ਕੋਟਕਪੂਰਾ (ਗੁਰਿੰਦਰ ਸਿੰਘ)– ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਜਿਹਾ ਕਿ ਆਸ ਸੀ, ਕੁਝ ਤੱਤੇ ਨੌਜਵਾਨਾਂ ਤੇ ਕੁਝ ਕੱਚਘਰੜ ਸਿੱਖ ਮਿਸ਼ਨਰੀਆਂ ਨੇ ਅਖ਼ੀਰ ਬਲਵੰਤ ਸਿੰਘ ਨੰਦਗੜ ਦੀ ਬਲੀ ਲੈ ਹੀ ਲਈ ਹੈ। ਪਿਛਲੇ ਕੁਝ ਸਮੇਂ ਤੋਂ ਬਲਵੰਤ ਸਿੰਘ ਨੇ ਕੁਝ ਮੌਕਿਆਂ ‘ਤੇ ਦਲੇਰੀ ਨਾਲ ਆਰ.ਐਸ.ਐਸ. ਅਤੇ ਭਿੰਡਰਾਂ-ਮਹਿਤਾ ਜਥਾ ਦੇ ਖ਼ਿਲਾਫ਼ ਸਟੈਂਡ ਲਿਆ ਹੋਇਆ ਸੀ। ਉਸ ਦੇ ਸਹਿਜ ਨਾਲ ਬੋਲੇ ਬੋਲਾਂ ਨੇ ਪੰਥ ਵਿਰੋਧੀ ਤਾਕਤਾਂ ਨੂੰ ਨੱਥ ਪਾਈ ਹੋਈ ਸੀ। ਪਰ, ਪਿਛਲੇ ਦੋ ਹਫ਼ਤਿਆਂ ਵਿਚ ਕੁਝ ਟੋਲਿਆਂ ਨੇ ਬਲਵੰਤ ਸਿੰਘ ਨੰਦਗੜ੍ਹ ਨੂੰ ਸੂਲੀ ‘ਤੇ ਚਾੜ੍ਹਨ ਦੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਸਨ। ਪਾਲ ਸਿੰਘ ਪੁਰੇਵਾਲ ਦਾ ਕੈਲੰਡਰ ਪੰਥ ਦੇ ਕਿਸੇ ਵੀ ਮਸਲੇ ਦਾ ਹੱਲ ਨਹੀਂ, ਪਰ, ਕੁਝ ਛੋਕਰਾ ਸੋਣ ਦੇ ਲੋਕਾਂ ਨੇ ਇਸ ਨੂੰ ਕੌਮ ਦਾ ਸਭ ਤੋਂ ਅਹਿਮ ਨੁਕਤਾ ਬਣਾ ਕੇ ਬਲਵੰਤ ਸਿੰਘ ਨੰਦਗੜ੍ਹ ਨੂੰ ਅੱਗੇ ਲਾ ਕੇ ਉਸ ਨੂੰ ਬਲੀ ਦਾ ਬਕਰਾ ਬਣਾਉਣ ਤੇ ਉਸ ਦੀ ਜ਼ਰਾ-ਮਾਸਾ ਆਵਾਜ਼ ਵੀ ਖ਼ਤਮ ਕਰਨ ਦੀ ਹਰਕਤ ਕੀਤੀ ਹੈ। ਉਸ ਤੋਂ ਅਜਿਹੇ ਬਿਆਨ ਦਿਵਾਏ ਗਏ ਤੇ ਅਜਿਹੇ ਐਕਸ਼ਨ ਕਰਵਾਏ ਗਏ ਜਿਹੜੇ ਸ਼ਰੇਆਮ ਚੈਲੰਜ ਤੇ ਬਗ਼ਾਵਤ ਸਨ ਤੇ ਇਸ ਦਾ ਹਸ਼ਰ ਕੰਧ ‘ਤੇ ਲਿਖਿਆ ਹੋਇਆ ਸੀ।
ਉਨ੍ਹਾਂ ਕਿਹਾ ਕਿ ਹੁਣ ਜਦ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾ ਦਿੱਤਾ ਜਾਵੇਗਾ (ਜਾਂ ਇਸ ਲਿਖਤ ਦੇ ਛਪਣ ਤਕ ਹਟਾ ਦਿੱਤਾ ਗਿਆ ਹੋਵੇਗਾ) ਤਾਂ ਇਹ ਰੌਲਾ ਪਾਊ ਟੋਲਾ ਅਤੇ ਉਨ੍ਹਾਂ ਦੇ ਪਿੱਛੇ ਭੇਡਾਂ ਵਾਂਗ ਲਗ ਜਾਣ ਵਾਲੇ ਲੋਕ ਦੋ ਕੂ ਦਿਨ ਬਿਆਨ ਦੇ ਕੇ, ਤੇ ਵਿਸ ਘੋਲ ਕੇ, ਚੁਪ ਹੋ ਜਾਣਗੇ। ਇਨ੍ਹਾਂ ਨੂੰ ਜਿਹੜਾ ਇਹ ਭਰਮ ਹੈ ਕਿ ਸ਼੍ਰੋਮਣੀ ਕਮੇਟੀ ਤੇ ਬਾਦਲ ਦੇ ਖ਼ਿਲਾਫ਼ ਇਹ ‘ਮੋਰਚਾ’ ਲਾ ਦੇਣਗੇ ਤੇ ਲੋਕ ਸੜਕਾਂ ‘ਤੇ ਉਤਰ ਆਉਣਗੇ ਤੇ ਧਰਤੀ ‘ਤੇ ਤਰਥਲੀ ਮਚ ਜਾਵੇਗੀ, ਉਹ ਛੇਤੀ ਹੀ ਉਤਰ ਜਾਵੇਗਾ। ਇਸ ਦੇ ਪਿੱਛੇ ਖੜ੍ਹੇ ਸਾਬਕਾ ਪੁਜਾਰੀ ਕੇਵਲ ਸਿੰਘ, ਪੰਥਪ੍ਰੀਤ ਸਿੰਘ, ਸਰਬਜੀਤ ਸਿੰਘ ਧੂੰਦਾ, ਜਾਚਕ, ਪੁਰੇਵਾਲ ਲੱਭਿਆਂ ਨਹੀਂ ਲੱਭਣੇ; ਸਗੋਂ ਉਹ ਵੀ ਬਦਨਾਮੀ ਹੀ ਖੱਟਣਗੇ।
ਉਨ੍ਹਾਂ ਹੋਰ ਕਿਹਾ ਕਿ ਸਿੱਖ ਪੰਥ ਦੇ ਇਨ੍ਹਾਂ ਚੌਧਰੀਆਂ ਨੇ ਇਕ ਵਾਰ ਫੇਰ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਕੌਮ ਦਾ ਭਲਾ ਨਹੀਂ ਕਰ ਸਕਦੇ ਤੇ ਉਹ ਵਕਤੀ ਨਾਅਰਿਆਂ ਅਤੇ ਸ਼ੁਰਲੀਆਂ ਨਾਲ ਕੌਮ ਦਾ ਸਮਾਂ ਅਤੇ ਤਾਕਤ ਗੁਆਉਣ ਵਿਚ ਹੀ ਮਾਹਿਰ ਹਨ। ਸਿੱਖਾਂ ਦੇ ਰੋਲ ਤੋਂ ਮੈਨੂੰ ਇਹ ਅਹਿਸਾਸ ਜ਼ਰੂਰ ਹੋਇਆ ਹੈ ਕਿ ਉਨ੍ਹਾਂ ਨੂੰ ਮੂਰਖ ਬਣਾਉਣਾ ਬਹੁਤ ਸੌਖਾ ਹੈ ਤੇ ਇਨ੍ਹਾਂ ਨੂੰ ਅਜੇ ਬਹੁਤ ਮਾਰ ਪੈਣੀ ਹੈ।
ਡਾ. ਦਿਲਗੀਰ ਨੇ ਇਹ ਵੀ ਕਿਹਾ ਹੈ ਕਿ ਜਿਹਾ ਕਿ ਮੈਨੂੰ ਖ਼ਦਸ਼ਾ ਸੀ ਕੋਈ ਬਹਾਨਾ ਲਾ ਕੇ ਗੁਰਬਖ਼ਸ਼ ਸਿੰਘ ਮੈਦਾਨ ਛੱਡ ਜਾਵੇਗਾ ਤੇ ਭੁੱਖ ਹੜਤਾਲ ਅਤੇ ਆਪਣਾ ਪ੍ਰਣ ਤੋੜ ਦੇਵੇਗਾ, ਸੱਚ ਸਾਬਿਤ ਹੋਇਆ ਹੈ। ਸਿੱਖ ਪੰਥ ਦੀ ਨਮੋਸ਼ੀ ਦੀ ਇਹ ਹਾਲਤ ਕੌਮ ਵਾਸਤੇ ਸੋਚਣ ਦਾ ਮੁਕਾਮ ਹੈ। ਹੁਣ ਮੋਟੇ ਮੋਟੇ, ਗਰਮ ਗਰਮ, ਬਿਆਨ ਦੇਣੇ ਬੰਦ ਕੀਤੇ ਜਾਣੇ ਚਾਹੀਦੇ ਹਨ। ਇਸ ਸਭ ਨੂੰ ਸਾਹਵੇਂ ਰੱਖ ਕੇ ਮੈਂ ਫ਼ੈਸਲਾ ਕੀਤਾ ਹੈ ਕਿ ਹੁਣ ਘਟੋ ਘਟ ਦੋ ਮਹੀਨੇ ਮੈਂ ਖ਼ੁਦ ਵੀ ਨਾ ਕੋਈ ਲੇਖ ਲਿਖਾਂਗਾ ਤੇ ਨਾ ਟਿੱਪਣੀ (ਬਿਆਨ ਹੀ ਦੇਵਾਂਗਾ; ਇਸ ਤੋਂ ਬਾਅਦ ਵੀ ਮੈਂ ਚੁੱਪ ਰਹਿਣ ਦੀ ਕੋਸ਼ਿਸ਼ ਕਰਾਂਗਾ।