ਅੰਮ੍ਰਿਤਸਰ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਕੌਮ ਵਿੱਚ ਭੰਬਲਭੂਸਾ, ਦੁਫੇੜ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਅਤੇ ਤਖ਼ਤ ਸਾਹਿਬਾਨਾਂ ਵਿਚਾਲੇ ਟਕਰਾ ਪੈਦਾ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਕਾਰਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਉਨ੍ਹਾਂ ਨੂੰ ਜਥੇਦਾਰੀ ਦੇ ਪਦ ਤੋਂ ਸੇਵਾ ਮੁਕਤ ਕਰ ਦਿੱਤਾ ਹੈ।
ਅੱਜ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਜਥੇਦਾਰ ਨੰਦਗੜ੍ਹ ਸਬੰਧੀ ਲੰਮਾ ਸਮਾਂ ਦੀਰਘ ਵਿਚਾਰਾਂ ਹੋਈਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਿਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿੱਚ ਜਥੇਦਾਰ ਨੰਦਗੜ੍ਹ ਵੱਲੋਂ ਸ਼ਾਮਲ ਨਾ ਹੋਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਾ ਕਰਨਾ ਤੇ ਪੰਜਾਂ ਪਿਆਰਿਆਂ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਬਾਰੇ ਇਤਰਾਜ ਯੋਗ ਸ਼ਬਦਾਵਲੀ ਦੀ ਵਰਤੋਂ ਕਰਨਾ ਜੋ ਕਿ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਦੀ ਦੁਰਵਰਤੋਂ ਕਰਨਾ ਹੈ ਅਤੇ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਠੇਸ ਪਹੁੰਚਾਉਣ ਸਬੰਧੀ ਸੰਗਤਾਂ ਵਿੱਚ ਭਾਰੀ ਰੋਸ ਤੇ ਰੋਹ ਪਾਇਆ ਗਿਆ। ਇਸ ਲਈ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਵੱਲੋਂ ਜਥੇਦਾਰ ਨੰਦਗੜ੍ਹ ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ। ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦਾ ਚਾਰਜ ਫਿਲਹਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਨੂੰ ਸੌਂਪਿਆ ਗਿਆ ਹੈ। ਇਹ ਇਕੋ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਨਿਭਾਉਣਗੇ।
ਜਥੇਦਾਰ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਟਿੰਗ ਦੀ ਕਾਰਗੁਜਾਰੀ ਦੱਸਦਿਆਂ ਕਿਹਾ ਕਿ ਜਥੇਦਾਰ ਨੰਦਗੜ੍ਹ ਦੀ ਸੇਵਾ ਮੁਕਤੀ ਤੋਂ ਇਲਾਵਾ ਬਾਕੀ ਜਥੇਦਾਰਾਂ ਦੀ ਸੇਵਾ ਸਬੰਧੀ ਨਿਯਮ ਤੇ ਉਪ-ਨਿਯਮ ਬਨਾਉਣ ਲਈ ਵਿਚਾਰਾਂ ਕੀਤੀਆਂ ਗਈਆਂ ਹਨ। ਇਸ ਸਬੰਧੀ ਜਲਦ ਹੀ ਇਕ ਕਮੇਟੀ ਦਾ ਗਠਨ ਕਰਕੇ ਇਸ ਕਾਰਜ ਨੂੰ ਮੁਕੰਮਲ ਕਰ ਲਿਆ ਜਾਵੇਗਾ।
ਅੱਜ ਦੀ ਇਕੱਤਰਤਾ ਵਿੱਚ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀ ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਅਤੇ ਨਾਲ ਹੀ ਸੰਵਿਧਾਨ ਦੀ ਧਾਰਾ ੨੫ ਬੀ ਵਿੱਚ ਸੋਧ ਕਰਨ ਦੀ ਵੀ ਮੰਗ ਕੀਤੀ ਗਈ ਕਿਉਂਕਿ ਸਿੱਖ ਇਕ ਵੱਖਰੀ ਕੌਮ ਹੈ, ਇਸ ਨੂੰ ਹੋਰਨਾ ਧਰਮਾ ਜਾਂ ਕੌਮਾਂ ਵਿਚ ਵਲੀਨ ਨਾ ਕੀਤਾ ਜਾਵੇ।
ਇਕੱਤਰਤਾ ਵਿੱਚ ਜਥੇਦਾਰ ਦਰਸ਼ਨ ਸਿੰਘ ਈਸਾਪੁਰ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰ: ਗੁਰਬਖਸ਼ ਸਿੰਘ ਪੁੜੈਣ ਸਾਬਕਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲੇ ਅਤੇ ਭਾਈ ਜੀਵਨ ਸਿੰਘ ਅਖੰਡ ਕੀਰਤਨੀ ਜਥੇਵਾਲਿਆਂ ਦੇ ਅਕਾਲ ਚਲਾਣਾ ਕਰ ਜਾਣ ਤੇ ਸੋਗ ਮਤਾ ਕਰਕੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਪੰਜ ਮੂਲ ਮੰਤਰ ਦੇ ਪਾਠ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੀਆਂ ਬੱਚੀਆਂ ਜੋ ਉਚ ਵਿਦਿਆ ਹਾਸਲ ਕਰਨਾ ਚਾਹੁੰਦੀਆਂ ਹਨ ਨੂੰ ਪੋਲੋਟੈਕਨੀਕਲ, ਇੰਜੀਨੀਅਰਿੰਗ ਦੇ ਡਿਗਰੀ ਕੋਰਸਾਂ ਵਿੱਚ ੫-੫ ਸੀਟਾਂ ਦਿੱਤੀਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਬੀਬੀ ਮਨਦੀਪ ਕੌਰ ਸਪੁੱਤਰੀ ਸ੍ਰ: ਰੇਸ਼ਮ ਸਿੰਘ ਧਰਮੀ ਫੌਜੀ ਜੋ ਇਕ ਐਕਸੀਡੈਂਟ ਦੌਰਾਨ ਅਪਾਹਜ ਹੋ ਚੁੱਕੀ ਹੈ ਨੂੰ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇਗੀ। ਇਵੇਂ ਹੀ ਬੀਬੀ ਕੁਲਵਿੰਦਰ ਕੌਰ ਸੁਪੱਤਨੀ ਸਵਰਗਵਾਸੀ ਸ੍ਰ: ਜਸਦੀਪ ਸਿੰਘ ਦੇ ਬੱਚਿਆਂ ਦੀ ਸਕੂਲ ਫੀਸ ਸ਼੍ਰੋਮਣੀ ਕਮੇਟੀ ਦੇਵੇਗੀ। ਇਸ ਇਕੱਤਰਤਾ ਵਿੱਚ ਵੱਖ-ਵੱਖ ਸਕੂਲਾਂ ਕਾਲਜਾਂ ਦੀਆਂ ਅਧੂਰੀਆਂ ਪਈਆਂ ਇਮਾਰਤਾਂ ਨੂੰ ਤੁਰੰਤ ਮੁਕੰਮਲ ਕਰਨ ਲਈ ਵੀ ਫੈਂਸਲਾ ਲਿਆ ਗਿਆ।
ਅੱਜ ਦੀ ਇਕੱਤਰਤਾ ਵਿੱਚ ਕਾਰਜਕਾਰਨੀ ਦੇ ਮੈਂਬਰ ਅਤੇ ਅਹੁਦੇਦਾਰਾਂ ਵਿੱਚ ਜਥੇਦਾਰ ਅਵਤਾਰ ਸਿੰਘ ਤੋਂ ਇਲਾਵਾ, ਸ੍ਰ: ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ੍ਰ: ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਅੰਤ੍ਰਿੰਗ ਮੈਂਬਰ ਸ੍ਰ: ਰਜਿੰਦਰ ਸਿੰਘ ਮਹਿਤਾ, ਸ੍ਰ: ਨਿਰਮੈਲ ਸਿੰਘ ਜੌਲਾ ਕਲਾਂ, ਸ੍ਰ: ਗੁਰਬਚਨ ਸਿੰਘ ਕਰਮੂੰਵਾਲਾ, ਸ੍ਰ: ਰਾਮਪਾਲ ਸਿੰਘ ਬਹਿਣੀਵਾਲ, ਸ੍ਰ: ਮੰਗਲ ਸਿੰਘ, ਸ੍ਰ: ਭਜਨ ਸਿੰਘ ਸ਼ੇਰਗਿੱਲ ਤੇ ਸ੍ਰ: ਸੁਰਜੀਤ ਸਿੰਘ ਗੜ੍ਹੀ, ਸ੍ਰ: ਸੂਬਾ ਸਿੰਘ ਡੱਬਵਾਲੀ, ਸ੍ਰ: ਦਿਆਲ ਸਿੰਘ ਕੌਲਿਆਂਵਾਲੀ ਅਤੇ ਸ੍ਰ: ਨਿਰਮੈਲ ਸਿੰਘ ਜੌਲਾਕਲਾਂ ਅਤੇ ਸ਼੍ਰੋਮਣੀ ਕਮੇਟੀ ਅਧਿਕਾਰੀ ਸ੍ਰ: ਦਲਮੇਘ ਸਿੰਘ, ਸ੍ਰ: ਰੂਪ ਸਿੰਘ, ਸ੍ਰ: ਸਤਬੀਰ ਸਿੰਘ, ਸ੍ਰ: ਮਨਜੀਤ ਸਿੰਘ ਅਤੇ ਸ੍ਰ: ਅਵਤਾਰ ਸਿੰਘ ਸਕੱਤਰ, ਸ੍ਰ: ਦਿਲਜੀਤ ਸਿੰਘ ਬੇਦੀ, ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰ: ਹਰਭਜਨ ਸਿੰਘ ਮਨਾਵਾਂ, ਸ੍ਰ: ਕੇਵਲ ਸਿੰਘ ਤੇ ਸ੍ਰ: ਪਰਮਜੀਤ ਸਿੰਘ ਵਧੀਕ ਸਕੱਤਰ, ਸ੍ਰ: ਸਤਿੰਦਰ ਸਿੰਘ ਨਿਜੀ ਸਹਾਇਕ ਆਦਿ ਸ਼ਾਮਲ ਹੋਏ।