ਨਵੀਂ ਦਿੱਲੀ – ਦਿੱਲੀ ਵਿੱਚ ਆਮ ਆਦਮੀ ਪਾਰਟੀ ਸ਼ਾਨਦਾਰ ਇਤਿਹਾਸਿਕ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਉਣ ਜਾ ਰਹੀ ਹੈ। ਆਪ ਨੂੰ 70 ਵਿੱਚੋਂ 67 ਸੀਟਾਂ ਤੇ ਭਾਰੀ ਜਿੱਤ ਮਿਲੀ ਹੈ।ਆਪ ਨੇ ਦਿੱਲੀ ‘ਚ ਕਾਂਗਰਸ ਅਤੇ ਭਾਜਪਾ ਨੂੰ ਝਾੜੂ ਨਾਲ ਹੂੰਝ ਦਿੱਤਾ।ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦਾ ਤਾਂ ਬਿਲਕੁਲ ਸਫਾਇਆ ਹੀ ਹੋ ਗਿਆ ਹੈ ਅਤੇ ਬੀਜੇਪੀ ਨੂੰ ਵੀ ਸਿਰਫ਼ ਤਿੰਨ ਸੀਟਾਂ ਹੀ ਮਿਲੀਆਂ ਹਨ। ਬੀਜੇਪੀ ਦੀ ਮੁੱਖਮੰਤਰੀ ਉਮੀਦਵਾਰ ਕਿਰਨ ਬੇਦੀ ਭਾਜਪਾ ਦੇ ਗੜ ਕ੍ਰਿਸ਼ਨਾ ਨਗਰ ਤੋਂ ਐਸ ਕੇ ਬਗਾ ਤੋਂ 2277 ਵੋਟਾਂ ਦੇ ਅੰਤਰ ਨਾਲ ਹਾਰ ਗਈ ਹੈ। ਆਪ ਮੁੱਖੀ ਅਰਵਿੰਦ ਕੇਜਰੀਵਾਲ 14 ਫਰਵਰੀ ਨੂੰ ਮੁੱਖਮੰਤਰੀ ਪਦ ਦੀ ਸਹੁੰ ਚੁੱਕਣਗੇ।
ਕੇਜਰੀਵਾਲ ਨੇ ਨਵੀਂ ਦਿੱਲੀ ਤੋਂ ਬੀਜੇਪੀ ਦੀ ਨੂਪੁਰ ਸ਼ਰਮਾ ਨੂੰ 31583 ਵੋਟਾਂ ਦੇ ਅੰਤਰ ਨਾਲ ਹਰਾਇਆ। ਹਰੀ ਨਗਰ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਅਵਤਾਰ ਸਿੰਘ ਹਿੱਤ ਆਪ ਦੇ ਜਗਦੀਪ ਸਿੰਘ ਤੋਂ 26496 ਵੋਟਾਂ ਦੇ ਫਰਕ ਨਾਲ ਹਾਰ ਗਏ ਹਨ। ਅਕਾਲੀ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਰਜੌਰੀ ਗਾਰਡਨ ਤੋਂ ਆਪ ਦੇ ਜਰਨੈਲ ਸਿੰਘ ਤੋਂ 10036ਵੋਟਾਂ ਦੇ ਅੰਤਰ ਨਾਲ ਚੋਣ ਹਾਰ ਗਏ ਹਨ।
ਆਪ ਨੂੰ ਰਾਜਧਾਨੀ ਵਿੱਚ ਮਿਲੀ ਇਸ ਜਿੱਤ ਤੇ ਸੱਭ ਪਾਸਿਆਂ ਤੋਂ ਵਧਾਈਆਂ ਮਿਲ ਰਹੀਆਂ ਹਨ। ਯੂਪੀ ਦੇ ਮੁੱਖਮੰਤਰੀ ਅਖਿਲੇਸ਼ ਯਾਦਵ, ਕਿਰਨ ਬੇਦੀ, ਅੰਨਾ ਹਜ਼ਾਰੇ, ਨਤੀਸ਼ ਕੁਮਾਰ, ਪੀਐਮ ਮੋਦੀ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰ ਬਹੁਤ ਸਾਰੇ ਨੇਤਾਵਾਂ ਵੱਲੋਂ ਸ਼ੁਭ ਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਲਾਲੂ ਪ੍ਰਸਾਦ ਯਾਦਵ ਨੇ ਕੇਜਰੀਵਾਲ ਨੂੰ ਵਧਾਈ ਦਿੰਦੇ ਹੋਏ ਕਿਹਾ, ‘ ਇਹ ਲੋਕਤੰਤਰ ਦੀ ਜਿੱਤ ਹੋਈ ਹੈ। ਬੀਜੇਪੀ ਦਾ ਜਨਾਜਾ ਨਿਕਲ ਗਿਆ ਹੈ। ਜੁਮਲੇ ਨਾਲ ਆਏ ਸਨ ਅਤੇ ਜੁਮਲੇ ਨਾਲ ਹੀ ਚਲੇ ਗਏ ਹਨ। ਮੋਦੀ ਸਰਕਾਰ ਤੋਂ ਲੋਕ ਨਰਾਜ਼ ਹਨ।ਸੈਕੂਲਰ ਤਾਕਤਾਂ ਦੀ ਜਿੱਤ ਹੋਈ ਹੈ।’