ਨਵੀਂ ਦਿੱਲੀ – ਸ੍ਰ. ਦਮਨਦੀਪ ਸਿੰਘ ਪ੍ਰਧਾਨ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ( ਦਿੱਲੀ ਇਕਾਈ) ਨੇ ਕਿ ਸ੍ਰ. ਪਰਮਜੀਤ ਸਿੰਘ ਸਰਨਾ ਵਿਰੁੱਧ ਬੇਤੁੱਕੇ ਖਬਰਾਂ ਲਗਾਉਣ ਵਾਲਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਸ੍ਰ. ਸਰਨਾ ਦੇ ਖਿਲਾਫ ਅਧਾਰਹੀਣ ਖਬਰਾਂ ਲਗਾਉਣ ਨਾਲ ਉਹਨਾਂ ਦੇ ਕਿਰਦਾਰ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਪਰ ਜਿਹੜੇ ਇਸ਼ਤਿਹਾਰਾਂ ਦੀ ਮੰਗ ਨੂੰ ਲੈ ਕੇ ਪੀਲੀ ਪੱਤਰਕਾਰੀ ਕਰ ਰਹੇ ਹਨ ਉਹਨਾਂ ਦੀ ਬਲੈਕਮੇਲਿੰਗ ਕਰਨ ਦੀ ਬਿੱਲੀ ਪੂਰੀ ਤਰ੍ਹਾਂ ਥੈਲਿਉ ਬਾਹਰ ਆ ਚੁੱਕੀ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਦਮਨਦੀਪ ਸਿੰਘ ਦਿੱਲੀ ਨੇ ਕਿਹਾ ਕਿ ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਦਾ ਦਾਮਨ ਪੂਰੀ ਤਰ੍ਵਾ ਚਿੱਟੀ ਚਾਦਰ ਦੀ ਤਰ੍ਹਾਂ ਸਾਫ ਹੈ ਜਿਹਨਾਂ ਤੇ ਕੋਈ ਦੋਸ਼ ਲਗਾਉਣਾ ਸੂਰਜ ਤੇ ਥੁੱਕਣ ਵਾਂਗ ਹੈ। ਉਹਨਾਂ ਕਿਹਾ ਕਿ ਸ੍ਰ ਸਰਨਾ ਤਾਂ ਖੁਦ ਕਈ ਵਾਰੀ ਪੱਤਰਕਾਰ ਸੰਮੇਲਨ ਕਰਕੇ ਕਹਿ ਚੁੱਕੇ ਹਨ ਕਿ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੇ ਜੋ ਦਿੱਲੀ ਦੀਆਂ ਸੰਗਤਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸੱਤਾ ਸੰਭਾਲਣ ਉਪਰੰਤ 15 ਦਿਨਾਂ ਦੇ ਅੰਦਰ ਅੰਦਰ ਘੱਪਲੇ ਬਾਹਰ ਕੱਢਣਗੇ ਪਰ ਦੋ ਸਾਲ ਤੋਂ ਵੀ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਦਿੱਲੀ ਕਮੇਟੀ ਵਾਲੇ ਕੋਈ ਘੱਪਲਾ ਨਹੀਂ ਕੱਢ ਸਕੇ ਕਿਉਂਕਿ ਘੱਪਲਾ ਕੋਈ ਹੋਇਆ ਹੀ ਨਹੀਂ ਸੀ। ਉਹਨਾਂ ਕਿਹਾ ਕਿ ਜਿਹੜੀਆਂ ਝੂਠੀਆਂ ਖਬਰਾਂ ਇੱਕ ਅਖਬਾਰ ਵਿੱਚ ਲਗਵਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਲੈ ਕੇ ਖਬਰਾਂ ਲਗਾਉਣ ਵਾਲੇ ਤੇ ਖਬਰਾਂ ਲਾਉਣ ਵਾਲਿਆਂ ਨੇ ਤੁਰੰਤ ਮੁਆਫੀ ਨਾਂ ਮੰਗੀ ਤਾਂ ਉਹਨਾਂ ਵਿਰੁੱਧ ਅਦਾਲਤ ਵਿੱਚ ਮਾਨਹਾਨੀ ਦਾ ਕੇਸ ਦਾਇਰ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੇ ਉਮੀਦਵਾਰਾਂ ਦੀ ਮਦਦ ਕਰਨਾ ਜਾਂ ਨਾ ਕਰਨਾ ਇਹ ਕਿਸੇ ਵੀ ਵਿਅਕਤੀ ਜਾਂ ਪਾਰਟੀ ਦਾ ਨਿੱਜੀ ਮਾਮਲਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇੱਕ ਧਾਰਮਿਕ ਪਾਰਟੀ ਹੈ ਜਿਸ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀ ਹੈ। ਉਹਨਾਂ ਕਿਹਾ ਕਿ ਉਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਹਮੇਸ਼ਾਂ ਹੀ ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਦੀ ਮਦਦ ਕੀਤੀ ਹੈ ਤੇ ਇਸ ਵਾਰੀ ਵੀ ਉਹ ‘ਆਪ’ ਦੇ ਉਹਨਾਂ ਸਿੱਖ ਉਮੀਦਵਾਰਾਂ ਦੀ ਮਦਦ ਕਰ ਰਿਹਾ ਹੈ ਜਿਹੜੇ ਸਿੱਖੀ ਨੂੰ ਸਮੱਰਪਿੱਤ ਹਨ। ਉਹਨਾਂ ਕਿਹਾ ਕਿ ਕਾਂਗਰਸ ਵਿੱਚ ਵੀ ਕਦੇ ਵੀ ਸਰਨਾ ਭਰਾ ਸ਼ਾਮਲ ਨਹੀਂ ਹੋਏ ਸਗੋਂ ਉਹਨਾਂ ਨੇ ਹਮੇਸ਼ਾਂ ਹੀ ਬਾਹਰੋਂ ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਦੀ ਹਮਾਇਤ ਕੀਤੀ ਹੈ।
ਉਹਨਾਂ ਕਿਹਾ ਕਿ ਅਦਾਲਤ ਵਿੱਚ ਕੇਸ ਚੱਲਦੇ ਹੋਣ ਦੀਆਂ ਜਿਹੜੀਆਂ ਬਾਤਾਂ ਪਾਈਆਂ ਜਾ ਰਹੀਆਂ ਹਨ ਉਹ ਵੀ ਸਰਾਸਰ ਝੂਠ ਹਨ ਕਿਉਂਕਿ ਕੇਸ ਸਾਰੇ ਝੂਠੇ ਹਨ ਤੇ ਅਦਾਲਤ ਦੇ ਵਿਚਾਰ ਅਧੀਨ ਹਨ ਜਿਹਨਾਂ ਬਾਰੇ ਅੱਜ ਤੱਕ ਕੋਈ ਵੀ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ 2005 ਵਿੱਚ ਜਿਹੜੀ ਪਾਲਕੀ ਸਾਹਿਬ ਪਾਕਿਸਤਾਨ ਲਿਜਾਈ ਗਈ ਸੀ ਉਸ ਉਪਰ ਦਿੱਲੀ ਕਮੇਟੀ ਦਾ ਇੱਕ ਵੀ ਪੈਸਾ ਨਹੀ ਖਰਚ ਹੋਇਆ ਸਗੋਂ ਪਾਲਕੀ ਸਾਹਿਬ ਪੋਟੀ ਚੱਢਾ ਨੇ ਬਣਾ ਕੇ ਦਿੱਤੀ ਸੀ ਅਤੇ ਉਸ ਉਪਰ ਕਿੰਨਾ ਸੋਨਾ ਲੱਗਾ ਹੈ ਇਸ ਬਾਰੇ ਪੌਂਟੀ ਚੱਢਾ ਹੀ ਦੱਸ ਸਕਦੇ ਹਨ। ਉਹਨਾਂ ਕਿਹਾ ਕਿ ਪਾਲਕੀ ਸਾਹਿਬ ਨੂੰ ਸੁਸ਼ੋਭਿਤ ਕਰਨਾ ਜਾਂ ਨਾ ਕਰਨਾ ਇਹ ਮਾਮਲਾ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਉਥੋਂ ਦੀ ਸਰਕਾਰ ਦਾ ਹੈ ਜਿਸ ਨਾਲ ਸਰਨਾ ਭਰਾਵਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।
ਪੀਲੀ ਪੱਤਰਕਾਰੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੱਤਰਕਾਰ ਸਮਾਜ ਤੇ ਸਰਕਾਰ ਵਿੱਚ ਇੱਕ ਕੜ੍ਹੀ ਦਾ ਕੰਮ ਕਰਦਾ ਹੈ ਤੇ ਇਸ਼ਤਿਹਾਰਾਂ ਦੀ ਖਾਤਰ ਕਿਸੇ ਨੂੰ ਬਲੈਕਮੇਲ ਕਰਨਾ ਕਿਸੇ ਵੀ ਤਰ੍ਹਾਂ ਜਾਇਜ ਨਹੀ। ਉਹਨਾਂ ਕਿਹਾ ਕਿ ਸ੍ਰ ਸਰਨਾ ਦੇ ਵਿਰੁੱਧ ਬੇਤੁੱਕੇ ਖਬਰਾਂ ਛਾਪਣ ਤੇ ਛਪਵਾਉਣ ਵਾਲਿਆ ਨੇ ਆਪਣੀ ਗਲਤੀ ਦੀ ਜੇਕਰ ਤੁਰੰਤ ਮੁਆਫੀ ਨਾ ਮੰਗੀ ਤਾਂ ਉਹਨਾਂ ਨੂੰ ਪ੍ਰੈਸ ਕੌਸਲ ਆਫ ਇੰਡੀਆ ਤੇ ਅਦਾਲਤ ਦੇ ਕਟਿਹਰੇ ਵਿੱਚ ਖੜਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਂ ਮਨਮੋਹਨ ਸਿੰਘ ਦੀ ਸ਼ਵੀ ਪੂਰੀ ਤਰ੍ਹਾਂ ਸਾਫ ਹੈ ਤੇ ਉਹਨਾਂ ਦੀ ਇਮਾਨਦਾਰੀ ਦੇ ਕਸੀਦੇ ਤਾਂ ਦੁਨੀਆ ਭਰ ਵਿੱਚ ਪੜ੍ਹੇ ਜਾਂਦੇ ਹਨ। ਅਜਿਹੀ ਸਖਸ਼ੀਅਤ ਦੇ ਖਿਲਾਫ ਲਿਖਣਾ ਕੇ ”ਮਨਮੋਹਨ ਸਿੰਘ ਦਾ ਵੀ ਮੂੰਹ ਕਾਲਾ” ਨੂੰ ਸਿੱਖ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰ ਸਕਦੇ। ਉਹਨਾਂ ਕਿਹਾ ਕਿ ਉਸ ਡਾ. ਮਨਮੋਹਨ ਸਿੰਘ, ਜਿਸ ਬਾਰੇ ਦੁਨੀਆਂ ਦਾ ਸੁਪਰ ਵਿਅਕਤੀ ਅਮਰੀਕਾ ਦਾ ਰਾਸ਼ਟਰਪਤੀ ਬਰਾਕ ਓਬਾਮਾ ਇਹ ਕਹਿੰਦਾ ਹੈ ਕਿ ”ਜਦੋਂ ਡਾ. ਮਨਮੋਹਨ ਸਿੰਘ ਬੋਲਦੇ ਹਨ ਤਾਂ ਸਾਰੀ ਦੁਨੀਆਂ ਸੁਣਦੀ ਹੈ”, ਉਹਨਾਂ ਬਾਰੇ ਭੱਦੀ ਸ਼ਬਦਾਵਲੀ ਵਤਰਣ ਵਾਲੇ ਅਖਬਾਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਪੀੜ੍ਹੀ ਥੱਲੇ ਸੋਟਾ ਜਰੂਰ ਫੇਰੇ ਤੇ ਆਪਣੀ ਕੀਤੀ ਗਲਤੀ ਦੀ ਤੁਰੰਤ ਮੁਆਫੀ ਮੰਗੇ।