ਨਵੀਂ ਦਿੱਲੀ – ਸਮਾਜ ਸੇਵਕ ਅਤੇ ਕਿਰਨ ਬੇਦੀ ਅਤੇ ਕੇਜਰੀਵਾਲ ਦੇ ਗੁਰੂ ਅੰਨਾ ਹਜ਼ਾਰੇ ਨੇ ਮੋਦੀ ਸਰਕਾਰ ਦੇ ਵਿਰੁੱਧ ਆਪਣਾ ਗੁਬਾਰ ਕੱਢਦੇ ਹੋਏ ਕਿਹਾ, “ ਨਰੇਂਦਰ ਮੋਦੀ ਸਰਕਾਰ ਨੂੰ ਹਿਲਾਉਣ ਦੀ ਤਾਕਤ ਆਮ ਆਦਮੀ ਪਾਰਟੀ ਵਿੱਚ ਹੀ ਹੈ।” ਭਾਜਪਾ ਨੇ ਹਾਲ ਹੀ ਵਿੱਚ ਕੇਜਰੀਵਾਲ ਅਤੇ ਕਾਂਗਰਸ ਦੇ ਖਿਲਾਫ਼ ਇੱਕ ਇਸ਼ਤਿਹਾਰ ਛਾਪਿਆ ਹੈ, ਜਿਸ ਵਿੱਚ ‘ਅੰਨਾ’ ਦੀ ਇੱਕ ਫੋਟੋ ਤੇ ਹਾਰ ਚੜਾਇਆ ਹੋਇਆ ਵਿਖਾਇਆ ਹੈ।
ਅੰਨਾ ਨੇ ਇਸ ਇਸ਼ਤਿਹਾਰ ਸਬੰਧੀ ਕੋਈ ਵੀ ਟਿਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਇਸ ਫੋਟੋ ਅਤੇ ਦਿੱਲੀ ਚੋਣਾਂ ਬਾਰੇ ਚੋਣ ਹੋ ਜਾਣ ਤੋਂ ਬਾਅਦ ਹੀ ਗੱਲ ਕਰਨਗੇ। ਇਸ ਸਮੇਂ ਦਿੱਲੀ ਵਿੱਚ ਮੁੱਖ ਮੁਕਾਬਲਾ ਕੇਜਰੀਵਾਲ ਅਤੇ ਕਿਰਨ ਬੇਦੀ ਵਿੱਚਕਾਰ ਹੀ ਹੋ ਰਿਹਾ ਹੈ ਅਤੇ ਇਹ ਦੋਵੇਂ ਹੀ ਅੰਨਾ ਦੇ ਕਰੀਬੀ ਸਾਥੀ ਰਹਿ ਚੁੱਕੇ ਹਨ।
ਅੰਨਾ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਉਨ੍ਹਾਂ ਦਾ ਮੋਦੀ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ।ਉਨ੍ਹਾਂ ਨੇ ਕਿਹਾ, ‘ਭਾਜਪਾ ਤੋਂ ਕੇਵਲ ਮੇਰਾ ਹੀ ਨਹੀਂ, ਦੇਸ਼ ਦੀ ਜਨਤਾ ਦਾ ਵੀ ਮੋਹ ਭੰਗ ਹੋ ਗਿਆ ਹੈ।ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਵਾਰ ਨਹੀਂ, ਕਈ ਵਾਰ ਲੋਕਾਂ ਨਾਲ ਵਾਅਦੇ ਕੀਤੇ ਸਨ, ਪਰ ਭ੍ਰਿਸ਼ਟਾਚਾਰ ਅਜੇ ਵੀ ਜਾਰੀ ਹੈ। ਕਾਲ ਧੰਨ ਵਾਪਿਸ ਨਹੀਂ ਆਇਆ। ਭੂਮੀ ਅਧਿਕਾਰ ਕਾਨੂੰਨ ਵੀ ਬਦਲ ਦਿੱਤਾ ਗਿਆ ਹੈ।’ ਦਿੱਲੀ ਚੋਣਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਹਿਲਾਉਣ ਦੀ ਸ਼ਕਤੀ ਸਿਰਫ਼ ਆਪ ਪਾਰਟੀ ਵਿੱਚ ਹੀ ਹੈ।
ਮੋਦੀ ਸਰਕਾਰ ਤੇ ਤਿੱਖੇ ਹਮਲੇ ਕਰਦੇ ਹੋਏ ਅੰਨਾ ਨੇ ਕਿਹਾ ਕਿ ਜੇ ਵਾਅਦੇ ਪੂਰੇ ਨਹੀਂ ਸਨ ਕਰਨੇ ਤਾਂ ਕੀਤੇ ਹੀ ਕਿਉਂ। ਅਜੇ ਤੱਕ ਲੋਕਪਾਲ ਦੀ ਨਿਯੁਕਤੀ ਵੀ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਅਸੀਂ ਜਲਦੀ ਹੀ ਫਿਰ ਤੋਂ ਅੰਦੋਲਨ ਸ਼ੁਰੂ ਕਰਾਂਗੇ ਤੇ ਇਸ ਅੰਦੋਲਨ ਵਿੱਚ ਪੁਰਾਣੀ ਟੀਮ ਦਾ ਕੋਈ ਵੀ ਮੈਂਬਰ ਨਹੀਂ ਲਿਆ ਜਾਵੇਗਾ।