ਪਵਾਤ – ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੇ ਤਹਿਸੀਲ ਸਮਰਾਲਾ ਦੇ ਅਧੀਨ ਪੈਂਦੇ ਪਵਾਤ ਪਿੰਡ ਵਿੱਚ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਰੇਤ ਮਾਈਨਿੰਗ ਨੂੰ ਹਰੀ ਝੰਡੀ ਦਿੱਤੇ ਜਾਣ ਤੇ ਜ਼ਬਰਦਸਤ ਆਲੋਚਨਾ ਕੀਤੀ ਹੈ। ਖਾਲਸਾ ਜੀ ਨੇ ਕਿਹਾ ਕਿ ਇਹ ਸਾਰੀ ਜਾਣਕਾਰੀ ਕਰਨਲ ਬਲਬੀਰ ਸਿੰਘ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਦੁਆਰਾ ਰਿਕਾਰਡ ਇਕੱਠਾ ਕੀਤੇ ਜਾਣ ਤੇ ਮਿਲੀ ਹੈ ਅਤੇ ਰੇਤ ਮਾਈਨਿੰਗ ਲਈ ਇਹ ਇਜਾਜ਼ਤ ਮਾਈਨਿੰਗ ਮਹਿਕਮੇ ਦੁਆਰਾ ਗਲਤ ਜਾਣਕਾਰੀ ਜਾਰੀ ਕਰਕੇ ਅਤੇ ਨਿਯਮਾਂ ਨੂੰ ਅੱਖੋਂ ਉਹਲੇ ਕਰ ਕੇ ਦਿੱਤੀ ਗਈ ਹੈ। ਮਾਈਨਿੰਗ ਲਈ ਦਿੱਤੀ ਗਈ ਇਜਾਜ਼ਤ ਦੀ ਵਿਧੀ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਪਹਿਲੀ ਗੱਲ ਇਹ ਹੈ ਕਿ ਨਹਿਰ ਅਤੇ ਪਵਾਤ ਨਾਲੇ ਦੇ ਨਜ਼ਦੀਕ ਜਿਸ ਇਲਾਕੇ ਵਿੱਚ ਮਾਈਨਿੰਗ ਚੱਲ ਰਹੀ ਹੈ, ਉੱਥੇ ਗੰਦਗੀ ਦੀ ਸਮੱਸਿਆ ਪੈਦਾ ਹੋ ਰਹੀ ਹੈ। ਦੂਸਰੀ ਗੱਲ ਇਹ ਹੈ ਕਿ ਕੁੱਝ ਜਮੀਨ ਮਾਲਕਾਂ ਦੁਆਰਾ ਜਮ੍ਹਾ ਕਰਵਾਏ ਗਏ ਹਲਫੀਆ ਬਿਆਨਾਂ ਦੇ ਅਨੁਸਾਰ ਉਹਨਾਂ ਦੀਆਂ ਜ਼ਮੀਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਬਗੈਰ ਲੈਂਡ ਮਾਈਨਿੰਗ ਦੇ ਅਧੀਨ ਲਿਆਂਦਾ ਗਿਆ ਹੈ। ਤੀਸਰੀ ਗੱਲ ਇਹ ਹੈ ਕਿ ਉਹਨਾਂ ਦੇ ਰਿਕਾਰਡ ਨਾਲ ਛੇੜਛਾੜ ਕਰਕੇ ਸੈਂਕਸ਼ਨਿੰਗ ਅਥਾਰਟੀ ਨੂੰ ਗਲਤ ਜਾਣਕਾਰੀ ਦਿੱਤੀ ਗਈ ਹੈ ਅਤੇ ਵਾਤਾਵਰਣ ਸੰਬੰਧੀ ਮਨਜ਼ੂਰੀ ਇਹਨਾਂ ਝੂਠੀਆਂ ਜਾਣਕਾਰੀਆਂ ਦੇ ਆਧਾਰ ਤੇ ਹੀ ਦਿੱਤੀ ਗਈ ਹੈ। ਖ਼ਾਲਸਾ ਨੇ ਇਸ ਮਾਮਲੇ ਸੰਬੰਧੀ ਸਹੀ ਅਤੇ ਚੰਗੀ ਤਰਾਂ ਛਾਣਬੀਣ ਕਰਨ ਅਤੇ ਜਿੰਮੇਵਾਰ ਅਫਸਰਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਰੇਤ ਮਾਈਨਿੰਗ ਦਾ ਇਹ ਕੰਮ ਜਲਦੀ ਤੋਂ ਜਲਦੀ ਬੰਦ ਕਰ ਦੇਣਾ ਚਾਹੀਦਾ ਹੈ। ਖਾਲਸਾ ਜੀ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਸੰਬੰਧਤ ਅਧਿਕਾਰੀਆਂ ਨੂੰ ਕਾਗਜ਼ੀ ਸਬੂਤ ਦੇਣ ਦੇ ਬਾਵਜੂਦ ਵੀ ਸੰਬੰਧਿਤ ਮੰਤਰੀ ਅਤੇ ਮੁੱਖ ਮੰਤਰੀ ਦੁਆਰਾ ਅਜੇ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਇਹ ਸਪਸ਼ਟ ਤੋਰ ਤੇ ਸਰਕਾਰ ਦੁਆਰਾ ਮਾਈਨਿੰਗ ਮਾਫੀਆ ਨੂੰ ਰਾਜਨੀਤਿਕ ਸ਼ਹਿ ਦੇਣ ਵੱਲ ਇਸ਼ਾਰਾ ਕਰਦਾ ਹੈ। ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਰੇਤ ਨੂੰ ਇਕ ਬਹੁਤ ਹੀ ਮਹਿੰਗੀ ਚੀਜ਼ ਬਣਾ ਦਿੱਤਾ ਹੈ ਅਤੇ ਉਹ ਆਪਣੀਆਂ ਜੇਬਾਂ ਭਰ ਰਹੇ ਹਨ। ਜਦੋਂ ਕਿ ਆਮ ਜਨਤਾ ਦੁਆਰਾ ਮਹਿਨਤ ਨਾਲ ਕਮਾਏ ਪੈਸੇ ਦੀ ਲੁੱਟ ਕੀਤੀ ਜਾ ਰਹੀ ਹੈ। ਖਾਲਸਾ ਜੀ ਨੇ ਕਿਹਾ ਕਿ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਉਹ ਇਸ ਪ੍ਰੈੱਸ ਨੋਟ ਦੇ ਨਾਲ ਸਾਰੇ ਸੰਬੰਧਤ ਕਾਗਜ਼ੀ ਸਬੂਤ ਨੱਥੀ ਕਰ ਰਹੇ ਹਨ।
ਪੰਜਾਬ ਸਰਕਾਰ ਵਲੋਂ ਰੇਤ ਮਾਫੀਆ ਨੂੰ ਪਵਾਤ ਵਿੱਚ ਇੱਕ ਹੋਰ ਤੋਹਫਾ – ਹਰਿੰਦਰ ਸਿੰਘ ਖਾਲਸਾ
This entry was posted in ਪੰਜਾਬ.