ਚੰਡੀਗੜ੍ਹ – ਬਾਦਲ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਤੋਂ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਸੰਪਤੀ ਰੱਖਣ ਦੇ ਮਾਮਲੇ ਵਿੱਚ ਜਿਲ੍ਹਾ ਅਦਾਲਤ ਨੇ ਇੱਕ ਹੀ ਦਿਨ ਵਿੱਚ ਇੱਕ ਕਰੋੜ ਦਸ ਹਜ਼ਾਰ ਦਾ ਜੁਰਮਾਨਾ ਇੱਕ ਹੀ ਦਿਨ ਵਿੱਚ ਵਸੂਲ ਕੀਤਾ। ਇਸ ਮਾਮਲੇ ਵਿੱਚ ਅਦਾਲਤ ਨੇ ਸਾਬਕਾ ਮੰਤਰੀ ਲੰਗਾਹ ਅਤੇ ਅਕਾਲੀ ਦਲ ਦੇ ਜੱਥੇਬੰਧਕ ਸਕੱਤਰ ਅਮਰੀਕ ਸਿੰਘ ਮੋਹਾਲੀ ਨੂੰ ਦੋਸ਼ੀ ਠਹਿਰਾਉਂਦੇ ਹੋਏ 3 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕ ਸਿੰਘ ਤੇ ਇੱਕ ਲੱਖ ਦਸ ਹਜ਼ਾਰ ਦਾ ਜੁਰਮਾਨਾ ਲਗਾਇਆ ਹੈ।
ਜਿਲ੍ਹਾ ਅਦਾਲਤ ਨੇ ਸੁੱਚਾ ਸਿੰਘ ਲੰਗਾਹ ਦੇ 16 ਦੇ ਕਰੀਬ ਪਲਾਟ ਅਤੇ ਹੋਰ ਸੰਪਤੀਆਂ ਜ਼ਬਤ ਕਰਨ ਦੇ ਵੀ ਆਦੇਸ਼ ਦਿੱਤੇ ਹਨ। ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਹੋਰ 9 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਲੰਗਾਹ ਤੇ ਇਹ ਆਰੋਪ ਲਗਾਇਆ ਗਿਆ ਸੀ ਕਿ 1997 ਤੋਂ ਲੈ ਕੇ 2002 ਤੱਕ ਪੰਜਾਬ ਦੀ ਬਾਦਲ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਤੇ ਰਹਿੰਦੇ ਹੋਏ ਉਨ੍ਹਾਂ ਨੇ ਆਪਣੇ ਪੁਸ਼ਤੈਨੀ ਜਿਲ੍ਹੇ ਗੁਰਦਾਸਪੁਰ ਦੇ ਪੰਜ ਪਿੰਡਾਂ ਵਿੱਚ 35 ਏਕੜ ਜਮੀਨ ਖਰੀਦੀ ਸੀ ਅਤੇ ਹੋਰ ਵੱਖ-ਵੱਖ ਸ਼ਹਿਰਾਂ ਵਿੱਚ ਵੀ ਪਲਾਟ ਅਤੇ ਸੰਪਤੀ ਖਰੀਦੀ ਸੀ। ਇਹ ਜਮੀਨ ਉਨ੍ਹਾਂ ਨੇ ਆਪਣੇ ਪਰੀਵਾਰਿਕ ਮੈਂਬਰਾਂ ਅਤੇ ਜਾਣਕਾਰਾਂ ਦੇ ਨਾਵਾਂ ਤੇ ਖਰੀਦੀ ਸੀ। ਉਨ੍ਹਾਂ ਨੇ ਇਸ ਜਮੀਨ ਦੀ ਕੀਮਤ ਇੱਕ ਕਰੋੜ ਰੁਪੈ ਦੱਸੀ ਸੀ ਜਦੋਂ ਕਿ ਇਸ ਦੀ ਮਾਰਕਿਟ ਵੈਲਯੂ ਪੰਜ ਗੁਣਾ ਅਧਿਕ ਸੀ। ਅਦਾਲਤ ਵਿੱਚ ਉਹ ਇਸ ਸੰਪਤੀ ਨਾਲ ਸਬੰਧਤ ਕੋਈ ਵੀ ਠੋਸ ਪਰਮਾਣ ਨਹੀਂ ਦੇ ਸਕੇ।
ਅਦਾਲਤ ਨੇ ਸੁੱਚਾ ਸਿੰਘ ਲੰਗਾਹ ਨੂੰ ਸਵੇਰੇ ਗਿਆਰਾਂ ਵਜੇ ਦੇ ਕਰੀਬ ਸਜ਼ਾ ਸੁਣਾਈ। ਉਨ੍ਹਾਂ ਨੇ ਦੁਪਹਿਰ ਤੋਂ ਬਾਅਦ ਸਾਢੇ ਤਿੰਨ ਵਜੇ ਜੁਰਮਾਨਾ ਅਤੇ ਬਾਂਡ ਭਰਕੇ ਅਦਲਤ ਤੋਂ ਜਮਾਨਤ ਵੀ ਲੈ ਲਈ।