ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਪਿਛਲੇ ਕੁਝ ਦਿਨਾਂ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਚੌਥਾ ਜਾਂ ਪੰਜਵਾਂ ਤਖ਼ਤ ਹੋਣ ਬਾਰੇ ਚੱਲ ਰਹੇ ਅਖ਼ਬਾਰੀ ਬਿਆਨਾਂ ਨੂੰ ਧਿਆਨ ‘ਚ ਰੱਖਦਿਆਂ ਸਪੱਸ਼ਟ ਕੀਤਾ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਸਿੱਖਾਂ ਦਾ ਚੌਥਾ ਤਖ਼ਤ ਹੀ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਸ. ਦਿਲਜੀਤ ਸਿੰਘ ਬੇਦੀ ਨੇ ਸਪੱਸ਼ਟ ਕੀਤਾ ਹੈ ਕਿ ੨੭ ਜਨਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਵੇਂ ਥਾਪੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਸੇਵਾ ਸੰਭਾਲਣ ਉਪਰੰਤ ਦਫ਼ਤਰ ‘ਚ ਇਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਵੱਲੋਂ ਪ੍ਰਧਾਨ ਸਾਹਿਬ ਪਾਸੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਸਿੱਖਾਂ ਦਾ ਚੌਥਾ ਜਾਂ ਪੰਜਵਾਂ ਤਖ਼ਤ ਹੋਣ ਬਾਰੇ ਬਾਰ-ਬਾਰ ਸਵਾਲ ਕੀਤਾ ਗਿਆ ਸੀ ਜਿਸ ਤੇ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਸੀ ਕਿ ਸਿੱਖਾਂ ਦੇ ਕੁਲ ਪੰਜ ਤਖ਼ਤ ਹਨ ਇਸ ‘ਤੇ ਅਖ਼ਬਾਰ ਨੇ ਪ੍ਰਧਾਨ ਸਾਹਿਬ ਦੇ ਬਿਆਨ ਨੂੰ ਤਰੋੜ-ਮਰੋੜ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਪੰਜਵਾਂ ਤਖ਼ਤ ਲਿਖ ਦਿੱਤਾ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨੇ ਛਪ ਰਹੀਆਂ ਖ਼ਬਰਾਂ ‘ਤੇ ਵਿਰਾਮ ਲਗਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਸਿੱਖਾਂ ਦਾ ਚੌਥਾ ਤਖ਼ਤ ਹੀ ਹੈ।