ਨਵੀਂ ਦਿੱਲੀ : ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਮੰਤਰੀ ਅਹੁਦੇ ਦੀ ਸਾਂਝੀ ਉਮੀਦਵਾਰ ਕਿਰਨ ਬੇਦੀ ਨੇ ਅੱਜ ਅਕਾਲੀ ਦਲ ਦਫ਼ਤਰ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਅਕਾਲੀ ਕਾਰਕੂੰਨਾਂ ਨੂੰ ਗਠਬੰਧਨ ਦੀ ਜਿੱਤ ਲਈ ਕਾਰਜ ਕਰਨ ਦੀ ਅਪੀਲ ਕੀਤੀ। ਬੇਦੀ ਨੇ ਅੱਜ ਗੁਰਦੁਆਰਾ ਰਕਾਬਗੰਜ ਰੋਡ ਤੇ ਅਕਾਲੀ ਦਲ ਦੇ ਦਫ਼ਤਰ ਵਿਖੇ ਅਕਾਲੀ ਕਾਰਕੂੰਨਾਂ ਨਾਲ ਮੁਲਾਕਾਤ ਕੀਤੀ। ਅਕਾਲੀ ਦਲ ਦੀ ਦਿੱਲੀ ਇਕਾਈ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਸੀਨੀਅਰ ਅਕਾਲੀ ਆਗੂਆਂ ਨੇ ਕਿਰਨ ਬੇਦੀ ਅਤੇ ਨਵੀਂ ਦਿੱਲੀ ਵਿਧਾਨਸਭਾ ਸੀਟ ਤੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਚੋਣ ਲੜ ਰਹੀ ਬੀਬਾ ਨੂਪੁਰ ਸ਼ਰਮਾ ਨੂੰ ਸਿਰੋਪਾਓ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ। ਕਾਰਕੂੰਨਾ ਨੂੰ ਅਕਾਲੀ ਦਲ ਦੇ ਕੌਮੀ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਪੰਜਾਬ ਦੇ ਕੈਬਿਨੇਟ ਮੰਤਰੀ ਅਤੇ ਪਾਰਟੀ ਦੇ ਕੌਮੀ ਬੁਲਾਰੇ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ,ਅਕਾਲੀ ਵਿਧਾਇਕ ਜੀਤ ਮਹਿੰਦਰ ਸਿੰਘ ਸਿਧੂ, ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਮਾਂਗੇ ਰਾਮ ਗਰਗ, ਸੀਨੀਅਰ ਆਗੂ ਉਂਕਾਰ ਸਿੰਘ ਥਾਪਰ, ਰਵਿੰਦਰ ਸਿੰਘ ਖੁਰਾਨਾ ਨੇ ਵੀ ਸੰਬੋਧਿਤ ਕੀਤਾ।
ਜੀ.ਕੇ. ਨੇ ਇਸ ਮੌਕੇ ਕੇਜਰੀਵਾਲ ਨੂੰ ਅਵਸਰਵਾਦੀ ਦੱਸਦੇ ਹੋਏ ਪ੍ਰਧਾਨਮੰਤਰੀ ਬਨਣ ਦੀ ਲਾਲਸਾ ‘ਚ ਦਿੱਲੀ ਦੇ ਮੁੱਖਮੰਤਰੀ ਦੀ ਕੁਰਸੀ ਛਡਣ ਦਾ ਵੀ ਕੇਜਰੀਵਾਲ ਤੇ ਦੋਸ਼ ਲਾਇਆ। ਕੇਜਰੀਵਾਲ ਨੂੰ ਬੱਚਿਆਂ ਦੀ ਸੌਂਹ ਚੁਕੱਣ ਦੇ ਬਾਵਜੂਦ ਹਰ ਉਲਟ ਕੰਮ ਕਰਨ ਦਾ ਆਰੋਪ ਲਗਾਉਂਦੇ ਹੋਏ ਜੀ.ਕੇ. ਨੇ ਕੇਜਰੀਵਾਲ ਦੀ ਤੁਲਨਾ ਮੁਹੰਮਦਬਿਨ ਤੁਗਲਕ ਨਾਲ ਵੀ ਕੀਤੀ ਜਿਸਨੇ ਹਿੰਦੁਸਤਾਨ ਵਿਖੇ ਰਾਜ਼ ਮਿਲਣ ਦੇ ਬਾਵਜੂਦ ਚੀਨ ਤੇ ਹਮਲਾ ਕਰਕੇ ਆਪਣੀ ਅੱਧੀ ਫੋਜ ਮਰਵਾ ਲਈ ਸੀ। ਜੀ.ਕੇ. ਨੇ ਦਿੱਲੀ ਵਿਖੇ ਸਰਕਾਰ ਬਨਣ ਤੇ ਪੰਜਾਬੀ ਭਾਸ਼ਾ ਨੂੰ ਬਣਦਾ ਸਤਕਾਰ ਦਿਲਵਾਉਣ, ਗੁਰੁ ਤੇਗ ਬਹਾਦਰ ਯੁਨਿਵਰਸਿਟੀ ਬਨਵਾਉਣ ਅਤੇ 1984 ਕਤਲੇਆਮ ਦੇ ਪੀੜਤਾਂ ਦੇ ਮੁੜ ਵਸੇਬੇ ਤੇ ਇਨਸਾਫ ਵਾਸਤੇ ਅਕਾਲੀ ਦਲ ਵੱਲੋਂ ਕਾਰਜ ਕਰਨ ਦੀ ਵੀ ਗੱਲ ਕਹੀ। ਕਿਰਣ ਬੇਦੀ ਵੱਲੋਂ 5 ਨਵੰਬਰ 1978 ਨੂੰ ਉਨ੍ਹਾਂ ਦੀ ਗ੍ਰਿਫਤਾਰੀ ਧਰਨਾ ਦੇਣ ਕਾਰਣ ਕਰਨ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਦੇ ਹੋਏ ਜੀ.ਕੇ. ਨੇ ਬੇਦੀ ਨੂੰ ਆਪਣੇ ਫਰਜ਼ ਦੀ ਅਦਾਇਗੀ ਲਈ ਕਾਰਜ ਕਰਨ ਵਾਲੀ ਦਲੇਰ ਬੀਬੀ ਵੀ ਦੱਸਿਆ।
ਸੀਨੀਅਰ ਅਕਾਲੀ ਆਗੂਆਂ ਨੇ ਪੰਜਾਬ ਵਿਖੇ ਆਮ ਆਦਮੀ ਪਾਰਟੀ ਦੇ ਲੋਕਸਭਾ ਚੋਣਾਂ ‘ਚ ਚਾਰ ਉਮੀਦਵਾਰਾਂ ਦੇ ਜਿੱਤਣ ਦੇ ਬਾਵਜੂਦ ਬਾਅਦ ਵਿਚ ਦੋ ਵਿਧਾਨਸਭਾ ਸੀਟਾਂ ਤੇ ਹੋਈਆਂ ਜਿਮਣੀ ਚੋਣਾਂ ਦੌਰਾਨ ਆਪ ਦੇ ਉਮੀਦਵਾਰਾਂ ਦੀ ਜਮਾਨਤਾਂ ਜ਼ਬਤ ਹੋਣ ਦਾ ਵੀ ਹਵਾਲਾ ਦਿੱਤਾ। ਨੁੂਪੁਰ ਸ਼ਰਮਾ ਨੇ ਸਥਨਿਕ ਉਮੀਦਵਾਰ ਹੋਣ ਕਰਕੇ ਉਸ ਨੂੰ ਵੋਟਾਂ ਦੇਣ ਦੀ ਅਪੀਲ ਵੀ ਕੀਤੀ। ਕਿਰਣ ਬੇਦੀ ਦੇ ਗਲਾ ਖਰਾਬ ਹੋਣ ਕਰਕੇ ਭਾਜਪਾ ਦੇ ਬੁਲਾਰੇ ਸੰਜੇ ਕੌਲ ਨੇ ਕਿਰਣ ਦਾ ਸੰਦੇਸ਼ ਕਾਰਕੂੰਨਾਂ ਨਾਲ ਸਾਂਝਾ ਕੀਤਾ। ਜਿਸ ਵਿਚ ਉਨ੍ਹਾਂ ਨੇ ਕੇਜਰੀਵਾਲ ਤੇ ਦਿੱਲੀ ਨੂੰ ਦੋ ਹਿੱਸਿਆਂ ‘ਚ ਵੰਡਣ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਵਿਚਾਰਧਾਰਾ ਕਸ਼ਮੀਰ, ਬਾਟਲਾ ਹਾਉਸ ਤੇ ਸੰਦੇਹ ਦੇ ਘੇਰੇ ‘ਚ ਹੈ ਇਸ ਲਈ ਨਕਸਲੀ ਤੇ ਆਪਣੇ ਆਪ ਨੂੰ ਅਰਾਜਕਤਾਵਾਦੀ ਕਹਿਣ ਵਾਲੀ ਆਪ ਦੇ ਸੁਪਣਿਆ ਵਿਚ ਲੋਕ ਨਾ ਫਸਣ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਕੁਲਮੋਹਨ ਸਿੰਘ ਨੇ ਨਿਭਾਈ। ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਮੈਂਬਰ ਹਰਵਿੰਦਰ ਸਿੰਘ ਕੇ.ਪੀ., ਰਵੈਲ ਸਿੰਘ, ਕੁਲਵੰਤ ਸਿੰਘ ਬਾਠ, ਜਸਬੀਰ ਸਿੰਘ ਜੱਸੀ, ਸਮਰਦੀਪ ਸਿੰਘ ਸੰਨੀ ਪਰਮਜੀਤ ਸਿੰਘ ਚੰਢੋਕ, ਕੈਪਟਨ ਇੰਦਰਪ੍ਰੀਤ ਸਿੰਘ, ਜੀਤ ਸਿੰਘ ਖੋਖਰ, ਮਨਮਿੰਦਰ ਸਿੰਘ ਆਯੂਰ, ਸਤਪਾਲ ਸਿੰਘ ਤੇ ਵਿਕ੍ਰਮ ਸਿੰਘ ਮੌਜੂਦ ਸਨ।