ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਇੰਜਨੀਅਰਿੰਗ ਐਂਡ ਟੈਕਨੋਲੋਜੀ ਦੇ ਉੱਦਮ ਸਦਕਾ ਸਮੂਹ ਕਾਲਜਾਂ ਵੱਲੋਂ ਵਿਭਿੰਨ ਬਿਮਾਰੀਆਂ ਖਾਸ ਤੌਰ ਤੇ ਏਡਜ਼ ਵਰਗੀ ਬਿਮਾਰੀ ਪ੍ਰਤੀ ਚੇਤਨਤਾ ਪੈਦਾ ਕਰਨ ਲਈ ‘ਸਿਹਤ ਸੰਭਾਲ ਜਾਗ੍ਰਤੀ ਰੈਲੀ’ ਦਾ ਆਯੋਜਨ ਕੀਤਾ ਗਿਆ।ਇਸ ਰੈਲੀ ਦਾ ਆਗਾਜ਼ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜੀ, ਤਖ਼ਤ ਸਾਹਿਬ ਦੇ ਹੋਰ ਅਧਿਕਾਰੀਆਂ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡੀਨ-ਡਾਇਰੈਕਟਰ ਸਾਹਿਬਾਨਾਂ ਵੱਲੋਂ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਕੀਤਾ ਗਿਆ। ਰੈਲੀ ਦੌਰਾਨ 400 ਤੋਂ ਵਧੇਰੇ ਵਿਦਿਆਰਥੀਆਂ, ਐੱਨ. ਐੱਸ. ਐੱਸ. ਵਲੰਟੀਅਰਾਂ ਅਤੇ ਸਟਾਫ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਰੈਲੀ ਦੌਰਾਨ ਵਿਦਿਆਰਥੀਆਂ ਦੇ ਹੱਥਾਂ ਵਿਚ ਭਿਆਨਕ ਬਿਮਾਰੀਆਂ ਪ੍ਰਤੀ ਚੇਤਨਾ ਪ੍ਰਗਟਾਉਣ ਵਾਲੀਆਂ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ। ਸ਼ਹਿਰ ਨਿਵਾਸੀਆਂ ਵੱਲੋਂ ਵੀ ਇਸ ਰੈਲੀ ਨੂੰ ਭਰਵਾਂ ਹੁੰਗਾਰਾ ਮਿਲਿਆ। ਇਹ ਰੈਲੀ ਤਖ਼ਤ ਸਾਹਿਬ ਤੋਂ ਗਿੱਲਾਂ ਵਾਲਾ ਖੂਹ, ਲੇਲੇਵਾਲਾ ਰੋਡ, ਖੰਡਾ ਚੌਂਕ ਤੋਂ ਹੁੰਦੀ ਹੋਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਕਈ ਸ਼ਹਿਰ ਨਿਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਇਹ ਉੱਦਮ ਬਹੁਤ ਸ਼ਲਾਘਾਯੋਗ ਹੈ ਅਤੇ ਵਿੱਦਿਅਕ ਅਦਾਰਿਆਂ ਨੂੰ ਅਜਿਹੇ ਯਤਨ ਕਰਦੇ ਰਹਿਣਾ ਚਾਹੀਦਾ ਹੈ। ਰੈਲੀ ਦੇ ਅੰਤ ਵਿਚ ਡਾ. ਸੰਦੀਪ ਕੌਤਿਸ਼, ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਇੰਜਨੀਅਰਿੰਗ ਐਂਡ ਟੈਕਨੋਲੋਜੀ ਨੇ ਇਸ ਰੈਲੀ ਨੂੰ ਸਫਲ ਬਣਾਉਣ ਲਈ ਵਿਦਿਆਰਥੀਆਂ, ਸਟਾਫ ਮੈਂਬਰਾਂ ਅਤੇ ਐੱਨ. ਐੱਸ. ਐੱਸ. ਵਲੰਟੀਅਰਾਂ ਦਾ ਧੰਨਵਾਦ ਕੀਤਾ।
ਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਨੇ ਸਮਾਜ ਭਲਾਈ ਦੇ ਅਜਿਹੇ ਕਾਰਜਾਂ ਲਈ ਆਯੋਜਕਾਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਸਮਾਜ ਨੂੰ ਸੇਧ ਦੇਣ ਵਾਲਿਆਂ ਕਾਰਜਾਂ ਵਿਚ ਨਿਰੰਤਰ ਗਤੀਸ਼ੀਲ ਰਹਿਣ ਲਈ ਪ੍ਰੇਰਿਆ ।