, ਕਾਲਾ ਸਿੰਘ, ਗੰਡਾ ਸਿੰਘ,
ਮੱਯਾ ਸਿੰਘ, ਭਾਗ ਸਿੰਘ, ਭਾਗ ਸਿੰਘ, ਸਮੀਰ ਸਿੰਘ, ਕਿਰਤੀ ਸਿੰਘ, ਕਰਨ ਸਿੰਘ, ਹਰਸਾ ਸਿੰਘ, ਦਿਲਬਾਰਾ ਸਿੰਘ,ਘਰਬਾਰਾ ਸਿੰਘ, ਕ੍ਰਿਪਾਲ ਸਿੰਘ, ਖੁਸ਼ਹਾਲ ਸਿੰਘ, ਮਹਾਂ ਸਿੰਘ ਜਥੇਦਾਰ, ਨਿਹਾਲ ਸਿੰਘ, ਦਿਆਲ ਸਿੰਘ, ਗੁਲਾਬ ਸਿੰਘ ਅਤੇ ਸੁਹੇਲ ਸਿੰਘ।