ਨਵੀਂ ਦਿੱਲੀ – ਭਾਜਪਾ ਦੀ ਮੁੱਖਮੰਤਰੀ ਦੇ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕ੍ਰਿਸ਼ਨਾ ਨਗਰ ਸਥਿਤ ਚੋਣ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹੁਣ ਸ਼ਬਦੀ ਜੰਗ ਹਿੰਸਕ ਰੂਪ ਲੈਂਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਿਰਨ ਬੇਦੀ ਦੇ ਦਫ਼ਤਰ ਤੇ ਹਮਲਾ ਹੋ ਚੁੱਕਾ ਹੈ ਜਿਸ ਵਿੱਚ 11 ਲੋਕ ਜਖਮੀ ਹੋ ਗਏ ਸਨ।
ਕਿਰਨ ਬੇਦੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ, ‘ਮੇਰੇ ਕ੍ਰਿਸ਼ਨਾ ਨਗਰ ਵਾਲੇ ਦਫ਼ਤਰ ਦੇ ਮਾਲਿਕ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਜੇ ਦਫ਼ਤਰ ਬੰਦ ਨਾਂ ਕੀਤਾ ਗਿਆ ਤਾਂ ਪੂਰੀ ਇਮਾਰਤ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਪਤਾ ਨਹੀਂ ਸਾਡੇ ਵਿਰੋਧੀਆਂ ਨੂੰ ਕੀ ਹੋ ਗਿਆ ਹੈ, ਜੋ ਹੁਣ ਇਸ ਹੱਦ ਤੱਕ ਡਿੱਗ ਗਏ ਹਨ।’ ਇਸ ਦਫ਼ਤਰ ਤੇ ਹਾਲ ਹੀ ਵਿੱਚ ਕੁਝ ਵਕੀਲਾਂ ਅਤੇ ਬੀਜੇਪੀ ਦੇ ਵਰਕਰਾਂ ਵਿੱਚਕਾਰ ਹਿੰਸਕ ਝੜਪ ਹੋਈ ਸੀ, ਜਿਸ ਵਿੱਚ 11 ਲੋਕ ਜਖਮੀ ਹੋਏ ਸਨ। ਬੇਦੀ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਦਿਆਂ ਹੋਇਆਂ ਕਿਹਾ ਕਿ ਇਸੇ ਕਰਕੇ ਸਭਿਆ ਲੋਕ ਰਾਜਨੀਤੀ ਵਿੱਚ ਆਉਣ ਤੋਂ ਪਰਹੇਜ਼ ਕਰਦੇ ਹਨ।
ਜਿਕਰਯੋਗ ਹੈ ਕਿ ਕਿਰਨ ਬੇਦੀ ਦਿੱਲੀ ਦੇ ਕ੍ਰਿਸ਼ਨਾ ਨਗਰ ਤੋਂ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੀ ਹੈ ਅਤੇ ਬੀਜੇਪੀ ਦੀ ਮੁੱਖਮੰਤਰੀ ਦੀ ਉਮੀਦਵਾਰ ਵੀ ਹੈ। ਦਿੱਲੀ ਵਿੱਚ 7 ਫਰਵਰੀ ਨੂੰ ਵਿਧਾਨਸਭਾ ਚੋਣਾਂ ਹੋ ਰਹੀਆਂ ਹਨ ਅਤੇ 10 ਫਰਵਰੀ ਨੂੰ ਚੋਣ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।