ਬੋਤਲ ਬੰਦ ਪਾਣੀ ਦਾ ਵਪਾਰ 60 ਅਰਬ ਰੁਪਏ ਦਾ ਹੈ ਤੇ ਆਏ ਸਾਲ ਇਸ ਵਿੱਚ 25 ਤੋਂ 30 ਫ਼ਿਸਦੀ ਦੀ ਦਰ ਨਾਲ ਵਾਧਾ ਹੋ ਰਿਹਾ ਹੈ ਤੇ 2018 ਤੱਕ ਇਹ ਵਪਾਰ 160 ਅਰਬ ਰੁਪਏ ਤੱਕ ਪਹੁੰਚ ਜਾਵੇਗਾ। ਬਿਓਰੋ ਆਫ ਇੰਡੀਅਨ ਸਟੈਟਰਡਜ਼ ਮੁਤਾਬਕ ਦੇਸ਼ ਭਰ ਵਿੱਚ ਬੋਤਲ ਬੰਦ ਪਾਣੀ ਦੇ 100 ਤੋਂ ਵੱਧ ਬ੍ਰਾਂਡ ਤੇ ਤਕਰੀਬਨ 1200 ਪਲਾਂਟ ਹਨ ਜਿਹਨਾਂ ਵਿੱਚੋਂ 600 ਤਾਂ ਤਮਿਲਨਾਡੂ ਵਿੱਚ ਹੀ ਹਨ
ਭਾਰਤ ਦੇਸ਼ ਵਿੱਚ ਜਿਸ ਤੇਜ਼ੀ ਦੇ ਨਾਲ ਪੀਣ ਵਾਲਾ ਪਾਣੀ ਗੰਦਲਾ ਹੋ ਰਿਹਾ ਹੈ ਅਤੇ ਪੀਣ ਵਾਲੇ ਪਾਣੀ ਵਿੱਚ ਵੱਧ ਰਹੀ ਟੀ ਡੀ ਐਸ ਦੀ ਮਾਤਰਾ ਅਤੇ ਹੋਰ ਅਸ਼ੁਧੀਆਂ ਨੇ ਇਨਸਾਨ ਨੂੰ ਫਿਲਟਰ ਵਾਲਾ ਪਾਣੀ ਅਤੇ ਬੋਤਲ ਬੰਦ ਪਾਣੀ ਪੀਣ ਲਈ ਮਜਬੂਰ ਕੀਤਾ ਪਰ ਮਿਨਰਲ ਵਾਟਰ ਦੇ ਨਾਂਅ ਤੇ ਜੋ ਬੋਤਲਾਂ ਵਿੱਚ ਬੰਦ ਪਾਣੀ ਹੈ ਖੁੱਦ ਹਾਨੀਕਾਰਨ ਰਸਾਇਣਾਂ ਤੋਂ ਪੂਰੀ ਤਰ੍ਹਾ ਮੁਕਤ ਨਹੀ ਹੋ ਪਾ ਰਿਹਾ ਹੈ। ਅੱਜ ਦੇ ਸਮੇਂ ਵਿੱਚ ਬੋਤਲ ਬੰਦ ਪਾਣੀ ਦਾ ਚਲਨ ਬਹੁਤ ਤੇਜੀ ਦੇ ਨਾਲ ਵੱਧ ਗਿਆ ਹੈ। ਬੋਤਲ ਬੰਦ ਪਾਣੀ ਨੂੰ ਸ਼ੁਧ ਅਤੇ ਭਰੋਸੇਮੰਦ ਮੰਨਿਆ ਜਾਂਦਾ ਹੈ। ਜਿਆਦਾਤਰ ਲੋਕ ਜੱਦ ਸਫਰ ਤੇ ਜਾਂਦੇ ਹਨ ਤਾਂ ਉਹ ਸਥਾਨਕ ਟੁਟੀਆਂ ਦੇ ਪਾਣੀ ਨਾਲੋ ਬੋਤਲਮੰਦ ਪਾਣੀ ਤੇ ਪੈਸਾ ਖਰਚਨਾ ਬੇਹਤਰ ਸਮਝਦੇ ਹਨ। ਇਹ ਪਾਣੀ ਖਰੀਦਦੇ ਸਮੇਂ ਉਹ ਉਮੀਦ ਕਰਦੇ ਹਨ ਕਿ ਉਹ ਹਾਨੀਕਾਰਨ ਰਸਾਇਣਾਂ ਤੋਂ ਮੁਕਤ ਸਾਫ ਪਾਣੀ ਖਰੀਦ ਰਹੇ ਹਨ। ਪਰ ਹਕੀਕਤ ਇਹ ਨਹੀਂ ਹੈ। ਬੋਤਲ ਬੰਦ ਪਾਣੀ ਵੀ ਇਹਨਾਂ ਹਾਨੀਕਾਰਕ ਰਸਾਇਣਾਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੈ। ਭਾਭਾ ਐਟੋਮਿਕ ਰਿਸਰਚ ਸੈਂਟਰ ਦੇ ਐਨਵਾਇਰਮੈਂਟ ਮੋਨੀਟਰਿੰਗ ਅਤੇ ਅਸੈਸਮੈਂਟ ਸੈਕਸ਼ਨ ਵਲੋਂ ਤਾਜਾ ਖੋਜ ਮੁਤਾਬਕ ਹਰ ਵਾਰ ਜਦੋਂ ਕੋਈ ਵੀ ਬੋਤਲ ਬੰਦ ਪਾਣੀ ਪੀਂਦੇ ਹੋ ਤਾਂ ਨਾਲ ਤੁਸੀ ਢੇਰ ਸਾਰੇ ਹਾਨੀਕਾਰਕ ਰਸਾਇਣ ਪੀ ਰਹੇ ਹੋ। ਖੋਜ ਮੁਤਾਬਕ ਪਾਣੀ ਨੂੰ ਬੋਤਲ ਬੰਦ ਕਰਣ ਲਈ ਸਾਫ ਕਰਣ ਦੌਰਾਨ ਇਹ ਰਸਾਇਣ ਪਾਣੀ ਵਿੱਚ ਮਿਲ ਜਾਂਦੇ ਹਨ ਜੋਕਿ ਤਾਜੇ ਪਾਣੀ ਵਿੱਚ ਹੁੰਦੇ ਹੀ ਨਹੀਂ। ਭਾਵੇਂ ਬੋਤਲ ਬੰਦ ਪਾਣੀ ਬਿਮਾਰੀ ਫੈਲਾਉਣ ਵਾਲੇ ਕਿਟਾਣੂਆਂ ਤੋਂ ਤਾਂ ਮੁਕਤ ਹੁੰਦਾ ਹੈ ਪਰ ਪਾਣੀ ਨੂੰ ਬੋਤਲ ਬੰਦ ਕਰਣ ਦੀ ਪ੍ਰਕ੍ਰਿਆ ਦੌਰਾਨ ਇਸ ਵਿੱਚ ਸ਼ਾਮਲ ਹੋਏ ਇਹ ਰਸਾਇਣ ਕਈ ਹੋਰ ਬਿਮਾਰੀਆਂ ਦਾ ਕਾਰਨ ਬਣਦੇ ਹਨ। ਜਿਸ ਪਾਣੀ ਨੂੰ ਸਟੇਟਸ ਸਿੰਬਲ ਅਤੇ ਸਾਫ ਪਾਣੀ ਸਮਝ ਕੇ ਧੜਾਧੜ ਪੀਤਾ ਜਾ ਰਿਹਾ ਹੈ ਭਵਿੱਖ ਵਿੱਚ ਉਹ ਕਿਹੜੀਆਂ ਬਿਮਾਰੀਆਂ ਦਾ ਕਾਰਨ ਬਣੇਗਾ ਇਹ ਕਹਿਨਾ ਬਹੁਤ ਔਖਾ ਹੈ। ਆਮ ਇਨਸਾਨ ਲਈ ਇਹ ਫੈਸਲਾ ਕਰਨਾ ਔਖਾ ਹੈ ਕਿ ਉਹ ਅਗਲੇ ਦਿਨ ਕਿਸੀ ਇਨਫੈਕਸ਼ਨ ਦੇ ਖਤਰੇ ਤੋਂ ਡਰਦਿਆਂ ਟੁਟੀ ਦਾ ਪਾਣੀ ਨਾ ਪੀਵੇ ਜਾਂ ਆਉਂਦੇ ਸਮੇਂ ਵਿੱਚ ਕਿਸੇ ਅਣਪਛਾਤੀ ਬਿਮਾਰੀ ਦੇ ਡਰ ਤੋਂ ਬੋਤਲ ਬੰਦ ਪਾਣੀ ਤੋਂ ਹੱਥ ਪਿੱਛੇ ਖਿੱਚੇ।
ਹੈਰਾਨੀ ਦੀ ਗੱਲ੍ਹ ਹੈ ਕਿ ਦੇਸ਼ ਵਿੱਚ ਬੋਤਲ ਬੰਦ ਪਾਣੀ ਵਿੱਚ ਰਸਾਇਣਾਂ ਦੀ ਮਾਤਰਾ ਨੂੰ ਤੈਅ ਕਰਣ ਸੰਬਧੀ ਕੋਈ ਰੈਗੁਲੇਸ਼ਨ ਹੀ ਨਹੀਂ ਹੈ।
ਜਨਤਾ ਨੂੰ ਸਾਫ ਪੀਣ ਦਾ ਪਾਣੀ ਉਪਲਬਧ ਕਰਵਾਉਣਾ ਸਰਕਾਰ ਦਾ ਫਰਜ ਹੈ ਪਰ ਦੇਸ਼ ਦੀ ਜਨਤਾ ਅੱਜ ਵੀ ਆਪਣੇ ਇਸ ਹੱਕ ਤੋਂ ਵੰਚਿਤ ਹੈ। ਜਿੱਥੇ ਜਿਆਦਾਤਰ ਇਲਾਕਿਆਂ ਵਿੱਚ ਲੋਕ ਦੁਸ਼ਿਤ ਪਾਣੀ ਪੀਣ ਲਈ ਮਜਬੂਰ ਹਨ ਉਥੇ ਹੀ ਇਸੇ ਦੁਸ਼ਿਤ ਪਾਣੀ ਦੇ ਚਲਦਿਆਂ ਹੀ ਬੋਤਲ ਬੰਦ ਪਾਣੀ ਦਾ ਧੰਧਾ ਜੋਰਾਂ ਨਾਲ ਚਲ ਰਿਹਾ ਹੈ। ਦਿਨ ਪਰ ਦਿਨ ਉਦਯੋਗਿਕ ਘਰਾਣਿਆਂ ਦੀ ਪਕੜ ਪਾਣੀ ਦੇ ਵਿਤਰਣ ਤੇ ਮਜਬੂਤ ਹੁੰਦੀ ਜਾ ਰਹੀ ਹੈ। ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ ਬੋਤਲ ਬੰਦ ਪਾਣੀ ਦਾ ਵਪਾਰ 60 ਅਰਬ ਰੁਪਏ ਦਾ ਹੈ ਤੇ ਆਏ ਸਾਲ ਇਸ ਵਿੱਚ 25 ਤੋਂ 30 ਫ਼ਿਸਦੀ ਦੀ ਦਰ ਨਾਲ ਵਾਧਾ ਹੋ ਰਿਹਾ ਹੈ ਤੇ 2018 ਤੱਕ ਇਹ ਵਪਾਰ 160 ਅਰਬ ਰੁਪਏ ਤੱਕ ਪਹੁੰਚ ਜਾਵੇਗਾ। ਬਿਓਰੋ ਆਫ ਇੰਡੀਅਨ ਸਟੈਟਰਡਜ਼ ਮੁਤਾਬਕ ਦੇਸ਼ ਭਰ ਵਿੱਚ ਬੋਤਲ ਬੰਦ ਪਾਣੀ ਦੇ 100 ਤੋਂ ਵੱਧ ਬ੍ਰਾਂਡ ਤੇ ਤਕਰੀਬਨ 1200 ਪਲਾਂਟ ਹਨ ਜਿਹਨਾਂ ਵਿੱਚੋਂ 600 ਤਾਂ ਤਮਿਲਨਾਡੂ ਵਿੱਚ ਹੀ ਹਨ। ਹੈਰਾਨੀ ਵਾਲੀ ਗੱਲ੍ਹ ਤਾਂ ਇਹ ਹੈ ਕਿ ਜਿਆਦਾਤਰ ਮਾਮਲਿਆਂ ਵਿੱਚ ਇਹ ਉਦਯੋਗ ਮੁਫਤ ਦੀ ਕਮਾਈ ਹੀ ਕਰ ਰਹੇ ਹਨ ਕਿਉਂਕਿ ਇਹਨਾਂ ਵਿੱਚੋਂ ਜਿਆਦਾਤਰ ਪਲਾਂਟ ਜਮੀਨੀ ਪਾਣੀ ਵਰਤਣ ਲਈ ਸਰਕਾਰ ਨੂੰ ਨਾ ਬਰਾਬਰ ਫੀਸ ਜਾਂ ਟੈਕਸ ਹੀ ਅਦਾ ਕਰ ਰਹੇ ਹਨ।
ਭਾਰਤ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਕਮੀ ਹੋਣਾ ਜਾਂ ਫਿਰ ਦੁਸ਼ਿਤ ਪਾਣੀ ਹੋਣ ਨੇ ਇਹਨਾਂ ਵਪਾਰਕ ਘਰਾਣਿਆਂ ਲਈ ਇੱਕ ਵੱਡੇ ਕਮਾਈ ਦੇ ਮੌਕੇ ਨੂੰ ਉਪਲੱਬਧ ਕਰਵਾਇਆ ਹੈ। ਸ਼ੁਰੂ ਸ਼ੁਰੂ ਵਿੱਚ ਕਲਬਾਂ, ਹੋਟਲਾਂ, ਜਿਮ, ਸੁਪਰ ਮਾਰਕਿਟ, ਸੀਨੇਮਾ ਆਦਿ ਵਿੱਚ ਹੀ ਵਿਦੇਸ਼ੀ ਬੋਤਲ ਬੰਦ ਪਾਣੀ ਮੰਹਿਗੀ ਦਰ ਤੇ ਵਿਕਦਾ ਸੀ ਪਰ 90 ਦੇ ਦਸ਼ਕ ਵਿੱਚ ਕਈ ਕੰਪਨੀਆਂ ਬਜ਼ਾਰ ਵਿੱਚ ਉਤਰ ਆਈਆਂ ਤੇ ਉਹਨਾਂ ਮੱਧਮ ਵਰਗ ਤੇ ਨਿਮਨ ਵਰਗ ਨੂੰ ਧਿਆਨ ਵਿੱਚ ਰੱਖਦੇ ਹੋਏ ਘੱਟ ਰੇਟ ਵਿੱਚ ਬੋਤਲ ਬੰਦ ਪਾਣੀ ਉਪਲਬਧ ਕਰਵਾਉਣਾ ਸ਼ੁਰੂ ਕਰ ਦਿੱਤਾ। ਹੁਣ ਇਸ ਦਾ ਬਜ਼ਾਰ ਇੰਨ੍ਹਾਂ ਫੈਲ ਗਿਆ ਹੈ ਕਿ ਇਹ 200 ਮਿ. ਲੀ. ਦੀ ਕੱਪ ਪੈਕਿੰਗ ਤੋਂ ਲੈ ਕੇ 20 ਲਿਟਰ ਤੱਕ ਦੇ ਜੰਬੋ ਪੈਕ ਵਿੱਚ ਵੀ ਉਪਲਬਧ ਹੈ ਜਿਸਨੇ ਇਸ ਖੇਤਰ ਵਿੱਚ ਕ੍ਰਾਂਤੀ ਲਿਆ ਕੇ ਬੋਤਲ ਬੰਦ ਪਾਣੀ ਵੇਚਣ ਵਾਲਿਆਂ ਨੂੰ ਕਮਾਈ ਦੇ ਵੱਡੇ ਮੌਕੇ ਉਪਲਬਧ ਕਰਵਾਏ ਹਨ। ਬੋਤਲ ਬੰਦ ਪਾਣੀ ਅੱਜ ਦੇ ਸਮੇਂ ਦੀ ਵੱਡੀ ਜਰੂਰਤ ਬਣ ਗਿਆ ਹੈ। ਸਿਰਫ ਉਚ ਵਰਗ ਤੱਕ ਸੀਮਿਤ ਨਾ ਰਹਿੰਦੇ ਹੋਏ ਮੱਧਮ ਵਰਗ ਤੇ ਨਿਮਨ ਵਰਗ ਵੀ ਇਸਦੀ ਗ੍ਰਾਹਕ ਸੂਚੀ ਵਿੱਚ ਸ਼ਾਮਲ ਹਨ। ਪਿੰਡਾਂ ਦੇ ਦੂਰ ਦੁਰਾਡੇ ਦੇ ਇਲਾਕੇ ਜਿੱਥੇ ਦੇ ਲੋਕਾਂ ਵਿੱਚ ਬੋਤਲ ਬੰਦ ਪਾਣੀ ਪੀਣ ਦਾ ਅਜੇ ਰੁਝਾਨ ਨਹੀਂ ਹੈ ਉਥੇ ਵੀ ਸੈਲਾਨੀਆਂ ਲਈ ਇਹ ਪਾਣੀ ਛੋਟੀਆਂ ਛੋਟੀਆਂ ਦੁਕਾਨਾਂ ਤੇ ਵੀ ਉਪਲਬਧ ਹੈ।
ਮਨ ਨੂੰ ਖਿੱਚਣ ਵਾਲੇ ਸਲੋਗਨਾ ਹੇਠ ਵਿਕਦੇ ਬੋਤਲ ਬੰਦ ਪਾਣੀ ਦੀ ਸ਼ੁਧਤਾ ਵੀ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ ਦੀ 2003 ਵਿੱਚ ਆਈ ਇੱਕ ਰਿਪੋਰਟ ਮੁਤਾਬਕ ਵੀ ਦੇਸ਼ ਵਿੱਚ ਵਿੱਕ ਰਹੇ ਜਿਆਦਾਤਰ ਬ੍ਰਾਂਡ ਦੇ ਬੋਤਲ ਬੰਦ ਪਾਣੀ ਵਿੱਚ ਰਸਾਇਣ ਅਤੇ ਕੀਟਨਾਸ਼ਕ ਪਾਏ ਗਏ। ਕਈਆਂ ਵਿੱਚ ਤਾਂ ਅਜਿਹੇ ਰਸਾਇਣਾਂ ਦੀ ਮਾਤਰਾ ਵੀ ਪਾਈ ਗਈ ਜੋਕਿ ਬੈਨ ਹਨ। ਹੋਰ ਤਾਂ ਹੋਰ ਡੀ ਡੀ ਟੀ ਵਰਗੇ ਕੀਟਨਾਸ਼ਕਾਂ ਦੀ ਵੀ ਮਾਤਰਾ ਪਾਈ ਗਈ। ਇਹ ਸਿਹਤਮੰਦ ਪਾਣੀ ਦਿਲ, ਦਿਮਾਗ ਦੀਆਂ ਕਈ ਖਤਰਨਾਕ ਬਿਮਾਰੀਆਂ ਅਤੇ ਕੈਂਸਰ ਦਾ ਕਾਰਣ ਵੀ ਬਣ ਰਿਹਾ ਹੈ।
ਰਿਪੋਰਟ ਮੁਤਾਬਕ ਦੇਸ਼ ਦੀ ਰਾਜਧਾਨੀ ਵਿੱਚ ਵੱਖ ਵੱਖ ਬ੍ਰਾਂਡ ਦੇ ਬੋਤਲ ਬੰਦ ਪਾਣੀ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਨਿਰਧਾਰਤ ਤੋਂ 36 ਗੁਣਾ ਵੱਧ ਪਾਈ ਗਈ ਤੇ ਮੁੰਬਈ ਵਿੱਚ 7 ਗੁਣਾ ਵੱਧ। ਇਹ ਰਿਪੋਰਟ ਆਉਣ ਤੋਂ ਇੱਕ ਮਹੀਨੇ ਦੇ ਅੰਦਰ ਹੀ 8 ਬੋਤਲ ਬੰਦ ਪਾਣੀ ਦੀਆਂ ਯੂਨਿਟਾਂ ਦੇ ਲਾਈਸੈਂਸ ਵਾਪਸ ਲੈ ਲਏ ਗਏ। ਭਾਰਤ ਵਿੱਚ ਫਸਲਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਦੀ ਕੋਈ ਢੁਕਵੀਂ ਪਾਲਿਸੀ ਨਾ ਹੋਣ ਕਾਰਨ ਮਿੱਟੀ ਤੋਂ ਇਹ ਕੀਟਨਾਸ਼ਕ ਜਮੀਨੀ ਪਾਣੀ ਵਿੱਚ ਮਿਲ ਜਾਂਦੇ ਹਨ ਤੇ ਬੋਤਲ ਬੰਦ ਪਾਣੀ ਦੇ ਪਲਾਂਟ ਵੀ ਇਸ ਵੱਲ ਕੋਈ ਖਾਸ ਨਿਗਾਹ ਨਹੀਂ ਕਰਦੇ। 2005 ਵਿੱਚ ਦੀ ਟ੍ਰਿਬਊਨ ਵਲੋਂ ਪੰਜਾਬ ਐਗਰੀਕਲਚਰ ਯੂਨੀਵਰਸੀਟੀ ਦੇ ਸਹਿਯੋਗ ਨਾਲ ਕੀਤੇ ਗਏ ਟੈਸਟ ਵਿੱਚ ਕਈ ਬ੍ਰਾਂਡਾਂ ਦੇ ਬੋਤਲ ਬੰਦ ਪਾਣੀ ਵਿੱਚ ਉਹ ਬੈਕਟੀਰੀਆ ਪਾਏ ਗਏ ਜੋਕਿ ਇਨਸਾਨੀ ਜਾਂ ਜਾਨਵਰਾਂ ਦੇ ਮਲ ਵਿੱਚ ਪਾਏ ਜਾਂਦੇ ਹਨ ਭਾਵ ਇਹ ਪਾਣੀ ਕਿਸੇ ਵੀ ਤਰ੍ਹਾਂ ਇਨਸਾਨਾ ਦੇ ਪੀਣ ਯੋਗ ਨਹੀਂ ਸੀ। ਵੈਸੇ ਤਾਂ ਦਿਸ਼ਾਨਿਰਦੇਸ਼ਾਂ ਅਨੁਸਾਰ ਬਿਓਰੋ ਆਫ ਇੰਡੀਅਨ ਸਟੈਂਡਰਡਰਜ਼ ਦੇ ਸਰਟੀਫਿਕੇਸ਼ਨ ਮਾਰਕ ਤੋਂ ਬਿਨ੍ਹਾਂ ਬੋਤਲ ਬੰਦ ਪਾਣੀ ਦਾ ਨਾ ਹੀ ਉਤਪਾਦਨ ਕੀਤਾ ਜਾ ਸਕਦਾ ਹੈ ਤੇ ਨਾ ਹੀ ਵੇਚਿਆ ਜਾ ਸਕਦਾ ਹੈ ਪਰ ਬਹੁਤ ਘੱਟ ਹੀ ਕੰਪਨੀਆਂ ਹਨ ਜੋ ਇਹਨਾਂ ਦਿਸ਼ਾਨਿਰਦੇਸ਼ਾਂ ਦੀ ਪਾਲਣਾ ਕਰਦੀਆਂ ਹਨ।
ਪਾਣੀ ਦੀ ਕਮੀ ਅਤੇ ਦੁਸ਼ਿਤ ਪਾਣੀ ਨੇ ਪਾਣੀ ਮਾਫੀਆਂ ਨੂੰ ਪਨਪਣ ਲਈ ਜਮੀਨ ਉਪਲਬਧ ਕਰਵਾਈ ਹੈ। ਇਹਨਾਂ ਵਲੋਂ ਜਿਆਦਾ ਤੋਂ ਜਿਆਦਾ ਜਮੀਨੀ ਪਾਣੀ ਦਾ ਦੋਹਣ ਕਰਕੇ ਟੈਂਕਰ ਦੇ ਟੈਂਕਰ ਬੋਤਲ ਬੰਦ ਪਾਣੀ ਦੇ ਪਲਾਂਟਾ ਨੂੰ ਭਿਜਵਾਏ ਜਾਂਦੇ ਹਨ ਜਿਸ ਨਾਲ ਨਾ ਸਿਰਫ ਜਮੀਨੀ ਪਾਣੀ ਦਾ ਸਤਰ ਕਈ ਸ਼ਹਿਰਾਂ ਵਿੱਚ ਕਾਫੀ ਘੱਟ ਰਿਹਾ ਹੈ ਸਗੋਂ ਪਾਣੀ ਦੀ ਗੁਣਵੱਤਾ ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਇਹਨਾਂ ਕੰਪਨੀਆਂ ਵਲੋਂ ਗਹਿਰੇ ਬੋਰਵੈਲ ਲਾ ਕੇ ਲੱਖਾਂ ਗੈਲਨ ਪਾਣੀ ਰੋਜ ਕੱਢਿਆ ਜਾਂਦਾ ਹੈ ਜਿਸ ਕਾਰਨ ਆਮ ਇਨਸਾਨ ਲਈ ਪਾਣੀ ਘੱਟਦਾ ਜਾ ਰਿਹਾ ਹੈ।
ਆਏ ਦਿਨ ਇਹ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ ਜਦੋਂ ਕੰਪਨੀ ਦੇ ਫਿਲਟਰ ਪਾਣੀ ਦੀ ਜਗ੍ਹਾ ਟੂਟੀ ਦਾ ਪਾਣੀ ਭਰ ਕੇ ਹੀ ਬੋਤਲਾਂ ਵਿੱਚ ਵੇਚ ਦਿੱਤਾ ਜਾਂਦਾ ਹੈ। ਸਰਕਾਰ ਨੂੰ ਵੱਗਦੇ ਪਾਣੀ ਦੇ ਸਰੋਤਾਂ ਨੂੰ ਸਾਫ ਕਰਨ ਦੀ ਲੋੜ ਹੈ ਤਾਂ ਜੋ ਸਾਫ ਪੀਣ ਲਾਇਕ ਪਾਣੀ ਹਰ ਇਨਸਾਨ ਨੂੰ ਮਿਲ ਸਕੇ।