ਨਵੀਂ ਦਿੱਲੀ – ਸਵਿਟਜਰਲੈਂਡ ਦੇ ਐਚਐਸਬੀਸੀ ਬੈਂਕ ਵਿੱਚ ਅਕਾਊਂਟ ਰੱਖਣ ਵਾਲੇ ਦੁਨੀਆਂਭਰ ਦੇ 203 ਦੇਸ਼ਾਂ ਦੇ ਕਰੀਬ ਇੱਕ ਲੱਖ ਖਾਤਾਧਾਰਕਾਂ ਦੇ ਨਾਮ ਸਾਹਮਣੇ ਆਏ ਹਨ। ਇਨ੍ਹਾਂ ਵਿੱਚ 1200 ਦੇ ਕਰੀਬ ਭਾਰਤੀ ਵੀ ਹਨ। ਇਨ੍ਹਾਂ ਖਾਤਾਧਾਰਕਾਂ ਦੇ ਇਸ ਲਿਸਟ ਵਿੱਚ 2006-07 ਵਿੱਚ ਬੈਂਕ ਵਿੱਚ ਜਮ੍ਹਾਂ ਕੀਤੀ ਗਈ ਰਕਮ ਦਾ ਵੀ ਖੁਲਾਸਾ ਹੋਇਆ ਹੈ, ਜੋ ਕਿ 25,420 ਕਰੋੜ ਰੁਪੈ ਹਨ।
ਫਰਾਂਸ ਦੇ ਅਖਬਾਰ ‘ਲੇ ਮੋਂਦ’ ਨੂੰ ਫਰਾਂਸ ਸਰਕਾਰ ਦੇ ਸੂਤਰਾਂ ਤੋਂ ਇਹ ਸੂਚੀ ਮਿਲੀ ਹੈ।ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਲਿਸਟ ਵਿੱਚ ਐਚਐਸਬੀਸੀ ਬੈਂਕ ਦੇ 1195 ਭਾਰਤੀ ਗਾਹਕ ਵੀ ਹਨ। ਇਹ ਫਰਾਂਸ ਵੱਲੋਂ ਪਹਿਲਾਂ ਸੌਂਪੇ ਗਏ 628 ਨਾਵਾਂ ਦੀ ਤੁਲਣਾ ਵਿੱਚ ਦੁਗਣਾ ਹੈ। ਇਸ ਸੂਚੀ ਵਿੱਚ ਸ਼ਾਮਿਲ ਭਾਰਤੀਆਂ ਦੇ ਨਾਵਾਂ ਵਿੱਚ ਕਈ ਬਿਜ਼ਨਸਮੈਨ, ਹੀਰਿਆਂ ਦੇ ਵਪਾਰੀ, ਦੇਸ਼ ਦੇ ਕਈ ਨੇਤਾਵਾਂ ਅਤੇ ਕਈ ਐਨਆਰਆਈ ਦੇ ਨਾਂ ਵੀ ਸ਼ਾਮਿਲ ਹਨ। ਮੁਕੇਸ਼ ਅੰਬਾਨੀ ਨੇ ਵੀ 2001 ਵਿੱਚ ਐਚਐਸਬੀਸੀ ਵਿੱਚ ਦੋ ਖਾਤੇ ਖੁਲਵਾਏ ਸਨ। ਦਸਤਾਵੇਜਾਂ ਅਨੁਸਾਰ ਅਨਿਲ ਅੰਬਾਨੀ ਨੇ ਵੀ 2005 ਵਿੱਚ ਇਸ ਬੈਂਕ ਵਿੱਚ ਖਾਤਾ ਖੁਲਵਾਇਆ ਸੀ। ਇਸ ਸੂਚੀ ਵਿੱਚ 276 ਖਾਤਾਧਾਰਕ ਅਜਿਹੇ ਹਨ, ਜਿਨ੍ਹਾਂ ਦੇ ਖਾਤਿਆਂ ਵਿੱਚ ਘੱਟ ਤੋਂ ਘੱਟ 10 ਲੱਖ ਡਾਲਰ ਦੀ ਰਕਮ ਹੈ। ਇਨ੍ਹਾਂ ਵਿੱਚੋਂ 85 ਖਾਤਾਧਾਰਕ ਭਾਰਤ ਵਿੱਚ ਹੀ ਰਹਿੰਦੇ ਹਨ।