ਇਸਲਾਮਾਬਾਦ – ਪਾਕਿਸਤਾਨ ਵਿੱਚ ਅੱਤਵਾਦੀਆਂ ਦੁਆਰਾ ਕੀਤੇ ਗਏ ਹਮਲੇ ਤੋਂ ਬਾਅਦ ਐਤਵਾਰ ਦੀ ਸਵੇਰ ਨੂੰ ਨੈਸ਼ਨਲ ਗਰਿਡ ਸਿਸਟਮ ਫੇਲ੍ਹ ਹੋ ਜਾਣ ਨਾਲ ਦੇਸ਼ ਦਾ 80 ਫੀਸਦੀ ਹਿੱਸਾ ਹਨੇਰੇ ਵਿੱਚ ਡੁੱਬ ਗਿਆ। ਪਾਕਿਸਤਾਨ ਪਹਿਲਾਂ ਹੀ ਗੰਭੀਰ ਊਰਜਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਦੇਸ਼ ਅੰਦਰ ਤੇਲ ਦੀ ਘਾਟ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਲੋਚਸਿਤਾਨ ਸੂਬੇ ਦੇ 17 ਜਿਲ੍ਹਿਆਂ ਵਿੱਚ ਐਤਵਾਰ ਦੀ ਸਵੇਰ ਨੂੰ ਅਚਾਨਕ ਬਿਜਲੀ ਸੰਕਟ ਪੈਦਾ ਹੋ ਗਿਆ।ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸਮੇਤ ਕਰਾਚੀ, ਪੇਸ਼ਾਵਰ ਅਤੇ ਕੋਇਟਾ ਵਰਗੇ ਵੱਡੇ ਸ਼ਹਿਰਾਂ ਨੂੰ ਹਨੇਰੇ ਵਿੱਚ ਰਹਿਣਾ ਪਿਆ। ਜਲ ਅਤੇ ਊਰਜਾ ਵਿਭਾਗ ਦੇ ਇੱਕ ਅਧਿਕਾਰੀ ਅਨੁਸਾਰ ਗੁਡੂ ਬਿਜਲੀ ਯੰਤਰ ਦੇ ਟਰਾਂਸਮਿਸ਼ਨ ਲਾਈਨ ਵਿੱਚ ਗੜਬੜੀ ਨਾਲ 500 ਕਿਲੋਵਾਟ ਦੀ ਬਿਜਲੀ ਲਾਈਂ ਪ੍ਰਭਾਵਿਤ ਹੋਈ, ਜਿਸ ਕਾਰਨ ਜਾਮਸ਼ੇਰੋ ਅਤੇ ਬਿਨ ਕਾਸਿਮ ਬਿਜਲੀ ਸਟੇਸ਼ਨਾਂ ਨੂੰ ਬੰਦ ਕਰਨਾ ਪਿਆ। ਜਲ ਅਤੇ ਊਰਜਾ ਉਪ ਮੰਤਰੀ ਆਬਿਦ ਸ਼ੇਰ ਅਲੀ ਨੇ ਕਿਹਾ ਕਿ ਬਲੋਚਸਿਤਾਨ ਦੇ ਨਸੀਰਾਬਾਦ ਜਿਲ੍ਹੇ ਵਿੱਚ ਅੱਤਵਾਦੀਆਂ ਨੇ ਟਰਾਂਸਮਿਸ਼ਨ ਲਾਈਨ ਉਡਾ ਦਿੱਤੀ ਸੀ। ਜਿਸ ਕਰਕੇ ਇਹ ਸਮੱਸਿਆ ਪੈਦਾ ਹੋਈ। ਸਬੰਧਿਤ ਵਿਭਾਗ ਵੱਲੋਂ ਇਸ ਸਮੱਸਿਆਂ ਨੂੰ ਦੂਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਹੌਲੀ-ਹੌਲੀ ਬਿਜਲੀ ਦੀ ਸਪਲਾਈ ਬਹਾਲ ਕੀਤੀ ਜਾ ਰਹੀ ਹੈ।