ਚੰਡੀਗੜ੍ਹ – “ਸ਼ਹੀਦ ਗੰਜ ਗੁਰਦੁਆਰਾ ਅਜਨਾਲਾ ਵਿਖੇ ਇਕ ਖੂਹ ਦੀ ਖੁਦਾਈ ਕਰਕੇ, ਉਸ ਵਿਚੋ ਮਨੁੱਖੀ ਪਿੰਜ਼ਰ ਅਤੇ ਉਸ ਨਾਲ ਸੰਬੰਧਤ ਅੰਗਾਂ ਦੇ ਮਿਲਣ ਦੀ ਅਫ਼ਵਾਹ ਫਿਲਾਕੇ ਕੁਝ ਲੋਕ ਆਪਣੀਆਂ ਸਿਆਸੀ ਤੇ ਧਾਰਮਿਕ ਦੁਕਾਨਾਂ ਨੂੰ ਚੱਲਦਾ ਰੱਖਣ ਲਈ ਗੁੰਮਰਾਹ ਕਰਨ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ । ਜਦੋਂਕਿ ਇਸ ਖੂਹ ਅਤੇ ਉਥੇ ਅੰਗਰੇਜ਼ਾਂ ਸਮੇਂ ਹੋਈ ਕਿਸੇ ਘਟਨਾ ਦਾ ਕੋਈ ਵੀ ਵੇਰਵਾ ਇਤਿਹਾਸ ਵਿਚ ਦਰਜ ਨਹੀਂ । ਪਰ ਆਪਣੇ ਸਵਾਰਥੀ ਅਤੇ ਮਾਲੀ ਹਿੱਤਾ ਦੀ ਪੂਰਤੀ ਲਈ ਅਜਿਹੇ ਅਮਲ ਕਰਨਾ ਕਿਸੇ ਤਰ੍ਹਾਂ ਵੀ ਜਾਇਜ ਨਹੀਂ ਠਹਿਰਾਏ ਜਾ ਸਕਦੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਜਨਾਲਾ ਦੇ ਸ਼ਹੀਦ ਗੰਜ ਗੁਰਦੁਆਰਾ ਵਿਖੇ ਕਾਲਿਆਵਾਲੀ ਖੂਹ ਨੂੰ ਬਤੌਰ ਸ਼ਹੀਦੀ ਯਾਦਗਾਰ ਦੇ ਉਭਾਰਨ ਅਤੇ ਸਿੱਖ ਕੌਮ ਵਿਚ ਗਲਤ ਫਹਿੰਮੀਆਂ ਪੈਦਾ ਕਰਨ ਅਤੇ ਇਤਿਹਾਸ ਤੱਥਾਂ ਤੋ ਉਲਟ ਕਾਰਵਾਈਆਂ ਕਰਨ ਉਤੇ ਡੂੰਘਾਂ ਦੁੱਖ ਤੇ ਹੈਰਾਨੀ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਕਿਸੇ ਅੰਗਰੇਜ਼ ਲਿਖਾਰੀ, ਮੁਸਲਮਾਨ ਇਤਿਹਾਸਕਾਰ ਅਤੇ ਸਿੱਖ ਇਤਿਹਾਸਕਾਰ ਜਾਂ ਦੁਨੀਆਂ ਦੇ ਵੱਡੇ ਇਤਿਹਾਸਕਾਰਾਂ ਨੇ ਇਸ ਕਾਲਿਆਵਾਲੀ ਖੂਹ ਦੇ ਸੰਬੰਧ ਵਿਚ ਕੋਈ ਜਿਕਰ ਹੀ ਨਹੀਂ ਕੀਤਾ, ਤਾਂ ਹੁਣ ਵੱਖ-ਵੱਖ ਸਿਆਸਤਦਾਨਾਂ, ਪਾਰਟੀਆਂ ਜਾਂ ਸੰਪਰਦਾਵਾਂ ਵੱਲੋ ਅਜਿਹਾ ਪ੍ਰਚਾਰ ਕਰਕੇ ਉਥੇ ਵਗੈਰ ਤੱਥਾਂ ਤੋ ਕੌਮੀ ਯਾਦਗਾਰ ਬਣਾਉਣ ਦੇ ਕੀਤੇ ਜਾ ਰਹੇ ਅਮਲ ਕੌਮ ਦੇ ਖਜ਼ਾਨੇ ਅਤੇ ਇਥੋ ਦੀ ਸਰਕਾਰ ਦੇ ਖਜਾਨੇ ਦੀ ਦੁਰਵਰਤੋ ਕਰਨ ਵਾਲੇ ਤੇ ਆਪੋ-ਆਪਣੀਆਂ ਸਿਆਸੀ ਤੇ ਧਾਰਮਿਕ ਦੁਕਾਨਾਂ ਨੂੰ ਕਾਮਯਾਬ ਕਰਨ ਵਾਲੇ ਹਨ । ਜੋ ਬੰਦ ਹੋਣੇ ਚਾਹੀਦੇ ਹਨ । ਉਹਨਾਂ ਕਿਹਾ ਕਿ ਅੱਜ ਕੱਲ੍ਹ ਪੰਜਾਬ ਵਿਚ ਜਿਵੇ ਸਾਜਿ਼ਸਾ ਤਹਿਤ ਹਿੰਦੂ ਮੁਤੱਸਵੀ ਸਿਆਸਤਦਾਨਾਂ ਦੀ ਸਰਪ੍ਰਸਤੀ ਹਾਸਲ ਡੇਰੇਦਾਰ ਪੰਜਾਬ ਦੀ ਧਾਰਮਿਕ ਤੇ ਇਖ਼ਲਾਕੀ ਫਿਜਾ ਨੂੰ ਇਕ ਸੋਚੀ ਸਮਝੀ ਸਾਜਿ਼ਸ ਅਧੀਨ ਗੰਧਲਾ ਕਰ ਰਹੇ ਹਨ, ਉਸੇ ਤਰ੍ਹਾਂ ਸਿੱਖ ਕੌਮ ਦੀਆਂ ਇਤਿਹਾਸਿਕ ਯਾਦਗਾਰਾਂ ਸੰਬੰਧੀ ਭੰਬਲਭੂਸੇ ਅਤੇ ਵਿਵਾਦ ਛੇੜਨ ਲਈ ਅਜਿਹੀਆ ਖੁਦਾਈਆ ਕਰਨ ਅਤੇ ਯਾਦਗਾਰਾਂ ਕਾਇਮ ਕਰਨ ਦਾ ਗੈਰ ਦਲੀਲ ਰੌਲਾ ਪਾਇਆ ਜਾ ਰਿਹਾ ਹੈ । ਜਿਸ ਉਤੇ ਸਿੱਖ ਕੌਮ ਨੂੰ ਸੁਚੇਤ ਰਹਿੰਦੇ ਹੋਏ, ਅਜਿਹੇ ਸਿਆਸੀ ਅਤੇ ਧਾਰਮਿਕ ਸੌਦਾਗਰਾਂ ਦੇ ਚਿਹਰਿਆ ਉਤੇ ਚੜਾਏ ਨਕਾਬਾਂ ਨੂੰ ਉਤਾਰਕੇ ਆਪਣੀ ਕੌਮੀ ਸੋਚ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਤੇ ਪਹਿਰਾ ਵੀ ਦੇਣਾ ਚਾਹੀਦਾ ਹੈ ਅਤੇ ਆਪਣੀ ਜੀਵਨ ਸੈਲੀ ਵਿਚ ਲਾਗੂ ਵੀ ਕਰਨਾ ਚਾਹੀਦਾ ਹੈ । ਅਜਿਹਾ ਅਮਲ ਕਰਕੇ ਹੀ ਸਿੱਖ ਕੌਮ ਅਜਿਹੇ ਧਾਰਮਿਕ ਤੇ ਸਿਆਸੀ ਸੌਦਾਗਰਾਂ ਦੇ ਕੌਮ ਵਿਰੋਧੀ ਹੱਥਕੰਡਿਆਂ ਤੋ ਬਚ ਵੀ ਸਕੇਗੀ ਅਤੇ ਆਉਣ ਵਾਲੇ ਸਮੇਂ ਵਿਚ ਵਿਵਾਦਾ ਅਤੇ ਭੰਬਲਭੂਸਿਆ ਤੋ ਪੂਰਨ ਰੂਪ ਵਿਚ ਸਰੂਖਰ ਹੋ ਸਕੇਗੀ ।
ਇਕ ਹੋਰ ਵੱਖਰੇ ਬਿਆਨ ਵਿਚ ਸ. ਮਾਨ ਨੇ ਜੰਮੂ-ਕਸ਼ਮੀਰ ਸੂਬੇ ਵਿਚ ਜੋ ਬੀਜੇਪੀ ਅਤੇ ਪੀਡੀਪੀ ਦੀ ਕਸ਼ਮੀਰ ਨਿਵਾਸੀ ਵਿਰੋਧੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਦੀਆਂ ਹੋ ਰਹੀਆਂ ਕਾਰਵਾਈਆਂ ਦਾ ਸਖ਼ਤ ਨੋਟਿਸ ਲੈਦੇ ਹੋਏ ਕਿਹਾ ਕਿ ਸ੍ਰੀ ਮੁਫਤੀ ਮੁਹੰਮਦ ਵੱਲੋ ਕਸ਼ਮੀਰ ਨਿਵਾਸੀਆਂ ਦੀਆਂ ਭਾਵਨਾਵਾਂ ਨੂੰ ਕੁੱਚਲਕੇ ਮੁਤੱਸਵੀ ਜਮਾਤਾਂ ਨਾਲ ਪਾਈ ਜਾ ਰਹੀ ਸਵਾਰਥੀ ਸਾਂਝ ਕਸ਼ਮੀਰੀਆਂ ਦਾ ਵੱਡਾ ਨੁਕਸਾਨ ਕਰ ਸਕਦੀ ਹੈ । ਇਸ ਲਈ ਪੀਡੀਪੀ ਤੇ ਸ੍ਰੀ ਮੁਫਤੀ ਮੁਹੰਮਦ ਨੂੰ ਸਿਆਸੀ ਸ਼ਕਤੀ ਦੀ ਪ੍ਰਾਪਤੀ ਦਾ ਗੁਲਾਮ ਬਣਕੇ ਅਜਿਹੀ ਕੋਈ ਵੀ ਖੇਡ ਨਹੀਂ ਖੇਡਣੀ ਚਾਹੀਦੀ, ਜਿਸ ਨਾਲ ਕਸ਼ਮੀਰ ਨਿਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਅਤੇ ਉਥੋ ਦਾ ਸਾਰਾ ਨਿਜਾਮ ਫਿਰਕੂ ਮੁਤੱਸਵੀਆਂ ਦੇ ਹੱਥ ਵਿਚ ਆ ਜਾਵੇ । ਜੇਕਰ ਅਜਿਹੀ ਗੁਸਤਾਖੀ ਹੋਈ ਤਾਂ ਕਸ਼ਮੀਰ ਵਿਚ ਫਿਰ ਤੋ ਵਿਸਫੋਟਕ ਸਥਿਤੀ ਬਣਾਉਣ ਲਈ ਪੀਡੀਪੀ ਅਤੇ ਸ੍ਰੀ ਮੁਫਤੀ ਮੁਹੰਮਦ ਮੁੱਖ ਤੌਰ ਤੇ ਜਿੰਮੇਵਾਰ ਹੋਣਗੇ ਅਤੇ ਕਸ਼ਮੀਰੀ ਕਦੀ ਵੀ ਅਜਿਹੀ ਸਾਂਝ ਨੂੰ ਪ੍ਰਵਾਨ ਨਹੀਂ ਕਰਨਗੇ ।