ਫ਼ਤਹਿਗੜ੍ਹ ਸਾਹਿਬ – “ਇਕ ਪਾਸੇ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ. ਉਤੇ ਆਪਣੀ ਧੀ ਤੇ ਉਸਦੇ ਪੇਟ ਵਿਚ ਪਲ ਰਹੇ ਬੱਚੇ ਨੂੰ ਖ਼ਤਮ ਕਰ ਦੇਣ ਦੇ ਦੋਸ਼ਾਂ ਅਧੀਨ ਅਦਾਲਤਾਂ ਵਿਚ ਕੇਸ ਚੱਲ ਰਹੇ ਹਨ ਅਤੇ ਬਿਕਰਮ ਸਿੰਘ ਮਜੀਠੀਆ ਵਜ਼ੀਰ ਪੰਜਾਬ ਸਰਕਾਰ ਉਤੇ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਕਰਨ ਦੇ ਦੋਸ਼ਾਂ ਅਧੀਨ ਵੱਡੇ ਪੱਧਰ ਤੇ ਜਾਂਚ ਚੱਲ ਰਹੀ ਹੈ । ਨਸ਼ੀਲੀਆਂ ਵਸਤਾਂ ਦੀ ਗੈਂਗ ਦੇ ਮੁੱਖ ਸਰਗਣੇ ਭੋਲਾ ਡੀ.ਐਸ.ਪੀ. ਵੱਲੋ ਖੁੱਲੇਆਮ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਿਆ ਜਾ ਰਿਹਾ ਹੈ । ਦੂਸਰੇ ਪਾਸੇ ਇਹ ਦੋਵੇ ਕਾਨੂੰਨੀ ਤੇ ਇਖ਼ਲਾਕੀ ਤੌਰ ਤੇ ਦਾਗੀ ਸਿਆਸਤਦਾਨ ਦਿੱਲੀ ਵਿਖੇ ਬਾਦਲ ਦਲੀਆਂ ਤੇ ਬੀਜੇਪੀ ਦੀਆਂ ਚੋਣਾਂ ਵਿਚ ਖੜ੍ਹੇ ਉਮੀਦਵਾਰਾਂ ਦੇ ਹੱਕ ਵਿਚ ਬੇਸ਼ਰਮੀ ਨਾਲ ਪ੍ਰਚਾਰ ਕਰਦੇ ਹੋਏ ਉਥੋ ਦੇ ਨਿਵਾਸੀਆਂ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ ਹਨ । ਬੇਸ਼ੱਕ ਅਦਾਲਤਾਂ ਨੇ ਇਹਨਾਂ ਨੂੰ ਜਮਾਨਤਾਂ ਦੇ ਦਿੱਤੀਆਂ ਹਨ, ਪਰ ਇਹਨਾਂ ਦੀਆਂ ਸਿਆਸੀ ਸਰਗਰਮੀਆਂ ਉਤੇ ਕਾਨੂੰਨੀ ਰੋਕ ਲੱਗਣੀ ਚਾਹੀਦੀ ਹੈ, ਤਾਂ ਕਿ ਇਹ ਅਪਰਾਧਿਕ ਸੋਚ ਵਾਲੇ ਸਿਆਸਤਦਾਨ ਸਮਾਜ ਵਿਚ “ਸਰਾਫ਼ਤ” ਦੇ ਮੁਖੋਟੇ ਪਹਿਨਕੇ ਸਮਾਜ ਦਾ ਹੋਰ ਵੱਡਾ ਨੁਕਸਾਨ ਨਾ ਕਰ ਸਕਣ ਅਤੇ ਇਥੋ ਦੇ ਨਿਵਾਸੀਆਂ ਦੇ ਮਨਾਂ ਤੇ ਆਤਮਾ ਵਿਚ ਕਾਨੂੰਨ ਤੇ ਇਨਸਾਫ਼ ਦੇ ਰਾਜ ਦਾ ਸਤਿਕਾਰ ਬਣਿਆ ਰਹੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਦੋਵੇ ਦਾਗੀ ਸਿਆਸਤਦਾਨਾਂ ਵੱਲੋਂ ਦਿੱਲੀ ਵਿਚ ਝੂਠ-ਕਪਟ ਦਾ ਸਹਾਰਾ ਲੈਕੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਅਤੇ ਇਹਨਾਂ ਦੋਸ਼ੀਆਂ ਉਤੇ ਅਦਾਲਤਾਂ ਵੱਲੋ ਅਜਿਹੀਆਂ ਸਰਗਰਮੀਆਂ ਲਈ ਰੋਕ ਲਗਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਬਾਹਰਲੇ ਪੱਛਮੀ ਤੇ ਯੂਰਪਿੰਨ ਮੁਲਕਾਂ ਵਿਚ ਜਦੋ ਵੀ ਕਿਸੇ ਵੱਡੇ ਸਿਆਸਤਦਾਨ ਜਾਂ ਅਫ਼ਸਰ ਉਤੇ ਕੋਈ ਗੈਰ ਕਾਨੂੰਨੀ ਦੋਸ਼ ਲੱਗ ਜਾਂਦਾ ਹੈ, ਤਾਂ ਉਹ ਆਪਣਾ ਇਖ਼ਲਾਕੀ ਫਰਜ ਸਮਝਦੇ ਹੋਏ ਆਪਣੇ ਅਹੁਦੇ ਤੋ ਅਸਤੀਫ਼ਾਂ ਦੇ ਕੇ ਕਾਨੂੰਨ ਤੇ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਦੇ ਹਨ ਅਤੇ ਕਾਨੂੰਨੀ ਅਮਲ ਵਿਚ ਕੋਈ ਰੁਕਾਵਟ ਨਹੀਂ ਪਾਉਦੇ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਹਿੰਦ ਵਿਚ ਅਪਰਾਧਿਕ ਕੇਸਾਂ ਵਿਚ ਫੱਸੇ ਸਿਆਸਤਦਾਨ ਅਤੇ ਅਫ਼ਸਰ ਢੀਠਤਾ ਨਾਲ ਜੱਫਾ ਮਾਰਕੇ ਕੇਵਲ ਕਾਨੂੰਨੀ ਤੇ ਅਦਾਲਤੀ ਕਾਰਵਾਈ ਵਿਚ ਹੀ ਰੁਕਾਵਟਾਂ ਨਹੀਂ ਪਾਉਦੇ ਬਲਕਿ ਆਪਣੇ ਸਿਆਸੀ ਤੇ ਨਿਜਾਮੀ ਅਹੁਦੇ ਦੀ ਦੁਰਵਰਤੋ ਕਰਕੇ ਗਵਾਹਾਂ ਅਤੇ ਸਬੂਤਾਂ ਨੂੰ ਖ਼ਤਮ ਕਰਨ ਵਿਚ ਫਖ਼ਰ ਮਹਿਸੂਸ ਕਰਦੇ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਅਜਿਹੇ ਰਿਸਵਤਖੋਰ ਅਤੇ ਅਪਰਾਧਿਕ ਟੋਲੀ, ਪਹਿਲੇ ਅੰਮ੍ਰਿਤਸਰ ਵਿਚ ਸ੍ਰੀ ਜੇਟਲੀ ਵਰਗੇ ਸਿਆਸਤਦਾਨ ਦੀ ਨਮੋਸ਼ੀ ਵਾਲੀ ਹਾਰ ਲਈ ਸਿੱਧੇ ਤੌਰ ਤੇ ਜਿੰਮੇਵਾਰ ਹੈ ਅਤੇ ਸੀ.ਬੀ.ਆਈ. ਦੀ ਪਰੋਸੀਕਿਊਸਨ ਦੀ ਅਦਾਲਤ ਨੇ ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੀਬੀ ਜਗੀਰ ਕੌਰ ਨੂੰ ਕਤਲ ਦੇ ਮਾਮਲੇ ਵਿਚ ਉਮਰ ਕੈਦ ਦੀ ਸਿਫ਼ਾਰਸ ਕੀਤੀ ਸੀ ।
ਉਹਨਾਂ ਅੰਗਰੇਜ਼ਾਂ ਦੇ ਸਮੇਂ ਜਰਨਲ ਅਲਾਇਰਡ ਜੋ ਫਰਾਂਸ ਦਾ ਸੀ, ਉਸ ਸਮੇਂ ਪਿਸ਼ਾਵਰ ਦੇ ਤਕੜੇ ਇਲਾਕਿਆਂ ਵਿਚ “ਸਤੀ ਦੀ ਰਸਮ” ਪ੍ਰਚੱਲਿਤ ਸੀ । ਜਿਸ ਨੂੰ ਖ਼ਤਮ ਕਰਨ ਲਈ ਉਸ ਸਮੇਂ ਤਾਜਾ ਬਣੀ ਸਿੱਖ ਹਕੂਮਤ ਵਿਚ ਇਸ ਭੈੜੀ ਰਸਮ ਨੂੰ ਖ਼ਤਮ ਕਰਨ ਦੀ ਗੱਲ ਉਠੀ । ਤਾਂ ਜਰਨਲ ਵੈਨਟੂਰਾ ਨੇ ਇਸ ਉਤੇ ਅਮਲ ਕਰਨ ਤੋਂ ਪਹਿਲੇ ਉਸ ਸਮੇਂ ਦੇ ਸਿੱਖ ਜਰਨਲ ਸ. ਬੁੱਧ ਸਿੰਘ ਮਾਨ ਜੋ ਮੇਰੇ ਪੜਦਾਦਾ ਜੀ ਸਨ, ਨੂੰ ਆਪਣੇ ਕੋਲ ਬੁਲਾਇਆ ਤਾਂ ਜਰਨਲ ਬੁੱਧ ਸਿੰਘ ਨੇ ਇਹ ਰਾਏ ਦਿੱਤੀ ਕਿ ਬੇਸ਼ੱਕ ਸਤੀ ਦੀ ਰਸਮ ਜੋ ਪ੍ਰਚੱਲਿਤ ਹੈ, ਇਹ ਬੰਦ ਹੋਣੀ ਚਾਹੀਦੀ ਹੈ । ਪਰ ਕਿਉਂਕਿ ਅਜੇ ਹੁਣੇ ਹੀ ਸਿੱਖ ਬਾਦਸ਼ਾਹੀ ਕਾਇਮ ਹੋਈ ਹੈ । ਇਸ ਨੂੰ ਸਥਿਰ ਰੱਖਣ ਲਈ ਕੁਝ ਸਮਾਂ ਲੱਗੇਗਾ, ਉਪਰੰਤ ਇਸ ਰਿਵਾਜ ਨੂੰ ਖ਼ਤਮ ਕਰਨ ਬਾਰੇ ਸੋਚਿਆ ਜਾ ਸਕਦਾ ਹੈ । ਜੇਕਰ ਹੁਣੇ ਹੀ ਇਸ ਉਤੇ ਅਮਲ ਕਰਨਾ ਸੁਰੂ ਕਰ ਦਿੱਤਾ ਤਾਂ ਪਿਸਾਵਰ ਦੇ ਜੋ ਤਕੜੇ ਇਲਾਕੇ ਹਨ, ਜਿਥੇ ਇਹ ਸਤੀ ਦਾ ਰਿਵਾਜ ਹੈ, ਉਥੇ ਸਮਾਜ ਵਿਚੋਂ ਹਕੂਮਤ ਵਿਰੁੱਧ ਬਗਾਵਤ ਹੋ ਸਕਦੀ ਹੈ । ਇਸ ਲਈ ਇਸ ਨੂੰ ਅਮਲੀ ਰੂਪ ਦੇਣ ਦਾ ਅਜੇ ਸਮਾਂ ਨਹੀਂ । ਜਰਨਲ ਵੈਨਟੂਰਾ ਨੂੰ ਜਰਨਲ ਬੁੱਧ ਸਿੰਘ ਦੀ ਇਸ ਕੀਮਤੀ ਰਾਏ ਅੱਛੀ ਲੱਗੀ ਅਤੇ ਇਸ ਉਤੇ ਅਮਲ ਕੀਤਾ ਗਿਆ । ਬੇਸ਼ੱਕ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਸਮੇਂ ਇਹ ਰਵਾਇਤ ਕਾਫ਼ੀ ਹੱਦ ਤੱਕ ਘੱਟ ਗਈ ਸੀ । ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਸਮੇ ਕਾਂਗੜੇ ਦੀ ਸੱਭ ਤੋ ਛੋਟੀ ਰਾਣੀ ਹੀ ਕੇਵਲ ਸਤੀ ਹੋਈ ਸੀ ।
ਸ. ਮਾਨ ਨੇ ਸੈਂਟਰ ਦੀਆਂ ਦੋਵੇ ਮੁਤੱਸਵੀ ਅਤੇ ਹਿੰਦੂਤਵ ਜਮਾਤਾਂ ਕਾਂਗਰਸ ਅਤੇ ਬੀਜੇਪੀ ਦੀ ਗੱਲ ਕਰਦੇ ਹੋਏ ਕਿਹਾ ਕਿ ਦੋਵੇ ਹੀ ਜਮਾਤਾਂ ਦੇ ਹੱਥ ਘੱਟ ਗਿਣਤੀ ਸਿੱਖ ਕੌਮ, ਮੁਸਲਿਮ ਕੌਮ ਅਤੇ ਇਸਾਈ ਕੌਮ ਦੇ ਖੂਨ ਨਾਲ ਰੰਗੇ ਹੋਏ ਹਨ । ਜਿਸ ਮੋਦੀ ਦੀ ਸ. ਬਾਦਲ ਗੱਲ ਕਰਦੇ ਹਨ, ਉਸ ਨੇ ਪਹਿਲੇ 2002 ਵਿਚ 2 ਹਜ਼ਾਰ ਮੁਸਲਿਮ ਕੌਮ ਦਾ ਕਤਲੇਆਮ ਕੀਤਾ, ਫਿਰ 2013 ਵਿਚ 60 ਹਜ਼ਾਰ ਸਿੱਖ ਪਰਿਵਾਰਾਂ ਨੂੰ ਗੁਜਰਾਤ ਵਿਚੋਂ ਉਜਾੜਿਆ ਅਤੇ ਅੱਜ ਵੀ ਧਰਮੀ ਕੱਟੜਤਾ ਦੇ ਵਹਿਣ ਵਿਚ ਵਹਿਕੇ ਘੱਟ ਗਿਣਤੀਆਂ ਉਤੇ ਜ਼ਬਰ-ਜੁਲਮ ਕਰ ਰਹੇ ਹਨ । ਇਸੇ ਤਰ੍ਹਾਂ ਕਾਂਗਰਸ ਜਮਾਤ ਅਤੇ ਇਹਨਾਂ ਦੋਵਾਂ ਨੇ ਮਿਲਕੇ 1984 ਵਿਚ ਸਿੱਖ ਕੌਮ ਦਾ ਕਤਲੇਆਮ ਤੇ ਨਸ਼ਲਕੁਸੀ ਕੀਤੀ । ਸ੍ਰੀ ਦਰਬਾਰ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ । ਅੱਜ ਉਸ ਕਾਂਗਰਸ ਜਮਾਤ ਦੀ ਅਗਵਾਈ ਕਰਨ ਵਾਲੀ ਸੋਨੀਆਂ ਗਾਂਧੀ ਕੋਲ ਕੈਪਟਨ ਅਮਰਿੰਦਰ ਸਿੰਘ ਜਾ ਕੇ ਸ. ਬਾਜਵੇ ਦੀਆਂ ਸ਼ਿਕਾਇਤਾਂ ਕਰਦੇ ਰਹਿੰਦੇ ਹਨ ਅਤੇ ਬਾਦਲ ਕਾਤਲਾਂ ਨੂੰ ਗੁਲਦਸਤੇ ਪੇਸ਼ ਕਰਨ ਵਿਚ ਲੱਗੇ ਹੋਏ ਹਨ । ਪੰਜਾਬ ਅਤੇ ਸਿੱਖ ਕੌਮ ਨਾਲ ਹੋਈਆਂ ਬੇਇਨਸਾਫ਼ੀਆਂ, ਜ਼ਬਰ-ਜੁਲਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਇਨਸਾਫ਼ ਦਿਵਾਉਣ ਵਿਚ ਕੋਈ ਰਤੀਭਰ ਵੀ ਜਿੰਮੇਵਾਰੀ ਪੂਰਨ ਨਹੀਂ ਕਰ ਰਹੇ । ਇਸ ਲਈ ਦਿੱਲੀ ਦੇ ਸਮੂਹ ਵਰਗਾਂ ਦੇ ਨਿਵਾਸੀਆਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੰਜ਼ੀਦਾ ਅਪੀਲ ਹੈ ਕਿ ਉਹ 7 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਵਿਚ ਦੋਵਾਂ ਕਾਂਗਰਸ, ਬੀਜੇਪੀ ਅਤੇ ਉਹਨਾਂ ਦੇ ਭਾਈਵਾਲ ਬਾਦਲ ਦਲ ਨਾਲ ਸੰਬੰਧਤ ਉਮੀਦਵਾਰਾਂ ਨੂੰ ਕਰਾਰੀ ਹਾਰ ਦੇ ਕੇ ਸੱਚ-ਹੱਕ ਦੀ ਆਵਾਜ ਬੁਲੰਦ ਕਰਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਰੋਹਿਣੀ ਵਿਧਾਨ ਸਭਾ ਹਲਕੇ ਤੋਂ ਇੱਕੋ ਇੱਕ ਉਮੀਦਵਾਰ ਖੜ੍ਹਾ ਕੀਤਾ ਗਿਆ ਹੈ, ਉਸ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਹੱਕ-ਸੱਚ ਅਤੇ ਇਨਸਾਫ਼ ਦੀ ਦ੍ਰਿੜਤਾ ਨਾਲ ਗੱਲ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਮਜ਼ਬੂਤੀ ਬਖ਼ਸਣ ।