ਅੰਮ੍ਰਿਤਸਰ – ਆਉਂਦੀ 15 ਜੂਨ 2015 ਤੋਂ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਅੰਤਰ- ਰਾਸ਼ਟਰੀ ਉਡਾਣਾਂ ਬੰਦ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ ਹਵਾਈ ਅਡੇ ਤੋਂ ਚਲਾਉਣ ਦੇ ਫੈਸਲੇ ਦੀ ਅੰਮ੍ਰਿਤਸਰ ਵਿਕਾਸ ਮੰਚ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਨੂੰ ਹੱਬ ਬਣਾ ਕੇ ਇੱਥੋਂ ਏਅਰ ਇਡੀਆ ਦੀ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਵਿਦੇਸ਼ਾਂ ਤੋਂ ਆਸਾਨੀ ਨਾਲ ਯਾਤਰੂ ਗੁਰੂ ਕੀ ਨਗਰੀ ਪਹੁੰਚ ਸਕਣ ਤੇ ਉਨ੍ਹਾਂ ਨੂੰ ਦਿੱਲੀ ਧਕੇ ਨਾ ਖਾਣੇ ਪੈਣ।ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਪਿਛਲੇ ਸਾਲ 18 ਅਗਸਤ 2014 ਨੂੰ ਜਦ ਖ਼ਜਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸਨ ਤਾਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਇੱਥੋਂ ਹੋਰ ਅੰਤਰ-ਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ ਤੇ ਅੰਮ੍ਰਿਤਸਰ ਦਾ ਸਰਬਪੱਖੀ ਵਿਕਾਸ ਕਰਕੇ ਇਸ ਨੂੰ ਸਹੀ ਅਰਥਾਂ ਵਿਚ ਸੁਪਨਿਆਂ ਦਾ ਸ਼ਹਿਰ ਬਣਾਇਆ ਜਾਵੇਗਾ।ਉਸ ਸਮੇਂ ਕੈਬਨਿਟ ਮੰਤਰੀ ਸ.ਬਿਕਰਮ ਸਿੰਘ ਮਜੀਠਿਆ ਨੇ ਅੰਮ੍ਰਿਤਸਰ ਨੂੰ ਹੱਬ ਬਣਾ ਕੇ ਇੱਥੋਂ ਏਅਰ ਇਡੀਆ ਦੀ ਵਿਦੇਸ਼ਾਂ ਨੂੰ ਸਿੱਧੀਆਂ ਸ਼ੁਰੂ ਕਰਨ ਦੀ ਮੰਗ ਕੀਤੀ ਸੀ । ਚੋਣਾਂ ਸਮੇਂ ਵੀ ਸ੍ਰੀ ਅਰੁਣ ਜੇਤਲੀ ਨੇ ਅੰਮ੍ਰਿਤਸਰ ਨੂੰ ਨਮੂਨੇ ਦਾ ਸ਼ਹਿਰ ਬਨਾਉਣ ਦਾ ਵਾਅਦਾ ਕੀਤਾ ਸੀ।ਪਰ ਮੀਡਿਆ (ਆਈ ਫਲਾਈ ਡਾਟ ਕਾਮ) ਤੋਂ ਜੋ ਜਾਣਕਾਰੀ ਮਿਲੀ ਹੈ ਉਸ ਅਨੁਸਾਰ ਚੰਡੀਗੜ ਹਵਾਈ ਅਡਾ 15 ਜੂਨ 2015 ਦੇ ਲਾਗੇ ਚਾਗੇ ਸ਼ੁਰੂ ਹੋਣ ਜਾ ਰਿਹਾ ਹੈ,ਇਸ ਦੇ ਸ਼ੁਰੂ ਹੋਣ ‘ਤੇ ਇਥੋ ਦੀਆਂ ਅੰਤਰ-ਰਾਸ਼ਟਰੀ ਹਵਾਈ ਉਡਾਣਾਂ ਨੂੰ ਇੱਥੋਂ ਬੰਦ ਕਰਕੇ ਚੰਡੀਗੜ ਤੋਂ ਚਲਾਇਆ ਜਾਵੇਗਾ।
ਇਸ ਸਮੇਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਏਅਰ ਇੰਡੀਆ, ਉਜ਼ੇਬਿਕਸਤਾਨ ਏਅਰਵੇਜ਼, ਤੁਰਕਮਿਨਸਤਾਨ ਏਅਰਲਾਈਨਜ਼, ਕਤਰ ਏਅਰਵੇਜ਼ ਦੀਆਂ ਅੰਤਰ-ਰਾਸ਼ਟਰੀ ਹਵਾਈ ਉਡਾਣਾਂ ਚੱਲ ਰਹੀਆਂ ਹਨ, ਜਿਨ੍ਹਾਂ ਰਾਹੀਂ ਦੁਨੀਆਂ ਭਰ ਦੇ ਲੋਕ ਸਿੱਧੇ ਗੁਰੂ ਕੀ ਨਗਰੀ ਅੰਮ੍ਰਿਤਸਰ ਆ ਰਹੇ ਹਨ।ਇਨ੍ਹਾਂ ਉਡਾਣਾਂ ਨੂੰ ਬੰਦ ਕਰਕੇ ਚੰਡੀਗੜ੍ਹ ਹਵਾਈ ਅਡੇ ਤੋਂ ਚਲਾਉਣ ਦੇ ਫੈਸਲੇ ਨਾਲ ਅੰਮ੍ਰਿਤਸਰ ਕੇਵਲ ਘਰੇਲੂ ਉਡਾਣਾਂ ਲਈ ਹੀ ਰਹਿ ਜਾਵੇਗਾ।ਇਹ ਇਕ ਤਰ੍ਹਾਂ ਨਾਲ ਸਮਝੋ ਬੰਦ ਹੀ ਹੋ ਜਾਵੇਗਾ ।ਇਸ ਨਾਲ ਸੈਰ ਸਪਾਟਾ ਸਨਅੱਤ ਤਬਾਹ ਹੋ ਜਾਵੇਗੀ ਤੇ ਵਡੇ ਵਡੇ ਹੋਟਲ ਸਭ ਬੰਦ ਹੋ ਜਾਣਗੇ।ਮਾਝਾ ਤੇ ਦੁਆਬਾ ਦੇ ਖੇਤਰਾਂ ਨੂੰ ਭਾਰੀ ਨੁਕਸਾਨ ਪੁਜੇਗਾ।ਪੰਜਾਬ ਸਰਕਾਰ ਪਹਿਲਾਂ ਹੀ ਮਾਝੇ ਦੇ ਪ੍ਰਜੈਕਟਾਂ ਨੂੰ ਮੁਹਾਲੀ ਖੜ ਰਹੀ ਹੈ।ਇਹ ਹਵਾਈ ਅਡਾ ਹੀ ਬਚਿਆ ਸੀ, ਜਿਸ ਨੂੰ ਇਕ ਤਰ੍ਹਾਂ ਨਾਲ ਮੁਹਾਲੀ ਹੀ ਖੜਿਆ ਜਾ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਚੰਗੀ ਚੀਜ ਮਿਲਦੀ ਸੀ ਉਹ ਸ੍ਰੀ ਦਰਬਾਰ ਸਾਹਿਬ ਨੂੰ ਸਮਰਪਿਤ ਕਰਦੇ ਸਨ। ਉਨ੍ਹਾਂ ਨੇ ਲਾਹੌਰ ਦੇ ਮੁਕਾਬਲੇ ‘ਤੇ ਕਿਲਾ ਗੋਬਿੰਦਗੜ ਤੇ ਰਾਮ ਬਾਗ ਬਣਾਏ ਪਰ ਅਕਾਲੀ-ਭਾਜਪਾ ਸਰਕਾਰ ਹਰ ਪ੍ਰੋਜੈਕਟ ਨੂੰ ਮੁਹਾਲੀ ਜਾਂ ਮਾਲਵੇ ਲਾ ਰਹੀ ਹੈ। ਚੰਡੀਗੜ ਹਵਾਈ ਅਡੇ ਤੋਂ ਕੋਈ ਵੀ ਵਿਦੇਸ਼ੀ ਕੰਪਨੀ ਅੰਤਰ-ਰਾਸ਼ਟਰੀ ਹਵਾਈ ਉਡਾਣਾਂ ਸ਼ੁਰੂ ਕਰਨ ਨੂੰ ਤਿਆਰ ਨਹੀਂ,ਇਸ ਲਈ ਪੰਜਾਬ ਸਰਕਾਰ ਨੇ ਇਸ ਦਾ ਸੌਖਾ ਰਾਹ ਇਹ ਲਭਾ ਹੈ ਕਿ ਇਸ ਸਮੇਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਏਅਰ ਇੰਡੀਆ, ਉਜ਼ੇਬਿਕਸਤਾਨ ਏਅਰਵੇਜ਼, ਤੁਰਕਮਿਨਸਤਾਨ ਏਅਰਲਾਈਨਜ਼, ਕਤਰ ਏਅਰਵੇਜ਼ ਦੀਆਂ ਅੰਤਰ-ਰਾਸ਼ਟਰੀ ਹਵਾਈ ਉਡਾਣਾਂ ਜੋ ਚੱਲ ਰਹੀਆਂ ਹਨ, ਉਨ੍ਹਾਂ ਨੂੰ ਇੱਥੋਂ ਬੰਦ ਕਰਕੇ ਚੰਡੀਗੜ੍ਹ ਹਵਾਈ ਅਡੇ ਤੋਂ ਚਲਾਇਆ ਜਾਵੇ।
ਅੰਮ੍ਰਿਤਸਰ ਹਵਾਈ ਅਡੇ ਦੀ ਤਰੱਕੀ ਦੀ ਸ਼ੁਰੂਆਤ ਸ੍ਰੀ ਇੰਦਰ ਕੁਮਾਰ ਗੁਜਰਾਲ ਨੇ ਬਤੌਰ ਪ੍ਰਧਾਨ ਮੰਤਰੀ 125 ਕ੍ਰੋੜ ਰੁਪਏ ਪ੍ਰਵਾਨ ਕਰਕੇ ਕੀਤੀ। ਡਾ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਨਾਲ ਇਸ ਦੀ ਤਰੁਕੀ ਦੇ ਦਰਵਾਜੇ ਖੁਲੇ। ਡਾ. ਮਨੋਹਰ ਸਿੰਘ ਗਿੱਲ ਨੇ ਬਤੌਰ ਕੇਂਦਰੀ ਮੰਤਰੀ ਤੇ ਸ. ਨਵਜੋਤ ਸਿੰਘ ਸਿੱਧੂ ਨੇ ਬਤੌਰ ਲੋਕ ਸਭਾ ਮੈਂਬਰ ਇਸ ਦੀ ਤਰਕੀ ਵਲ ਧਿਆਨ ਦਿਤਾ ਤੇ ਇਹ ਆਧੁਨਿਕ ਸਹੂਲਤਾਂ ਵਾਲਾ ਵਿਸ਼ਵ-ਪ੍ਰਸਿੱਧ ਹਵਾਈ ਅਡਾ ਬਣ ਗਿਆ।ਮੋਦੀ ਸਰਕਾਰ ਲੋਕਾਂ ਲਈ ਅੱਛੇ ਦਿਨ ਦਾ ਵਾਅਦਾ ਕਰਕੇ ਹੋਂਦ ਵਿੱਚ ਆਈ ਸੀ ਪਰ ਇਸ ਨੇ ਇਸ ਹਵਾਈ ਅਡੇ ਲਈ ਬੁਰੇ ਦਿਨ ਲਿਆਉਣੇ ਸ਼ੁਰੂ ਕਰ ਦਿਤੇ ਹਨ। ਇਸ ਨੇ ਇਸ ਹਵਾਈ ਅਡੇ ਨੂੰ ਈ- ਵੀਜਾ ਤੋਂ ਵਾਂਝਿਆ ਰਖਿਆ ਤੇ ਪੰਜਾਬ ਦੇ ਏਅਰ ਇੰਡੀਆ ਦੇ ਸਾਰੇ ਦਫ਼ਤਰ ਬੰਦ ਕਰ ਦਿਤੇ।ਮੰਚ ਆਗੂ ਨੇ ਗੁਰੂ ਕੀ ਨਗਰੀ ਨਾਲ ਮੋਹ ਰਖਣ ਵਾਲਿਆਂ ਪ੍ਰੇਮੀਆਂ ਨੂੰ ਇਸ ਲੋਕ-ਵਿਰੋਧੀ ਨੀਤੀ ਵਿਰੁਧ ਆਪਣੀ ਆਵਾਜ ਬੁਲੰਦ ਕਰਨ ਦੀ ਅਪੀਲ ਕੀਤੀ ਹੈ।
ਪੱਤਰ ਦੀਆਂ ਕਾਪੀਆਂ ਖ਼ਜਾਨਾ ਮੰਤਰੀ ਸ੍ਰੀ ਅਰੁਣ ਜੇਤਲੀ,ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਸ੍ਰੀ ਤਰੁਣ ਚੁੱਗ, ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ, ਅੰਮ੍ਰਿਤਸਰ ਭਾਜਪਾ ਦੇ ਪ੍ਰਧਾਨ ਸ੍ਰੀ ਨਰੇਸ਼ ਸ਼ਰਮਾ ਤੇ ਸਾਬਕਾ ਮੰਤਰੀ ਸ੍ਰੀ ਮਤੀ ਲਕਸ਼ਮੀ ਕਾਂਤਾ ਚਾਵਲਾ ਨੂੰ ਭੇਜੀਆਂ ਗਈਆਂ ਹਨ।