ਫ਼ਤਹਿਗੜ੍ਹ ਸਾਹਿਬ – ਭਾਰਤ ਦੀ ਵਿਦੇਸ਼ ਵਜ਼ੀਰ ਬੀਬੀ ਸੁਸ਼ਮਾ ਸ਼ਿਵਰਾਜ ਜੋ ਅੱਜ-ਕੱਲ੍ਹ ਚੀਨ ਦਾ ਦੌਰਾ ਕਰ ਰਹੇ ਹਨ । ਕਿਉਂ ਕਰਕੇ ਹਿੰਦੂ ਰਾਸ਼ਟਰ ਦੀ ਭਾਰਤ ਵਿਚ ਹਕੂਮਤ ਹੈ, ਇਸੇ ਕਰਕੇ ਉਹਨਾਂ ਨੇ ਚੀਨ ਨਾਲ ਕੋਈ ਖਾਸ ਵਿਦੇਸ਼ੀ ਮਾਮਲਿਆਂ ਦੀ ਗੱਲ ਨਹੀਂ ਕੀਤੀ । ਪਰ ਚੀਨ ਤੋਂ ਉਹਨਾਂ ਨੇ ਇਹੀ ਮੰਗ ਮੰਗੀ ਹੈ ਕਿ ਜੋ ਹਿੰਦੂਆਂ ਦੇ ਖਾਸਮ-ਖਾਸ ਤੀਰਥ ਸਥਾਂਨ ਮਾਨਸਰੋਵਰ ਤੇ ਕੈਲਾਸ਼ ਪਰਬਤ ਹਨ ਇਹਨਾਂ ਦੀ ਯਾਤਰਾ ਹਿੰਦੂ ਯਾਤਰੀਆਂ ਲਈ ਖੋਲ੍ਹ ਦਿੱਤੀ ਜਾਵੇ ਤੇ ਚੀਨ ਦੇ ਵਿਦੇਸ਼ੀ ਵਜ਼ੀਰ ਨੇ ਯਕੀਨ ਦਿਵਾਇਆ ਹੈ ਕਿ ਜਿਹੜਾ ਸਿਕਮ ਦੇ ਵਿਚ ਨੱਥੂਲਾ ਪਾਸ ਹੈ, ਉਥੋ ਛੇਤੀ ਹੀ ਇਹ ਯਾਤਰਾ ਆਰੰਭ ਹੋ ਜਾਵੇਗੀ । ਦੂਸਰਾ ਜੋ ਅੱਜ ਅਖ਼ਬਾਰਾਂ ਵਿਚ ਇਹ ਰੋਸ਼ਨ ਹੋਇਆ ਹੈ ਕਿ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਵੱਲੋਂ ਹਰਿਆਣੇ ਦੇ ਨਿਵਾਸੀਆਂ ਨੂੰ ਇਹ ਯਕੀਨ ਦਿਵਾਇਆ ਹੈ ਕਿ ਸੂਬੇ ਦੇ ਹਰੇਕ ਸਕੂਲ ਵਿਚ ਹਿੰਦੂਆਂ ਦੇ ਧਾਰਮਿਕ ਗ੍ਰੰਥ ਭਗਵਤ ਗੀਤਾ ਦਾ ਪਾਠ ਲਾਜਮੀ ਹੋਇਆ ਕਰੇਗਾ ਅਤੇ ਯੋਗਾ ਦੀ ਸਿਖਲਾਈ ਵੀ ਲਾਜਮੀ ਕਰਵਾਈ ਜਾਵੇਗੀ । ਅਜਿਹੇ ਅਮਲ ਵਿਧਾਨ ਦੀ ਨਿਰਪੱਖਤਾ ਅਤੇ ਸੰਵਿਧਾਨ ਕੁੱਚਲਣ ਵਾਲੇ ਹਨ । ਅਜਿਹਾ ਕੇਵਲ ਹਿੰਦੂ ਕੱਟੜਵਾਦ ਅਤੇ ਹਿੰਦੂ ਧਰਮ ਦੀ ਬਿਹਤਰੀ ਕਰਨ ਦੇ ਲਈ ਕੀਤਾ ਜਾ ਰਿਹਾ ਹੈ ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵਿਦੇਸ਼ ਵਜ਼ੀਰ ਬੀਬੀ ਸੁਸ਼ਮਾ ਸ਼ਿਵਰਾਜ ਦੇ ਚੀਨੀ ਦੌਰੇ ਦੌਰਾਨ ਬਹੁਗਿਣਤੀ ਦੇ ਪੱਖਪਾਤੀ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਦੂਜੇ ਪਾਸੇ ਸਿੱਖ ਕੌਮ ਦਾ ਕੋਈ ਦੇਸ਼ ਜਾਂ ਇਸ ਦੀ ਸੰਪੂਰਨ ਪ੍ਰਭੂਸਤਾ ਵਾਲੀ ਬਾਦਸ਼ਾਹੀ ਨਹੀਂ ਹੈ । ਜਦੋਂਕਿ ਅਸੀਂ ਨਿੱਤ ਅਰਦਾਸ ਕਰਦੇ ਹਾਂ ਕਿ ਸਾਡੇ ਗੁਰਦੁਆਰੇ ਜੋ ਪਾਕਿਸਤਾਨ ਵਿਚ ਰਹਿ ਗਏ ਹਨ, ਉਹਨਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਹੋਣ । ਜੇਕਰ ਹੁਣ ਸਿੱਖ ਕੌਮ ਕੋਲ ਆਪਣਾ ਦੇਸ਼ ਹੋਵੇ ਤਾਂ ਇਹ ਖੁੱਲ੍ਹੇ ਦਰਸ਼ਨ-ਦੀਦਾਰ ਪਾਕਿਸਤਾਨ ਤੋਂ ਲਾਗੂ ਕਰਵਾ ਸਕਦੇ ਹਾਂ ਤੇ ਬਾਹਰਲੇ ਮੁਲਕਾਂ ਨਾਲ ਵਾਹਗਾ ਬਾਰਡਰ, ਹੂਸੈਨੀਵਾਲਾ, ਸੁਲੇਮਾਨਕੀ, ਡੇਰਾ ਬਾਬਾ ਨਾਨਕ ਵਪਾਰ, ਆਵਾਜਾਈ ਤੇ ਧਾਰਮਿਕ ਯਾਤਰਾ ਲਈ ਖੁੱਲ੍ਹ ਜਾਣਗੇ । ਫਿਰ ਸਾਡੀ ਖੁਸ਼ਹਾਲੀ ਹੋਵੇਗੀ, ਯੂਰੀਏ ਦੀ ਕਮੀ ਨਹੀਂ ਹੋਵੇਗੀ, ਜੋ ਵਪਾਰੀ ਵਰਗ ਹੈ, ਉਹ ਰੂਸ, ਇਰਾਨ, ਇਰਾਕ ਤੱਕ ਆਪਣਾ ਵਪਾਰ ਕਰ ਸਕਣਗੇ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਾਰਤ ਦੀ ਵਿਦੇਸ਼ੀ ਪਾਲਸੀ ਦੀ ਪੁਰਜੋਰ ਨਿਖੇਧੀ ਕਰਦਾ ਹੈ ਕਿਉਂਕਿ ਅਮਰੀਕਾ ਦੇ ਸਦਰ ਸ੍ਰੀ ਓਬਾਮਾ ਜੋ ਪਿਛਲੇ ਦਿਨੀ ਭਾਰਤ ਆਏ ਸਨ, ਉਹਨਾਂ ਦੀ ਰਾਏ ਨਾਲ ਭਾਰਤ ਦੀਆਂ ਫ਼ੌਜਾਂ ਜਪਾਨ, ਵੀਅਤਨਾਮ, ਕੋਰੀਆ ਤੇ ਆਸਟ੍ਰੇਲੀਆ ਦੀ ਮਿਲਟਰੀ ਨਾਲ ਲੱਗਕੇ ਚੀਨ ਉਤੇ ਘੇਰਾਬੰਦੀ ਕਰਨੀ ਸੁਰੂ ਕਰ ਦੇਣਗੇ ਜਿਸ ਨਾਲ ਦੱਖਣ ਏਸ਼ੀਆ ਵਿਚ ਅਮਨ ਭੰਗ ਹੋਵੇਗਾ । ਜੋ ਕਿ ਸਿੱਖ ਕੌਮ ਬਿਲਕੁਲ ਨਹੀਂ ਚਾਹੁੰਦੀ । ਜਦੋਂਕਿ ਸਿੱਖ ਕੌਮ ਪਾਕਿਸਤਾਨ ਤੇ ਚੀਨ ਨੂੰ ਆਪਣਾ ਦੁਸ਼ਮਣ ਨਹੀਂ ਸਮਝਦੀ, ਬਲਕਿ ਆਪਣੇ ਦੋਸਤ ਸਮਝਦੀ ਹੈ ।