ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਜਾਣੇ ਜਾਂਦੇ ਕੌਮਾਂਤਰੀ ਹਵਾਈ ਅੱਡੇ ਤੋਂ ਜੇਕਰ ਕੌਮਾਂਤਰੀ ਉਡਾਨਾਂ ਬੰਦ ਹੋ ਗਈਆਂ ਤਾਂ ਇਸ ਨਾਲ ਦੁਨੀਆਂ ਦੇ ਕੋਨੇ-ਕੋਨੇ ਤੋਂ ਰੂਹਾਨੀਅਤ ਦੇ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਜੋ ਬਹੁਤ ਮਾੜੀ ਗੱਲ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਜੋ ਗੁਰੂ ਕੀ ਨਗਰੀ ਵਜੋਂ ਜਾਣਿਆਂ ਜਾਂਦਾ ਹੈ ਇਸ ਦੇ ਇਤਿਹਾਸਕ ਪੱਖ ਨੂੰ ਜਾਣਦਿਆਂ ਹੋਇਆਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਕੌਮਾਂਤਰੀ ਹਵਾਈ ਉਡਾਨਾਂ ਬੰਦ ਕਰਨ ਦੀ ਬਜਾਏ ਕੇਂਦਰ ਸਰਕਾਰ ਨੂੰ ਸਗੋਂ ਇਸ ਦਾ ਵਿਸਥਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਰੂਹਾਨੀਅਤ ਦਾ ਘਰ ਹੈ ਦੁਨੀਆਂ ਦੇ ਕਿਸੇ ਵੀ ਕੋਨੇ ‘ਚ ਬੈਠਾ ਹਰੇਕ ਨਾਨਕ ਨਾਮ ਲੇਵਾ ਇਸ ਮੁਕੱਦਸ ਅਸਥਾਨ ਦੇ ਦਰਸ਼ਨ ਇਸ਼ਨਾਨ ਕਰਨ ਦੀ ਤਾਂਗ ਰੱਖਦਾ ਹੈ। ਇਸੇ ਕਰਕੇ ਰੋਜ਼ਾਨਾ ਹੀ ਦੇਸ਼ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਬਹੁਤ ਜ਼ਿਆਦਾ ਸ਼ਰਧਾਲੂਆਂ ਦੀ ਇਸ ਅਸਥਾਨ ਤੇ ਆਮਦ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਤੋਂ ਕੌਮਾਂਤਰੀ ਉਡਾਨਾਂ ਬੰਦ ਕਰਨ ਬਾਰੇ ਜੋ ਖਬਰਾਂ ਸਾਹਮਣੇ ਆਈਆਂ ਹਨ ਉਹ ਇਥੇ ਪੁੱਜਣ ਵਾਲੀਆਂ ਸੰਗਤਾਂ ਲਈ ਚਿੰਤਾ ਦਾ ਸਬੱਬ ਹਨ।ਉਨ੍ਹਾਂ ਕਿਹਾ ਕਿ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਇਸ ਸਬੰਧੀ ਪੱਤਰ ਲਿਖਿਆ ਜਾਵੇਗਾ ਕਿ ਅੁਡਾਨਾਂ ਬੰਦ ਨਾ ਕੀਤੀਆਂ ਜਾਣ, ਸਗੋਂ ਇਸ ਹਵਾਈ ਅੱਡੇ ਦਾ ਹੋਰ ਵਿਸਥਾਰ ਕੀਤਾ ਜਾਵੇ ਤਾਂ ਕਿ ਜਿਹੜੇ ਦੇਸ਼ਾਂ ਤੋਂ ਅਜੇ ਤੀਕ ਸ਼ਰਧਾਲੂਆਂ ਦੀ ਸਹੂਲਤ ਲਈ ਇਥੇ ਉਡਾਨਾਂ ਨਹੀਂ ਆਉਂਦੀਆਂ ਉਨ੍ਹਾਂ ਦੇਸ਼ਾਂ ਤੋਂ ਵੀ ਉਡਾਨਾਂ ਸ਼ੁਰੂ ਕੀਤੀਆਂ ਜਾਣ।