ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ 66ਵਾਂ ਗਣਤੰਤਰ ਦਿਵਸ ਨਾਲ ਮਨਾਇਆ ਗਿਆ ਜਿਸ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਐਨ ਸੀ ਸੀ ਦੇ ਕੈਡਿਟਸ ਵੱਲੋਂ ਕੀਤੀ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਵੱਡੀ ਗਿਣਤੀ ਵਿੱਚ ਅਧਿਕਾਰੀ, ਸਾਇੰਸਦਾਨ, ਕਰਮਚਾਰੀ ਅਤੇ ਵਿਦਿਆਰਥੀ ਹਾਜ਼ਰ ਸਨ।
ਆਪਣੇ ਉਦਘਾਟਨੀ ਭਾਸ਼ਣ ਵਿੱਚ ਡਾ: ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਸਦਾ ਕੁਰਬਾਨੀਆਂ ਦੇਣ ਵਾਲੇ ਕ੍ਰਾਂਤੀ ਵੀਰਾਂ ਦਾ ਰਿਣੀ ਰਹੇਗਾ ਅਤੇ ਸਾਲ 1950 ਵਿੱਚ ਦੇਸ਼ ਨੇ ਸੰਪੂਰਨ ਆਜ਼ਾਦੀ ਦਾ ਸੰਕਲਪ ਲਿਆ ਸੀ। ਉਹਨਾਂ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਵਿਕਾਸ ਦੇ ਵਿੱਚ ਅਨੇਕਾਂ ਹੰਭਲੇ ਮਾਰੇ ਹਨ ਅਤੇ ਦੇਸ਼ ਵਿੱਚ ਸਥਾਪਿਤ ਲੋਕਤੰਤਰ ਪ੍ਰਣਾਲੀ ਨੂੰ ਸਾਰੀ ਦੁਨੀਆਂ ਵਿੱਚ ਸਲਾਹਿਆ ਜਾਂਦਾ ਹੈ। ਡਾ: ਢਿੱਲੋਂ ਨੇ ਕਿਹਾ ਕਿ ਆਪਣੇ ਆਪ ਉੱਤੇ ਵਿਸਵਾਸ਼ ਕਰਨਾ ਅਤੇ ਅੰਤਰ ਸਮੀਖਿਆ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਖੇਤੀ ਦੇ ਖੇਤਰ ਵਿੱਚ ਨਵੀਆਂ ਪੇਸ਼ ਆ ਰਹੀਆਂ ਚੁਣੌਤੀਆਂ ਸਾਡੇ ਵਿਗਿਆਨੀਆਂ ਲਈ ਭਵਿੱਖ ਦਾ ਟੀਚਾ ਰਹਿਣਗੀਆਂ। ਉਹਨਾਂ ਕਿਹਾ ਕਿ ਦੇਸ਼ ਦੀ ਭੋਜਨ ਸੁਰੱਖਿਆ ਸਾਡੇ ਲਈ ਅਹਿਮ ਚੁਣੌਤੀ ਹੈ।
ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਯੂਨੀਵਰਸਿਟੀ ਦੀ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਰਵਿੰਦਰ ਕੌਰ ਧਾਲੀਵਾਲ ਨੇ ਕਹੇ। ਉਨ੍ਹਾਂ ਇਸ ਪਾਵਨ ਦਿਹਾੜੇ ਸਮਾਜਿਕ ਬੁਰਾਈਆਂ ਜਿਵੇਂ ਨਸ਼ਾਖੋਰੀ, ਭਰੂਣ ਹੱਤਿਆ ਅਤੇ ਫਜ਼ੂਲ ਖਰਚੀ ਨੂੰ ਠੱਲ ਪਾਉਣ ਲਈ ਅਹਿਦ ਲੈਣ ਲਈ ਕਿਹਾ। ਡਾ: ਹਰਮੀਤ ਸਿੰਘ ਵੱਲੋਂ ਤਿਆਰ ਕੀਤੀ ਵਿਦਿਆਰਥੀਆਂ ਦੀ ਸਲਾਮੀ ਟੁਕੜੀ ਦੀ ਪਰੇਡ ਦਾ ਸਭ ਨੇ ਆਨੰਦ ਮਾਣਿਆ।