ਦਿੱਲੀ ਦੀ ਅਸੈਂਬਲੀ ਚੋਣ ਬਹੁਤ ਪੱਖਾਂ ਤੋਂ ਨਿਵੇਕਲੀ ਅਤੇ ਅਹਿਮ ਹੈ। ਇਸ ਚੋਣ ਦੀ ਦਸ ਜਨਵਰੀ ਨੂੰ ਕੀਤੀ ਪਹਿਲੀ ਵੱਡੀ ਰੈਲੀ ਵਿਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣਾਂ ਦੇ ਅੰਦਾਜ ਬਾਰੇ ਟੀ.ਵੀ. ਚੈਨਲਾਂ ਆਖਿਆ ਕਿ ‘ਮੋਦੀ ਬੋਲਦਿਆਂ ਨਰਵਸ ਸੀ, ਘਬਰਾਹਟ ਝਲਕਦੀ ਸੀ ਚਿਹਰੇ ਤੋਂ, ਵਰਨਾ ਉਹ ਭਾਸ਼ਣ ਦਾ ਕਲਾਕਾਰ ਹੈ। ਉਸਨੂੰ ਅਹਿਸਾਸ ਸੀ ਕਿ ਹੁਣ ਮੁਕਾਬਲਾ ਕੇਜਰੀਵਾਲ ਨਾਲ ਹੈ।’ ਤੇ ਦਿੱਲੀ ਵਾਰਾਨਸੀ ਨਹੀਂ।
ਮੋਦੀ ਦੀ ਪਾਰਲੀਮੈਂਟ ਚੋਣ ਵਾਲੀ ਵੱਡੀ ਜਿੱਤ ਦੀ ਸਭ ਤੋਂ ਮੁੱਖ ਵਜਾਹ ਕਾਂਗਰਸ ਪਾਰਟੀ ਦੀ ਕਾਰਗੁਜਾਰੀ ਸੀ। ਜਿਸ ਉੱਤੇ ਵੱਡੇ ਵੱਡੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਸਨ। ਜਿਸਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵੱਜੋਂ ਉਭਾਰਿਆ। ਜਿਸਦੇ ਦਸ ਸਾਲ ਰਾਜ ਕਰਨ ਵਾਲੇ ਪ੍ਰਧਾਨ ਮੰਤਰੀ ਨੇ ਇਕ ਵੀ ਰੈਲੀ ਨੂੰ ਸੰਬੋਧਨ ਨਾ ਕੀਤਾ। ਜਿਸਦੀ ਪਾਰਟੀ ਪ੍ਰਧਾਨ ਕਾਗਜ਼ ਤੋਂ ਪੜ੍ਹ ਕੇ ਭਾਸ਼ਣ ਕਰਦੀ ਸੀ।
ਜੋ ਉਹਨਾਂ ਤਿੰਨ ਵੱਡੇ ਪ੍ਰੋਜੈਕਟਾਂ ਦਾ ਸਿਹਰਾ ਵੀ ਆਪਣੇ ਸਿਰ ਨਾ ਲੈ ਸਕੀ, ਜੋ ਉਸਦੇ ਰਾਜ ਕਾਲ ਵਿਚ ਲਗਭਗ ਪੂਰੇ ਹੋ ਗਏ ਸਨ ਅਤੇ ਜਿੰਨ੍ਹਾਂ ਦਾ ਉਦਘਾਟਨ ਨਰਿੰਦਰ ਮੋਦੀ ਨੂੰ ਸਹੁੰ ਚੁੱਕਣ ਸਾਰ ਹੀ ਕਰਨ ਦਾ ਮੌਕਾ ਮਿਲ ਗਿਆ, ਤੇ ਮੁਫ਼ਤ ‘ਚ ਬੱਲੇ ਬੱਲੇ ਹੋਈ। ਜਿਵੇਂ ਜੰਗੀ ਬੇੜੇ ਦੀ ਫੌਜ ਨੂੰ ਸੌਪਣਾ, ਜੰਮੂ ਕਸ਼ਮੀਰ ਦੀ 10 ਕਿਲੋਮੀਟਰ ਲੰਮੀ ਸੁਰੰਗ ਅਤੇ ਮੰਗਲ ਮਿਸ਼ਨ। ਕਾਂਗਰਸੀ ਲੀਡਰ ਤਾਂ ਭਾਸ਼ਣਾਂ ਵਿੱਚ ਅਨਪੜ੍ਹ ਲੋਕਾਂ ਸਾਹਮਣੇ ਆਰ.ਟੀ.ਆਈ., ਫੂਡ ਪਰੋਟੈਕਸ਼ਨ ਬਿੱਲ ਅਤੇ ਮਨਰੇਗਾ ਵਾਲੀ ਪ੍ਰਾਪਤੀ ਦਾ ਮਤਲਬ ਵੀ ਲੋਕਾਂ ਨੂੰ ਉਹਨਾਂ ਦੀ ਭਾਸ਼ਾ ’ਚ ਨਹੀਂ ਦੱਸ ਸਕੇ। ਇਹਨਾਂ ਬਾਰੇ ਅੰਗਰੇਜ਼ੀ ਟਰਮਨੌਲੋਜੀ ਵਰਤਦੇ ਸਨ। ਸਧਾਰਨ ਲੋਕਾਂ ਦੀ ਜਾਣੇ ਬਲਾ ਬਈ ਇਹ ਕੀ ਕਹਿੰਦੇ ਕਟਰ ਫਟਰ।
ਬੀ.ਜੇ.ਪੀ. ਨੇ ਚੋਣ ਵਿਚ ਪੈਸਾ ਪਾਣੀ ਵਾਂਗ ਵਹਾਇਆ। ਖੌਰੇ ਕਿਥੋਂ ਆਇਆ। ਮੋਦੀ ਹੇਠ ਕਈ ਮਹੀਨੇ ਅਦਾਨੀ ਦਾ ਹੈਲੀਕਾਪਟਰ ਵੀ ਚਰਚਾ ’ਚ ਆਇਆ। ਅਦਾਨੀ ਮੰਨਿਆ ਕਿ ਹਾਂ ਮੈਂ ਦਿੱਤਾ ਸੀ, ਕਿਰਾਏ ਤੇ।
ਪਾਰਲੀਮੈਂਟ ਚੋਣ ਪਿਛੋਂ ਮਹਾਂਰਾਸ਼ਟਰ, ਹਰਿਆਣਾ, ਝਾਰਖੰਡ, ਜੰਮੂ ਕਸ਼ਮੀਰ ’ਚ ਵੀ ਚੋਣਾਂ ਹੋਈਆਂ, ਜਿਥੇ ਦਸ ਦਸ ਸਾਲ ਤੋਂ ਰਾਜ ਕਰਦੀਆਂ ਪਾਰਟੀਆਂ ਵਿਰੁੱਧ ਲੋਕਾਂ ਦੇ ਗਿਲੇ ਸ਼ਿਕਵੇ ਵੀ ਸਨ। ਨਾਲ ‘ਇਸ ਵਾਰ ਮੋਦੀ ਸਰਕਾਰ’ ਨਾਹਰਾ ਰਾਸ ਆਉਣਾ ਸੌਖਾ ਸੀ। ਪਰ ਦਿੱਲੀ ਦੇ ਹਾਲਾਤ ਵੱਖਰੇ ਹਨ।
ਵਾਰਾਨਸੀ ਪਾਰਲੀਮੈਂਟ ਚੋਣ ’ਚ ਵੀ ਮੋਦੀ ਤੇ ਕੇਜਰੀਵਾਲ ’ਚ ਮੁਕਾਬਲਾ ਸੀ। ਉਸ ਚੋਣ ਵਿਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਉਤਰੀ ਭਾਰਤ ਵਿੱਚ ਸੱਭ ਤੋਂ ਵੱਧ ਸੁਰੱਖਿਅਤ ਇਕ ਸੀਟ ਚਾਹੀਦੀ ਸੀ। ਜੋ ਹਿੰਦੂਤਵ ਦਾ ਪ੍ਰਤੀਕ ਵੀ ਹੋਵੇ। ਸੋ ਵਾਰਾਨਸੀ ਚੁਣੀ ਗਈ। ਉਥੋਂ ਪਹਿਲਾਂ ਜਿੱਤਿਆ ਡਾ. ਮੁਰਲੀ ਮਨੋਹਰ ਜੋਸ਼ੀ ਬਥੇਰਾ ਤਿਲਮਿਲਾਇਆ। ਉਹ ਭਾਵੇਂ ਹੋਰਥੋਂ ਜਿੱਤ ਗਿਆ ਪਰ ਅਜੇ ਤਕ ਉਹਨੀ ਪੈਰੀਂ ਨਹੀਂ ਆਇਆ। ਪਾਸੇ ਬਿਠਾਇਆ।
ਕੇਜਰੀਵਾਲ ਦਾ ਓਦੋਂ ਤਕ ਬਹੁਤਾ ਪ੍ਰਭਾਵ ਸਿਰਫ਼ ਦਿੱਲੀ ਤਕ ਸੀ। ਪਰ ਉਸਨੇ ਦਿਲੀਉਂ ਲੜਨ ਦੀ ਬਜਾਏ ਐਲਾਨ ਕੀਤਾ ਕਿ ਜਿਥੋਂ ਵੀ ਨਰਿੰਦਰ ਮੋਦੀ ਚੋਣ ਲੜੂ, ਮੈਂ ਉਸਦੇ ਮੁਕਾਬਲੇ ਚੋਣ ਲੜਾਂਗਾ, ਲੜਿਆ। ਇੰਜ ਕੇਜਰੀਵਾਲ ਵਾਰਾਨਾਸੀ ਜਿੱਤਣ ਲਈ ਨਹੀਂ ਸਗੋਂ ਹਿੰਦੁਸਤਾਨ ਨੂੰ ਸੁਨੇਹਾ ਦੇਣ ਗਿਆ ਜਾਪਦਾ ਹੈ ਕਿ ‘ਅਸੀਂ ਹਾਂ ਜੋ ਬੀ.ਜੇ.ਪੀ. ਦਾ ਮੁਕਾਬਲਾ ਕਰਾਂਗੇ ਭਵਿੱਖ ਵਿਚ।’ ਹੁਣ ਉਹ ਵਕਤ ਆ ਗਿਆ ਹੈ। ਕੇਜਰੀਵਾਲ ਨਰਿੰਦਰ ਮੋਦੀ ਦੇ ਸੱਭ ਤੋਂ ਸੁਰੱਖਿਅਤ ਗੜ੍ਹ ਵਿਚ ਜਾ ਕੇ ਸਿਆਸੀ ਜੰਗ ਲੜਿਆ ਸੀ ਨੰਗੇ ਧੜ। ਬਗੈਰ ਜੱਥੇਬੰਦੀ ਤੋਂ। ਉਸ ਨੂੰ ਵਾਰਾਨਸੀ ਤੋਂ ਹਾਰ ਗਏ ਵਾਲੀ ਕਮਜੋਰੀ ਦਾ ਉਲਾਮਾ ਦੇਣਾ ਠੀਕ ਨਹੀਂ। ਵਾਰਾਨਸੀ ਦੀ ਚੋਣ ਨੇ ਕੇਜਰੀਵਾਲ ਦਾ ਸਿਆਸੀ ਕੱਦ ਵੀ ਵਧਾਇਆ ਅਤੇ ਅਕਸ ਵੀ ਚਮਕਾਇਆ। ਨਰਿੰਦਰ ਮੋਦੀ ਦੇ ਗੜ੍ਹ ਵਿਚ ਜਾਣ ਦੀ ਦਲੇਰੀ, 49 ਦਿਨ ਦੀ ਸਰਕਾਰ ਦੇ ਕੰਮ ਹੀ ਪੰਜਾਬ ਵਿਚ ਕੇਜਰੀਵਾਲ ਦੀ ਜਿੱਤ ਦਾ ਕਾਰਨ ਸਨ। ਅਤੇ ਏਹੋ ਹੀ ਵਜਾਹ ਹੈ ਕਿ ਦਿੱਲੀ ਵਿਚ ਲਗਾਤਾਰ ਕੇਜਰੀਵਾਲ ਹੀ ਮੁੱਖ ਮੰਤਰੀ ਵੱਜੋਂ ਪਹਿਲੀ ਪਸੰਦ ਹੈ ਸਭ ਸਰਵੇਖਣਾ ਵਿਚ।
ਅਰਵਿੰਦ ਕੇਜਰੀਵਾਲ ਦੇ ਵਿਰੁੱਧ ਵੱਡਾ ਇਲਜਾਮ ਹੈ ਕਿ ਉਹ ਸਰਕਾਰ ਤੋਂ ਅਸਤੀਫਾ ਦੇ ਗਿਆ। ਤੇ ਇੰਜ ਭਗੌੜਾ ਹੈ। ਪਰ ਸਾਡੇ ਪਿੰਡ ਦੇ ਲੋਕ ਕਹਿੰਦੇ ਕਿ ਅਗਰ ਹੋਰ ਕੋਈ ਇੰਜ ਕਰਦਾ ਤਾਂ ਉਸਨੂੰ ਮਹਾਂਤਿਆਗੀ ਸੰਤ ਦਾ ਰੁਤਬਾ ਦੇ ਕੇ, ਉਹਦੇ ਚਰਨਾਂ ਵਿਚ ਬੈਠ ਕੇ ਉਸਦੀ ਮਾਲਾ ਜਪਣ ਲੱਗ ਪੈਂਦੇ ਇਹ ਇਲਜਾਮ ਲਾਉਣ ਵਾਲੇ ਲੋਕ।
ਕੇਜਰੀਵਾਲ ਦੀ 49 ਦਿਨ ਦੀ ਸਰਕਾਰ ਨੇ ਜਿਵੇਂ ਬਿਜਲੀ ਕੰਪਨੀਆਂ ਦਾ ਆਡਿਟ ਅਤੇ ਓਦੋਂ ਤਕ 400 ਯੂਨਿਟ ਤਕ ਬਿੱਲ ਅੱਧੇ ਕਰਨ ਦਾ ਫੈਸਲਾ, 700 ਲੀਟਰ ਤੱਕ ਮੁਫਤ ਪਾਣੀ, ਰੈਣ ਬਸੇਰੇ ਬਨਾਉਣੇ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ, ਲਾਲ ਬੱਤੀ ਕਲਚਰ ਖਤਮ ਕਰਨਾ, ਮੁੱਖ ਮੰਤਰੀ ਵਜੋਂ ਸਕਿਓਰਿਟੀ ਨਾ ਲੈਣੀ ਤੇ ਆਪਣੀ ਕਾਰ ’ਚ ਪੈਟਰੋਲ ਵੀ ਆਪਣੇ ਪੱਲਿਉਂ ਪਾਉਣਾ, ਸਰਕਾਰੀ ਸਕੂਲਾਂ ਦੇ ਪੱਖ ਵਿਚ ਫੈਸਲੇ ਅਤੇ ਗੈਸ ਕੰਪਨੀਆਂ ਦੀ ਲੁੱਟ ਵਿਰੁੱਧ ਪਰਚੇ ਦਰਜ ਕਰਵਾਉਣੇ ਅਤੇ 1984 ਦੇ ਕਾਤਲਾਂ ਨੂੰ ਸਜ਼ਾਵਾਂ ਲਈ ‘ਸਿੱਟ’ ਦਾ ਗਠਨ ਕਰਨਾ ਆਦਿ ਫੈਸਲੇ ਸਨ, ਜਿਨ੍ਹਾ ਦੀ ਬਦੌਲਤ ਵੱਡੀ ਬਹੁਗਿਣਤੀ ਲੋਕਾਂ ਉਸਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਪੱਖ ਵਿਚ ਹਾਮੀ ਭਰੀ। ਇਹੀ ਕਾਰਗੁਜਾਰੀ ਅੱਜ ਉਸਦੇ ਚੋਣ ਲੜਨ ਦੀ ਅਧਾਰ ਅਤੇ ਤਾਕਤ ਹੈ।
ਸ਼ਾਇਦ ਇਹੋ ਕਾਰਨ ਹੈ ਕਿ ਕੇਜਰੀਵਾਲ ਦੇ ਮੁਕਾਬਲੇ ਦਾ ਲੀਡਰ ਬੀ.ਜੇ.ਪੀ. ਕੋਲ ਦਿੱਲੀ ਵਿਚ ਨਹੀਂ ਅਤੇ ਕਿਰਨ ਬੇਦੀ ਨੂੰ ਅੱਗੇ ਲਾਉਣ ਵਾਲਾ ਵੱਡਾ ਸਿਆਸੀ ਜੂਆ ਖੇਡ੍ਹਣ ਲਈ ਮਜਬੂਰ ਹੋ ਗਈ ਭਾਜਪਾ। ਪਰ ਇਸ ਨਾਲ ਮੁੱਖ ਮੰਤਰੀ ਦੇ ਬਾਕੀ ਸਾਰੇ ਦਾਅਵੇਦਾਰ ਤੇ ਦਿੱਲੀ ਦੇ ਪਾਰਟੀ ਆਗੂ ਨਾਰਾਜ਼ ਸੁਣੀਂਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਹਿਲੀ ਦਿੱਲੀ ਰੈਲੀ ਦਾ ਭਾਸ਼ਣ ਸਵੈ ਵਿਰੋਧਾਂ ਵਾਲਾ ਵੀ ਸੀ ਤੇ ਹਉਮੈ ਨਾਲ ਭਰਿਆ ਵੀ। ਜਦ ਉਸਨੇ ਆਖਿਆ ਕਿ ਇਹ ਧਰਨੇ ਮਾਰਨੇ ਜਾਣਦੇ, ਇਹਨਾਂ ਨੂੰ ਉਹ ਕੰਮ ਦਿਓ, ਅਸੀਂ ਅੱਛੀ ਸਰਕਾਰ ਚਲਾਉਣਾ ਜਾਣਦੇ ਆਂ, ਸਾਨੂੰ ਸਰਕਾਰ ਬਨਾਉਣ ਦਿਓ। ਇਕ ਹੋਰ ਲੱਲ੍ਹੀ ਮਾਰੀ ਕਿ ‘‘ਬਹਿਨੋ ਔਰ ਭਾਈਓ ਜੋ ਖਾਨਾ ਬਨਾਨਾ ਜਾਨਤਾ ਹੈ, ਉਸਕੋ ਗਾੜੀ ਚਲਾਨੇ ਕਿ ਜਿੰਮੇਵਾਰੀ ਤੋਂ ਨਹੀਂ ਨਾ ਦੇ ਸਕਤੇ।’’ ਇਹ ਬੋਲਦਿਆਂ ਮੋਦੀ ਜੀ ਭੁੱਲ ਗਏ ਕਿ ਪਾਰਲੀਮੈਂਟ ਚੋਣ ਵਿਚ ਖੁਦ ਲਈ ਇਹ ਗੁਣ ਦੱਸਿਆ ਕਰਦੇ ਸਨ ਕਿ ‘ ਇਕ ਚਾਏ ਬੇਚਨੇ ਵਾਲਾ ਪ੍ਰਧਾਨ ਮੰਤਰੀ ਬਨਨੇ ਜਾ ਰਹਾ ਹੈ। ਮੋਦੀ ਸਰਕਾਰ ’ਚ ਵੀ ਤਾਂ ਅਨੇਕਾਂ ਦਸ ਬਾਰਾਂ ਜਮਾਤਾਂ ਪੜ੍ਹੇ ਮੰਤਰੀ।
ਭਾਵੇਂ ਮੋਦੀ ਨੇ ਵਿਕਾਸ ਨੂੰ ਆਪਣਾ ਲਕਸ਼ ਆਖਿਆ ਹੈ। ਇਹੀ ਆਖਣਾ ਹੁੰਦਾ ਹਰ ਸਰਕਾਰ ਨੇ, ਕੋਈ ਖਾਸ ਗੱਲ ਨਹੀਂ ਇਹ। ਗੱਲ ਤਾਂ ਅਮਲਾਂ ਦੀ। ਪਰ ਉਸਦੇ ਨਾਲ ਦੇ ਭਾਜਪਾ ਦੇ ਐਮ.ਪੀ. ਤੇ ਹੋਰ ਕਈ ਲਾਕੜੀ ਆਪਣੇ ਅਸਲੀ ਮੁੱਦੇ ਲਈ ਕਾਹਲੇ ਪੈ ਗਏ ਹਨ। ਕੋਈ ਕਹਿੰਦਾ 2021 ਤੱਕ ਸਭ ਮੁਸਲਮਾਨਾਂ ਇਸਾਈਆਂ ਨੂੰ ਹਿੰਦੂ ਬਣਾ ਦਿਆਂਗੇ। ਕੋਈ ਲਵ ਜਹਾਦ, ਕੋਈ ਘਰ ਵਾਪਸੀ, ਕੋਈ ਮੁਸਲਮਾਨਾਂ ਨੂੰ ਮਾਤ ਦੇਣ ਲਈ ਵੱਧ ਜਵਾਕ ਜੰਮਣ ਦੀਆਂ ਸਲਾਹਾਂ ਦੇਣ ਵਾਲੇ ਰਾਹ ਤੁਰ ਪਿਆ।
ਮੋਦੀ ਲਹਿਰ ਤੇ ਸਵਾਰ ਹੋ ਕੇ ਬੀ.ਜੇ.ਪੀ. ਆਪਣੇ ਪੁਰਾਣੇ ਖਾਸ ਸਾਥੀਆਂ ਸ਼ਿਵ ਸੈਨਾ ਨਾਲੋਂ ਅੱਗੇ ਲੰਘਣ ਵਿਚ ਸਫਲ ਹੋਈ ਹੈ। ਹਰਿਆਣੇ ਵਾਲਾ ਕੁਲਦੀਪ ਬਿਸ਼ਨੋਈ ਵੀ ਮਾਂਜ ਦਿੱਤਾ ਹੈ। ਅਤੇ ਹੁਣ ਪੰਜਾਬ ਦੀ ਚਰਚਾ ਹੈ। ਪੰਜਾਬ ਵਿਚ ਇਸ ਵਕਤ ਗਠਜੋੜ ਸਰਕਾਰ ਅਕਾਲੀ ਪਾਰਟੀ ਦੀ ਚਾਹਤ ਦੀ ਬਦੌਲਤ ਚੱਲ ਰਹੀ ਹੈ। 2017 ਦੀਆਂ ਅਸੈਂਬਲੀ ਚੋਣਾਂ ’ਚ ਬੀ.ਜੇ.ਪੀ. ਹਰਿਆਣਾ ਅਤੇ ਮਹਾਂਰਾਸ਼ਟਰ ਨਾਲ ਰਲਦੇ ਮਿਲਦੇ ਸੁਪਨੇ ਵੇਖ ਰਹੀ ਹੈ। ਪੰਜਾਬ ਸਰਕਾਰ ਦੀਆਂ ਸਭ ਨਕਾਮੀਆਂ ਦਾ ਭਾਂਡਾ ਇੱਕਲੇ ਅਕਾਲੀਆਂ ਦੇ ਸਿਰ ਵਿਚ ਭੰਨਣ ਦੀ ਯੋਜਨਾ ਜਾਪਦੀ ਹੈ ਬੀ.ਜੇ.ਪੀ. ਦੀ।
ਦਿੱਲੀ ਚੋਣ ਵਿਚ ਮੋਦੀ ਸਰਕਾਰ ਨੂੰ ਉਹਨਾਂ ਵਾਅਦਿਆਂ ਦਾ ਜਵਾਬ ਦੇਣਾ ਪੈ ਰਿਹਾ, ਜੋ ਪਾਰਲੀਮੈਂਟ ਚੋਣ ਜਿੱਤਣ ਲਈ ਕੀਤੇ ਗਏ ਸਨ। ਜਿਵੇਂ ਵਿਦੇਸ਼ਾਂ ਵਿਚੋਂ 100 ਦਿਨਾਂ ’ਚ ਕਾਲਾ ਧੰਨ ਵਾਪਸ ਲਿਆ ਕੇ ਹਰ ਪਰਿਵਾਰ ਦੇ ਖਾਤੇ ਵਿਚ 15 ਲੱਖ ਜਮ੍ਹਾਂ ਕਰਾਉਣਾ, ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਮਹਿੰਗਾਈ ਰੋਕਣਾ, ਭ੍ਰਿਸ਼ਟਾਚਾਰ ਖਤਮ ਕਰਨਾ, ਸੱਭ ਦਾ ਵਿਕਾਸ। ਪਰ ਅਸਲ ਵਿਚ ਕਾਰਪੋਰੇਸ਼ਨ ਘਰਾਣੇ ਵੱਧ ਫੁੱਲ ਰਹੇ। ਅਮਰੀਕੀ ਕੰਪਨੀਆਂ ਦੀ ਸੇਵਾ ਹੋ ਰਹੀ, ਅਮੀਰ ਕੱਛਾਂ ਵਜਾ ਰਹੇ, ਫਿਰਕੂ ਖਿਚੋਤਾਣ ਵੱਧ ਰਹੀ ਅਤੇ ਗਵਾਂਢੀ ਮੁਲਕਾਂ ਨਾਲ ਸਬੰਧ ਹੋਰ ਖਰਾਬ ਹੋਏ। ਲਗਦਾ ਜੀਕੂੰ ਜੰਗ ਲੱਗਣ ਲੱਗੀ, ਜੋ ਕਿ ਕਿਸੇ ਦੇ ਹਿੱਤ ’ਚ ਨਹੀਂ।
ਦਿੱਲੀ ਦੀ ਜਿੱਤ ਹਾਰ ਨਰਿੰਦਰ ਮੋਦੀ ਸਰਕਾਰ ਅਤੇ ਭਾਜਪਾ ਲਈ ਚਾਰ ਰਾਜਾਂ ਦੇ ਚੋਣ ਨਤੀਜਿਆਂ ਨਾਲੋਂ ਕਿਤੇ ਵੱਧ ਚਰਚਿਤ ਹੋਵੇਗੀ। ਇਸ ਚੋਣ ਨਤੀਜੇ ਆਉਣ ਵਾਲੀ ਹਰ ਚੋਣ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨਗੇ। ਦਿੱਲੀ ਬੀ.ਜੇ.ਪੀ. ਦਾ ਸਭ ਤੋਂ ਪੁਰਾਣਾ ਗੜ੍ਹ ਹੈ। ਇਥੇ ਏਨੀ ਵੱਡੀ ਪਾਰਲੀਮੈਂਟ ਜਿੱਤ ਉਪਰੰਤ 282 ਐਮ.ਪੀ., ਪੂਰੀ ਭਾਰਤ ਸਰਕਾਰ, ਸਾਰਾ ਸੰਘ ਪਰਿਵਾਰ ਹੋਣ ਦੇ ਬਾਵਜੂਦ ਹਾਰਨ ਉਪਰੰਤ ਕੋਈ ਜਵਾਬ ਨਹੀਂ ਹੋਵੇਗਾ ਕਿਸੇ ਕੋਲ।
ਕੇਜਰੀਵਾਲ ਲਈ ਵੀ ਇਹ ਚੋਣ ਸਵੈ ਭਰੋਸੇ ਨੂੰ ਅਕਾਸ਼ ਉਤੇ ਪੁਚਾਉਣ ਜਾਂ ਭੁੰਜੇ ਸੁੱਟਣ ਵਰਗੀ ਹੋਵੇਗੀ। ਕੇਜਰੀਵਾਲ ਲਈ ਤਾਂ ਇਹ ਲੜਾਈ ਇਸ ਲਈ ਹੋਰ ਵੀ ਔਖੀ ਹੈ ਕਿ ਅਦਾਨੀ, ਜੋ ਸੰਸਾਰ ਦਾ 2014 ਦਾ ਸਭ ਤੋਂ ਤੇਜੀ ਨਾਲ ਅਮੀਰ ਹੋਣ ਵਾਲਾ ਕਾਰੋਬਾਰੀ ਐਲਾਨਿਆ ਗਿਆ ਹੈ ਉਸ ਉਤੇ ਕੇਜਰੀਵਾਲ ਸਰਕਾਰ ਨੇ ਹੱਲਾ ਬੋਲਿਆ ਸੀ। ਦੋਸ਼ ਲਾਏ ਸਨ ਕਿ ਅਦਾਨੀ ਦਾ ਰਿਸ਼ਤੇਦਾਰ ਗੁਜਰਾਤ ਦੀ ਮੋਦੀ ਸਰਕਾਰ ’ਚ ਗੈਸ ਮੰਤਰੀ ਹੈ ਅਤੇ ਗੁਜਰਾਤ ਸਰਕਾਰ ਨੇ ਗੈਸ ਦੇ ਭਾਅ ਤਿੰਨ ਗੁਣਾਂ ਕਰਨ ਦੀ ਸਿਫਾਰਿਸ਼ ਕੀਤੀ ਹੈ, ਅਦਾਨੀ ਨੂੰ ਗੁਜਰਾਤ ’ਚ ਬੰਬੇ ਸ਼ਹਿਰ ਦੇ ਸਮੁੰਦਰੀ ਤੱਟ ਜਿੰਨੀ ਜ਼ਮੀਨ 7 ਰੁਪਏ ਗਜ਼ ਦਿੱਤੀ ਗਈ ਹੈ। ਆਖਿਆ ਕਿ ਉਸ ਦਾ ਸਭ ਤੋਂ ਮਹਿੰਗਾ ਹੈਲੀਕਾਪਟਰ ਮੋਦੀ ਨੇ ਕਈ ਮਹੀਨੇ ਝੂਟਿਆ ਹੈ। ਅਦਾਨੀ ਮੋਦੀ ਦੇ ਆਸਟਰੇਲੀਆ ਦੌਰੇ ਸਮੇਂ ਨਾਲ ਸੀ, ਉਥੇ ਕੋਲ ਖਦਾਨਾਂ ਦੇ ਠੇਕੇ ਲੈ ਕੇ ਆਇਆ ਹੈ। ਅੰਬਾਨੀ ਉਤੇ ਵੀ ਮੋਦੀ ਪੱਖੀ ਹੋਣ ਦੇ ਇਲਜਾਮ ਲਾਏ। ਅਮਰੀਕਾ ਸਮੇਤ ਸੱਭ ਵਿਦੇਸ਼ੀ ਕੰਪਨੀਆਂ ਨੂੰ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਪ੍ਰਚੂਨ ਬਜਾਰ ਚੋਂ ਬਾਹਰ ਕੱਢ ਦਿੱਤਾ ਸੀ। ਇਹ ਆਖ ਕੇ ਕਿ ਇਸ ਨਾਲ ਦਿੱਲੀ ਦੇ ਕਾਰੋਬਾਰੀਆਂ ਨੂੰ ਨੁਕਸਾਨ ਹੁੰਦਾ।
ਸੁਭਾਵਕ ਹੈ ਕਿ ਇਹ ਸੱਭ ਰਲ ਕੇ ਵੀ ਕੇਜਰੀਵਾਲ ਨੂੰ ਹਰਾਉਣ ਲਈ ਕੋਈ ਕਸਰ ਨਹੀਂ ਛੱਡਣਗੇ।
ਚਿੜੀ ਕਿਵੇਂ ਕਰੇਗੀ ਏਨੇ ਬਾਜਾਂ ਦਾ ਮੁਕਾਬਲਾ? ਲੋਕ ਕਹਾਣੀ ’ਚ ਸੁਣਿਆ ਸੀ ਕਿ ਇਕ ਵਾਰ ਜਾਲ ’ਚ ਫੱਸੀਆਂ ਘੁੱਗੀਆਂ ਸਲਾਹ ਕਰਕੇ ਸ਼ਿਕਾਰੀ ਦਾ ਜਾਲ ਹੀ ਲੈ ਉੱਡੀਆਂ ਸਨ। ਇਨਸਾਨੀ ਘੁੱਗੀਆਂ ਵੇਖਦੇਂ ਕੀ ਕਰਦੀਆਂ।
ਇਹ ਸੱਚ ਹੈ ਕਿ ਦਿੱਲੀ ਦੇ ਵੋਟਰਾਂ ਨੇ ਧੰਨ ਦੌਲਤ, ਤਾਕਤ ਅਤੇ ਗੁੰਮਰਾਹਕੂੰਨ ਪ੍ਰਚਾਰ ਦੇ ਠਾਠਾਂ ਮਾਰਦੇ ਦਰਿਆ ’ਚ ਡੁੱਬਣੋਂ ਬੱਚ ਕੇ ਨਿਕਲ ਆਉਣ ਦੀ ਵੱਡੀ ਪਰਖ ’ਚੋਂ ਲੰਘਣਾ ਹੈ। ਹੜ੍ਹੇ ਦਰਿਆ ਅਤੇ ਮਜਬੂਰ ਤਾਰੂ ਦੋਵਾਂ ਦੇ ਭਵਿੱਖ ਦੀ ਏਨੀ ਵੱਡੀ ਪਰਖ ਸ਼ਾਇਦ ਪਹਿਲਾਂ ਕਦੇ ਨਹੀਂ ਹੋਈ। ਸਿਆਣੇ ਲੋਕਾਂ ਨੂੰ ਪਾਕਿਸਤਾਨੀ ਬਾਰਡਰ ਉਤੇ ਗੋਲੀਬਾਰੀ ਮੁੜ ਛਿੜਨ ਦਾ ਖਦਸ਼ਾ ਵੀ ਹੈ। ‘ਗੋਲੀ ਕਾ ਜਵਾਬ ਗੋਲੋ ਸੇ ਦੇ ਦੀਆ’ ਵਰਗੇ ਭਾਸ਼ਣ ਵੀ ਸੁਣਨ ਨੂੰ ਮਿਲ ਸਕਦੇ।