ਕਪੂਰਥਲਾ,(ਇੰਦਰਜੀਤ ਸਿੰਘ ) – ਦੇਸ਼ ਭਰ ‘ਚ ਮਨਾਏ ਜਾ ਰਹੇ ਤੀਜੇ ਭਾਰਤੀ ਜਲ ਹਫਤੇ ਦੌਰਾਨ ‘ਦਰਿਆ ਤੇ ਸਾਡੇ ਸਮਾਜ ਦੀ ਸਿਹਤ‘ ਵਿਸ਼ੇ ‘ਤੇ ਹੋਏ ਸੈਮੀਨਾਰ ਦੀ ਪ੍ਰਧਾਨਗੀ ਕਰਦੇ ਹੋਏ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪ੍ਰਦੂਸ਼ਣ ਕਾਰਨ ਜੋ ਹਾਲ ਇੱਥੋਂ ਦੇ ਦਰਿਆਵਾਂ ‘ਤੇ ਨਦੀਆਂ ਦਾ ਹੋ ਚੁੱਕਾ ਹੈ ਉਸ ਦਾ ਸਿੱਧਾ ਅਸਰ ਸਮਾਜ ਦੇ ਲੋਕਾਂ ਦੀ ਸਿਹਤ ‘ਤੇ ਪੈ ਰਿਹਾ ਹੈ। ਉਨ੍ਹਾ ਕਿਹਾ ਕਿ ਦਰਿਆਵਾਂ ਦੇ ਵੱਧ ਰਹੇ ਪ੍ਰਦੂਸ਼ਣ ਕਾਰਨ ਹੀ ਬੀਮਾਰੀਆਂ ਦਾ ਹੜ੍ਹ ਆਇਆ ਹੋਇਆ ਹੈ।ਕੌਮੀ ਪੱਧਰ ‘ਤੇ ਭਾਰਤੀ ਜਲ ਹਫਤਾ 13 ਜਨਵਰੀ ਤੋਂ ਲੈਕੇ 17 ਜਨਵਰੀ ਤੱਕ ਪ੍ਰਗਤੀ ਮੈਦਾਨ ਦਿੱਲੀ ‘ਚ ਮਨਾਇਆ ਜਾ ਰਿਹਾ ਹੈ।ਪੰਜ ਦਿਨਾਂ ‘ਚ ਲੱਗਭਗ 25 ਦੇ ਕਰੀਬ ਸੈਮੀਨਾਰ ਕਰਵਾਏ ਜਾਣੇ ਹਨ।ਇਸ ਸੈਮੀਨਾਰ ‘ਚ ਸੰਤ ਸੀਚੇਵਾਲ ਨੇ ਪੰਜਾਬ ਦੇ ਸਤਲੁਜ ਦਰਿਆ ਦੇ ਪ੍ਰਦੂਸ਼ਣ ਬਾਰੇ ਵਿਸ਼ੇਸ਼ ਚਰਚਾ ਕਰਦਿਆ ਕਿਹਾ ਕਿ ਇਸ ਦੇ ਪਾਣੀ ਨਾਲ ਮਾਲਵਾ ਤੇ ਰਾਜਸਥਾਨ ਦੇ ਲੋਕ ਕੈਂਸਰ ਤੇ ਹੋਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਸੈਮੀਨਾਰ ‘ਚ ਹਿੱਸਾ ਲੈਕੇ ਪਰਤੇ ਸੰਤ ਸੀਚੇਵਾਲ ਨੇ ਇੱਥੇ ਗੱਲਬਾਤ ਦੌਰਾਨ ਦੱਸਿਆ ਕਿ ਦੇਸ਼ ਦੇ ਦਰਿਆਵਾਂ ਦੀ ਸਿਹਤਮੰਦੀ ‘ਤੇ ਹੀ ਸਾਡੇ ਸਮਾਜ ਦੇ ਲੋਕਾਂ ਦਾ ਜੀਵਨ ਨਿਰਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦਰਿਆਵਾਂ ‘ਚ ਗੰਦਗੀ ਸੁੱਟਣ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਜਿਵੇਂ ਡਾਕਟਰ ਨਾੜ ‘ਚ ਟੀਕਾ ਲਾ ਦਿੰਦਾ ਹੈ ਕਿ ਦਵਾਈ ਦਾ ਅਸਰ ਜਲਦੀ ਹੋਵੇ ਇਸੇ ਤਰ੍ਹਾਂ ਦਰਿਆਵਾਂ ਦਾ ਪ੍ਰਦੂਸ਼ਣ ਸਾਡੇ ਸਮਾਜ ‘ਤੇ ਅਸਰ ਪਾ ਰਿਹਾ ਹੈ। ਪੰਜ ਦਿਨ ਚਲਣ ਵਾਲੇ ਸੈਮੀਨਾਰ ਕੇਂਦਰੀ ਜਲ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਹਨ। ਇਸ ਮੰਤਰਲੇ ਦੀ ਕੇਂਦਰੀ ਮੰਤਰੀ ਉਮਾ ਭਾਰਤੀ ਵੀ ਉਚੇਚੇ ਤੌਰ ‘ਤੇ ਇਸ ਸਮਾਗਮ ‘ਚ ਪਹੁੰਚੀ ਹੋਏ ਸਨ। ਕੇਂਦਰੀ ਮੰਤਰੀ ਉਮਾ ਭਾਰਤੀ ਨੇ ਸਮਾਗਮ ਤੋਂ ਬਾਆਦ ਵੱਖਰੇ ਤੌਰ ‘ਤੇ ਆਪਣੇ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਸੰਤ ਸੀਚੇਵਾਲ ਦੀ ਪਛਾਣ ਕਰਵਾਉਂਦਿਆ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਕੇਂਦਰੀ ਜਲ ਮੰਤਰਾਲੇ ਲਈ ਇੱਕ ਚਾਣਨ ਮੁਨਾਰਾ ਹਨ ਤੇ ਉਨ੍ਹਾ ਕੋਲੋ ਸੇਧ ਲੈਕੇ ਹੀ ਗੰਗਾਂ ,ਯੁਮਨਾ ਤੇ ਹੋਰ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਰਣਨੀਤੀ ਉਲੀਕੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਦਰਿਆਵਾਂ ਨੂੰ ਸਾਫ ਸੁਥਰਾ ਰੱਖਣ ਲਈ ਪਵਿੱਤਰ ਕਾਲੀ ਵੇਈਂ ਦੇ ਮਾਡਲ ਨੂੰ ਅਪਣਾਇਆ ਜਾਵੇਗਾ।
ਸੈਮੀਨਾਰ ਦੌਰਾਨ ਪ੍ਰਜੈਕਟਰ ‘ਤੇ ਪਵਿੱਤਰ ਕਾਲੀ ਵੇਈਂ ਦੇ ਕੰਮਾਂ ‘ਤੇ ਝਾਤ ਪੁਆਉਂਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਪਵਿੱਤਰ ਕਾਲੀ ਵੇਈਂ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਸੰਗਤਾਂ ਨੇ ਸਮੂਹਿਕ ਤੌਰ ‘ਤੇ ਜੋ ਕਾਰਜ ਕੀਤੇ ਹਨ ਉਸੇ ਦੇ ਹੀ ਇਹ ਨਤੀਜੇ ਹਨ ਕਿ ਇਹ ਪਵਿੱਤਰ ਨਦੀ ਮੁੜ ਜੀਵਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕਾਲੀ ਵੇਈਂ ਦੇਸ਼ ਦੀ ਪਹਿਲੀ ਅਜਿਹੀ ਨਦੀ ਹੈ ਜਿਸ ਨੂੰ ਸੂਬਾ ਸਰਕਾਰ ਨੇ ਅਧਿਕਾਰਤ ਤੌਰ ‘ਤੇ ਪਵਿੱਤਰ ਨਦੀ ਐਲਾਨਿਆ ਸੀ।ਇਸ ਮੌਕੇ ਸੰਤ ਸੀਚੇਵਾਲ ਨੇ ਪਿੰਡਾਂ ਤੇ ਸ਼ਹਿਰਾਂ ਦੇ ਗੰਦੇ ਪਾਣੀਆਂ ਨੂੰ ਸੋਧ ਕੇ ਖੇਤੀ ਲਈ ਕਿਵੇਂ ਵਰਤਣਾ ਹੈ ਉਸ ਦੇ ਨਾਮੂਨੇ ਦਿਖਾਏ।ਉਨ੍ਹਾਂ ਇਸ ਗੱਲ ਦਾ ਦਾਆਵਾ ਕੀਤਾ ਕਿ ਪਿੰਡਾਂ ‘ਤੇ ਸ਼ਹਿਰਾਂ ਦੇ ਪਰਦੂਸ਼ਣ ਪਾਣੀਆਂ ਨੂੰ ਸੰਭਾਲਣ ਦਾ 100 ਫੀਸਦੀ ਹੱਲ ਹੈ ਜੋ ਉਨ੍ਹਾਂ ਨੇ ਕਰਕੇ ਦਿਖਾਇਆ ਹੋਇਆ ਹੈ।ਉਨ੍ਹਾਂ ਦੱਸਿਆ ਕਿ ਪਿੰਡਾਂ ਤੇ ਸ਼ਹਿਰਾਂ ਦਾ ਸੋਧਿਆਂ ਹੋਇਆ ਪਾਣੀ ਵਰਤਣ ਨਾਲ ਖਾਦ,ਬਿਜਲੀ ਤੇ ਧਰਤੀ ਹੇਠਲੇ ਪਾਣੀ ਦੀ ਬਚਤ ਹੁੰਦੀ ਹੈ ਤੇ ਅਜਿਹਾ ਕਰਨ ਨਾਲ ਕਿਸਾਨਾਂ ਨੂੰ ਅਰਬਾਂ ਰੁਪੈ ਦੀ ਖਾਦ ਤੇ ਕੀਟਨਾਸ਼ਕ ਦਵਾਈਆਂ ਵੀ ਨਹੀਂ ਵਰਤਣੀਆਂ ਪੈਣਗੀਆਂ ਜੋ ਮਨੁੱਖੀ ਸਿਹਤ ਲਈ ਘਾਤਕ ਹੈ।ਇਸ ਮੌਕੇ ਸੰਤ ਸੀਚੇਵਾਲ ਜੀ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਪਹਿਲਾ ਸੈਟਰਲ ਵਾਟਰ ਕਮਿਸ਼ਨ ਦੇ ਚੀਫ਼ ਇੰਜੀਨੀਅਰ ਆਰ.ਕੇ ਗੁਪਤਾ ਨੇ ਇਸ ਸੈਮੀਨਾਰ ‘ਚ ਕੂੰਜੀਵਤ ਭਾਸ਼ਣ ਦਿੱਤਾ। ਸਾਰੇ ਬੁਲਾਰਿਆਂ ਦੇ ਇਸ ਗੱਲ ਦੀ ਪ੍ਰਸੰਸਾ ਕੀਤੀ ਕਿ ਸੰਤ ਸੀਚੇਵਾਲ ਨੇ ਸੂਬੇ ਦੇ ਲੋਕਾਂ ਨੂੰ ਨਾਲ ਲੈਕੇ ਜੋ ਚੇਤਨਾ ਪੈਦਾ ਕੀਤੀ ਹੈ ਉਸੇ ਫਾਰਮੂਲੇ ਨੂੰ ਦੇਸ਼ ਦੇ ਹੋਰ ਹਿੱਸਿਆਂ ‘ਚ ਵੀ ਫੈਲਾਉਣ ਦੀ ਸਖਤ ਲੋੜ ਹੈ। ਹੋਰਨਾਂ ਤੋਂ ਇਲਾਵਾ ਦਰਿਆਵਾਂ ਦੇ ਪਾਣੀਆਂ ਦੇ ਮਾਹਿਰਾਂ ਡਾ: ਜਾਕਿਰ ਹੂਸੈਨ, ਡਾ: ਰਜਨੀ ਕਾਂਤ, ਡਾ: ਸੰਧਿਆ ਰਾਓ, ਸਕੱਤਰ ਅਮਰਜੀਤ ਸਿੰਘ ਤੇ ਐਮ.ਡੀ ਸਾਹੀਚੱਲ ਨੇ ਵੀ ਆਪਣੇ ਵਿਚਾਰ ਰੱਖੇ।।