ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਹੂੰਝਾ ਫੇਰ ਜਿੱਤ ‘ਤੇ ਖੁਸ਼ੀ ਦੀ ਪ੍ਰਗਟਾਵਾ ਕਰਦਿਆਂ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆ ਗਲਤ ਨੀਤੀਆਂ ਤੇ ਕੇਜਰੀਵਾਲ ਵੱਲੋਂ ਜਨਹਿੱਤ ਲੋਕਪਾਲ ਨੂੰ ਲੈ ਕੇ ਕੁਰਸੀ ਛੱਡ ਮੁੜ ਜਨਤਾ ਦੀ ਕਚਿਹਰੀ ਵਿੱਚ ਜਾ ਕੇ ਫੱਤਵਾ ਲੈਣਾ ਸਾਬਤ ਕਰਦਾ ਹੈ ਕਿ ਦਿੱਲੀ ਦੇ ਲੋਕ ਕੇਜਰੀਵਾਲ ਦੀਆਂ ਭਲਾਈ ਤੇ ਵਿਕਾਸ ਦੀਆਂ ਨੀਤੀਆਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ।
ਜਾਰੀ ਇੱਕ ਬਿਆਨ ਰਾਹੀ ਸ੍ਰ. ਸਰਨਾ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ 70 ਵਿੱਚੋ 67 ਸੀਟਾਂ ਤੇ ਜਿੱਤਾ ਕੇ ਜਿਹੜਾ ਬਹੁਮੱਤ ਦਿੱਤਾ ਹੈ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਦੀ ਸੱਤ ਮਹੀਨਿਆਂ ਦੀ ਕਾਰਗੁਜ਼ਾਰੀ ਤੋ ਲੋਕ ਪੂਰੀ ਤਰ੍ਹਾਂ ਅਸ਼ੰਤੁਸ਼ਟ ਹਨ ਅਤੇ ਲੋਕਾਂ ਦਾ ਮੋਦੀ ਤੋਂ ਬਹੁਤ ਜਲਦੀ ਮੋਹ ਭੰਗ ਹੋ ਗਿਆ ਹੈ। ਉਹਨਾਂ ਕਿਹਾ ਕਿ ਹਿੰਦੋਸਤਾਨ ਵੱਖ ਧਰਮਾਂ, ਜਾਤਾਂ ਤੇ ਵਰਗਾ ਦੇ ਲੋਕਾਂ ਦਾ ਅਜਿਹਾ ਗੁਲਦਸਤਾ ਹੈ ਜਿਥੇ ਹਰ ਵਰਗ ਦੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਹਨ ਪਰ ਭਾਜਪਾਈ ਸਾਧਵੀ ਨੇ ਜਿਸ ਤਰੀਕੇ ਨਾਲ ਸ਼ਰੇਆਮ ਇਹ ਕਹਿ ਕੇ ਦੇਸ਼ ਵਾਸੀਆਂ ਦੀ ਬੇਇੱਜਤੀ ਕੀਤੀ ਕਿ ਜਿਹੜੇ ਲੋਕ ਭਾਜਪਾ ਵਿੱਚ ਹਨ ਉਹ ਰਾਮਜ਼ਾਦੇ ਤੇ ਬਾਕੀ ਹਰਾਮਜਾਦੇ ਹਨ ਭਾਵ ਉਸ ਨੇ ਜਿਥੇ ਦੇਸ਼ ਵਾਸੀਆਂ ਨੂੰ ਗਾਲ ਕੱਢੀ ਉਥੇ ਹਿੰਦੋਸਤਾਨ ਦੇ ਸੱਭ ਤੋ ਵੱਧ ਪਵਿੱਤਰ ਦਸਤਾਵੇਜ ਭਾਰਤੀ ਸੰਵਿਧਾਨ ਦੀ ਵੀ ਤੌਹੀਨ ਕੀਤੀ ਜਿਸ ਦਾ ਰੋਸ ਦੇਸ਼ ਵਾਸੀਆਂ ਨੇ ਦਿੱਲੀ ਦੀਆ ਚੋਣਾਂ ਵਿੱਚ ਜ਼ਾਹਿਰ ਕੀਤਾ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਭਾਜਪਾ ਨੂੰ ਕਰਾਰੀ ਹਾਰ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਲੋਕ ਮੋਦੀ ਦੇ ਤਾਨਸ਼ਾਹ ਸ਼ਾਸ਼ਨ ਨੂੰ ਪਸੰਦ ਨਹੀ ਕਰਦੇ ਤੇ ਉਹ ਭਾਰਤੀ ਸੰਵਿਧਾਨ ਅਨੁਸਾਰ ਮਿਲੇ ਮੌਲਿਕ ਅਧਿਕਾਰਾਂ ਅਨੁਸਾਰ ਲੋਕਤੰਤਰੀ ਰਾਜ ਚਾਹੁੰਦੇ ਹਨ। ਉਹਨਾਂ ਕਿਹਾ ਕਿ ਭਲੇ ਹੀ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੂੰ 282 ਸੀਟਾਂ ਮਿਲੀਆ ਹਨ ਪਰ ਦਿੱਲੀ ਵਿੱਚ ਹੋਈ ਹਾਰ ਤੋਂ ਬਾਅਦ ਮੋਦੀ ਸਰਕਾਰ ਨੂੰ ਗੱਦੀ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਆੜੇ ਹੱਥੀ ਲੈਂਦਿਆ ਉਹਨਾਂ ਕਿਹਾ ਕਿ ਪੰਜਾਬੀ ਦੀ ਇੱਕ ਕਹਾਵਤ ਹੈ ਕਿ,” ਆਪ ਤਾਂ ਡੂੱਬੀ ਬਾਹਮਣੀ ਤੇ ਨਾਲ ਜ਼ਜ਼ਮਾਨ ਵੀ ਡੋਬੇ” ਅਨੁਸਾਰ ਅਕਾਲੀ ਦਲ ਦਾ ਹਸ਼ਰ ਪੰਜਾਬ ਵਿੱਚ ਤਾਂ ਪਹਿਲਾਂ ਹੀ ਮਾੜਾ ਸੀ ਤੇ ਦਿੱਲੀ ਵਿੱਚ ਵੀ ਬਾਦਲਕੇ ਭਾਜਪਾ ਨੂੰ ਵੀ ਲੈ ਬੈਠੇ। ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆ ਚੋਣਾਂ ਵਿੱਚ ਵੀ ਬਾਦਲਾਂ ਦਾ ਇਸ ਤੋਂ ਵੀ ਭੈੜਾ ਹਸ਼ਰ ਹੋਵੇਗਾ ਜਿਹੜਾ ਦਿੱਲੀ ਵਿੱਚ ਹੋਇਆ ਹੈ। ਉਹਨਾਂ ਕਿਹਾ ਕਿ ਦਿੱਲੀ ਦੀਆ ਚੋਣਾਂ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਸੰਗਤਾਂ ਅਕਾਲੀ ਦਲ ਬਾਦਲ ਵਿਰੁੱਧ ਪੂਰੀ ਤਰ੍ਵਾਂ ਗੁੱਸੇ ਨਾਲ ਭਰੀਆ ਪਈਆ ਹਨ ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਦੋ ਸਾਲ ਬਾਅਦ ਹੋਣ ਵਾਲੀਆ ਜਨਰਲ ਚੋਣਾਂ ਤੋ ਪਹਿਲਾਂ ਹੀ ਦਿੱਲੀ ਦੇ ਸਿੱਖਾਂ ਨੇ ਆਪਣਾ ਗੁੱਸਾ ਪ੍ਰਗਟ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਿਆਸੀ ਸਮੀਕਰਣ ਬੜੀ ਹੀ ਤੇਜ਼ੀ ਨਾਲ ਬਦਲ ਰਹੇ ਹਨ ਤੇ ਅਗਲੇ ਮਹੀਨੇ ਦਿੱਲੀ ਕਮੇਟੀ ਦੇ ਪ੍ਰਧਾਨ ਤੇ ਕਾਰਜਕਰਨੀ ਕਮੇਟੀ ਦੀ ਦੋ ਸਾਲ ਬਾਅਦ ਹੋਣ ਵਾਲੀ ਚੋਣ ਸਮੇ ਵੀ ਕਾਫੀ ਵੱਡਾ ਬਦਲਾ ਆਉਣ ਦੇ ਆਸਾਰ ਬਣ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਨੇ ਇਹਨਾਂ ਚੋਣਾਂ ਵਿੱਚ ਗੁਰੂ ਦੀ ਗੋਲਕ ਦੀ ਰੱਜ ਕੇ ਦੁਰਵਰਤੋ ਕੀਤੀ ਅਤੇ ਗੁਰੂਦੁਆਰਿਆ ਵਿੱਚੋ ਲੰਗਰ ਦੇ ਪੈਕਟ ਬਣਾ ਕੇ ਵੱਖ ਵੱਖ ਹਲਕਿਆ ਵਿੱਚ ਵੰਡੇ ਗਏ।ਉਹਨਾਂ ਕਿਹਾ ਕਿ ਕਈ ਦਿਨ ਦਿੱਲੀ ਕਮੇਟੀ ਦਾ ਸਟਾਫ ਵੀ ਚੋਣ ਜਲਸਿਆ ਵਿੱਚ ਭਾਗ ਲੈਦਾ ਰਿਹਾ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਤਾਂ ਪਹਿਲੀ ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਵੱਲੋਂ ਕੀਤੀ ਗਈ ਪੰਥਕ ਕਨਵੈਨਸ਼ਨ ਵਿੱਚ ਆਮ ਆਦਮੀ ਪਾਰਟੀ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਸੀ ਅਤੇ ਅੱਜ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਸਿੱਖ ਸੰਗਤਾਂ ਨੇ ਉਹਨਾਂ ਦੀ ਅਪੀਲ ਨੂੰ ਪ੍ਰਵਾਨ ਕੀਤਾ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਜਨਤਾ ਨੂੰ ਕੇਜਰੀਵਾਲ ਕੋਲੋਂ ਬਹੁਤ ਆਸਾਂ ਹਨ ਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਇਹਨਾਂ ਆਸਾਂ ‘ਤੇ ਖਰਾ ਉਤਰਨਗੇ।