ਆਮ ਆਦਮੀ ਪਾਰਟੀ ਦੇ ਪ੍ਰਵਕਤਾ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਤੋਂ ਨਸ਼ਿਆਂ ਦੀ ਤੱਸਕਰੀ ਦੇ ਸੰਬੰਧ ਵਿੱਚ ਪੁੱਛ-ਗਿੱਛ ਕਰਨ ਵਾਲੇ ਈਡੀ ਅਫਸਰ ਦਾ ਤਬਾਦਲਾ ਸਵਾਲਾਂ ਦੇ ਘੇਰੇ ਵਿੱਚ ਹੈ। ਜ਼ਿਕਰਯੋਗ ਹੈ ਕਿ ਈਡੀ ਅਫਸਰ ਦੁਆਰਾ ਆਪਣੇ ਸੀਨੀਅਰ ਅਫਸਰਾਂ ਨੂੰ ਸ਼ਿਕਾਇਤ ਕਰ ਕੇ ਦੱਸਿਆ ਗਿਆ ਸੀ ਕਿ ਪੰਜਾਬ ਪੁਲਿਸ ਉਹਨਾਂ ਦੇ ਫੋਨ ਟੈਪ (ਰਿਕਾਰਡ) ਕਰ ਰਹੀ ਹੈ ਅਤੇ ਉਹਨਾਂ ਨੂੰ ਕੇਸ ਦੇ ਚਲਾਨ ਦੀ ਫਾਈਲਿੰਗ ਦੀ ਜਾਣਕਾਰੀ ਬਾਰੇ ਤੰਗ ਕੀਤਾ ਜਾ ਰਿਹਾ ਹੈ। ਈਡੀ ਅਫਸਰ ਦਾ ਤਬਾਦਲਾ ਕਈ ਗੰਭੀਰ ਸਵਾਲ ਪੈਦਾ ਕਰ ਰਿਹਾ ਹੈ। ਪਹਿਲਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਈਡੀ ਅਫਸਰ ਦਾ ਤਬਾਦਲਾ ਛਾਣਬੀਣ ਦੇ ਨਿਰਣਾਇਕ ਪੱਧਰ ਤੇ ਪਹੁੰਚਣ ਤੇ ਹੀ ਕਿਉਂ ਕੀਤਾ ਗਿਆ? ਦੂਸਰਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਈਡੀ ਅਫਸਰ ਦੁਆਰਾ ਲਗਾਏ ਗਏ ਦੋਸ਼ਾਂ ਤੇ ਕੋਈ ਕਾਰਵਾਈ ਕੀਤੀ ਗਈ ਹੈ ਜਾਂ ਨਹੀਂ? ਤੀਸਰਾ ਸਵਾਲ ਇਹ ਹੈ ਕਿ ਇਸ ਤਬਾਦਲੇ ਦੀ ਛਾਣਬੀਣ ਅਤੇ ਛਾਣਬੀਣ ਕਰਨ ਵਾਲੇ ਅਫਸਰਾਂ ਦੇ ਮਨੋਬਲ ਤੇ ਕੀ ਪ੍ਰਭਾਵ ਪਵੇਗਾ? ਅੰਤ ਵਿੱਚ ਸਵਾਲ ਇਹੀ ਹੈ ਕਿ ਬਚਾਅ ਕਰਨ ਵਾਲੇ ਉਹ ਸਾਰੇ ਸੱਤਾਧਾਰੀ ਲੋਕ ਕਿਹੜੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ?
ਗਰੇਵਾਲ ਨੇ ਕਿਹਾ ਕਿ ਜੋ ਗੱਲ ਹੈਰਾਨ ਕਰਨ ਵਾਲੀ ਹੈ ਉਹ ਇਹ ਹੈ ਕਿ ਈਡੀ ਅਫਸਰ ਦਾ ਤਬਾਦਲਾ ਨਸ਼ਿਆਂ ਦੀ ਤਸਕਰੀ ਦੇ ਕੇਸ ਦੇ ਸੰਬੰਧ ਵਿੱਚ ਚਲਾਨ ਪੇਸ਼ ਕਰਨ ਤੋਂ ਪਹਿਲਾਂ ਜਲਦਬਾਜ਼ੀ ਵਿੱਚ ਕਿਉਂ ਕੀਤਾ ਗਿਆ। ਇਹ ਸਪਸ਼ਟ ਹੈ ਕਿ ਐਨ.ਡੀ.ਏ. ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਸੀਧੀ ਬਾਤ’ ਪ੍ਰੋਗਰਾਮ ਵਿੱਚ ਕੀਤੇ ਦਾਅਵਿਆਂ ਤੋਂ ਬਾਅਦ ਵੀ ਆਪਣੀ ਗਠਬੰਧਨ ਪਾਰਟੀ ਨੂੰ ਸੂਬੇ ਵਿੱਚ ਬਚਾਉਣ ਦਾ ਯਤਨ ਕਰ ਰਹੀ ਹੈ। ਇਸ ਤੋਂ ਵੀ ਜ਼ਿਆਦਾ ਇਹ ਲੱਗ ਰਿਹਾ ਹੈ ਕਿ ਬੀਜੇਪੀ ਆਪਣੇ ਭੇਦ ਖੁੱਲਣ ਤੋਂ ਡਰ ਰਹੀ ਹੈ। ਕੇਂਦਰ ਅਤੇ ਸੂਬਾ ਸਰਕਾਰ ਦੇ ਇਸ ਕਦਮ ਤੋਂ ਸਾਫ ਹੈ ਕਿ ਕੁਝ ਨਾ ਕੁਝ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਕਦੇ ਵੀ ਸੱਤਾ ਦਾ ਦੁਰਉਪਯੋਗ ਨਹੀਂ ਹੋਣ ਦੇਵੇਗੀ ਅਤੇ ਅਸੀਂ ਸੱਚਾਈ ਨੂੰ ਸਾਹਮਣੇ ਲੈ ਕਿ ਆਉਣ ਅਤੇ ਸੱਤਾ ਵਿੱਚ ਬੈਠੇ ਲੋਕਾਂ ਦੇ ਬੁਰੇ ਮਨਸੂਬਿਆਂ ਦਾ ਪਰਦਾਫਾਸ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ। ਆਮ ਜਨਤਾ ਇਸ ਗੱਲ ਤੋਂ ਚੰਗੀ ਤਰਾਂ ਵਾਕਿਫ ਹੈ ਕਿ ਸੂਬੇ ਦੀ ਇਸ ਤਰਸਯੋਗ ਹਾਲਤ ਲਈ ਕੌਣ ਜ਼ਿੰਮੇਵਾਰ ਹੈ। ਅਕਾਲੀ ਅਤੇ ਬੀਜੇਪੀ ਧਰਨੇ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਪਰ ਉਹਨਾਂ ਦੁਆਰਾ ਆਪਣੇ ਭਾਈਵਾਲ ਸਾਥੀਆਂ ਨੂੰ ਬਚਾਉਣ ਵਾਲੀ ਗੱਲ ਤੋਂ ਉਹਨਾਂ ਦੇ ਇਰਾਦੇ ਬਿਲਕੁਲ ਸਪੱਸ਼ਟ ਹੋ ਜਾਂਦੇ ਹਨ।