ਇਸ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਦੇ ਮੌਕੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਆਏ।ਇਸ 3-ਰੋਜ਼ਾ ਫੇਰੀ ਦੌਰਾਨ ਭਾਰਤ ਨਾਲ ਆਰਥਿਕ,ਵਪਾਰਕ ਤੇ ਰੱਖਿਆ ਖੇਤਰ ਵਿਚ ਕੁਝ ਸਮਝੌਤੇ ਹੋਏ ਤੇ ਪਰਮਾਣੂ ਸਮਝੌਤੇ ਸਬੰਧੀ ਵੀ ਗਲਬਾਤ ਹੋਈ। ਕਈ ਰਾਜਸੀ ਪੰਡਤਾਂ ਅਨੁਸਾਰ ਭਾਰਤ ਲਈ ਸ੍ਰੀ ਓਬਾਮਾ ਦਾ ਇਹ ਦੌਰਾ ਸਫਲ਼ ਰਿਹਾ, ਕਈ ਆਖ ਰਹੇ ਹਨ ਕੋਈ ਖਾਸ ਪ੍ਰਾਪਤੀ ਨਹੀਂ ਹੋਈ। ਰਾਸ਼ਟਰਪਤੀ ਓਬਾਮਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਪਸੀ ਸਬੰਧ ਹੋਰ ਗੂੜ੍ਹੇ ਹੋਏ,ਇਸ ਦਾ ਪ੍ਰਮਾਣ ਹੈ ਕਿ ਸ੍ਰੀ ਓਬਾਮਾ ਤਾਂ ਸ੍ਰੀ ਮੋਦੀ ਨੂੰ “ਮਿਸਟਰ ਪ੍ਰਾਈਮ ਮਨਿਸਟਰ” ਕਹਿ ਕੇ ਸੰਬੋਧਨ ਕਰਦੇ ਸਨ, ਸ੍ਰੀ ਮੋਦੀ ਉਨ੍ਹਾਂ ਨੂੰ ਨਾਂਅ ਲੈਕੇ ਕੇਵਲ “ਬਰਾਕ” ਕਹਿ ਕੇ ਗੱਲ ਕਰਦੇ ਸਨ,ਜਿਵੇਂ ਬੱਚਪਨ ਦੇ ਦੋਸਤ ਹੋਣ ਤੇ ਇਕੱਠੇ ਪੜ੍ਹਦੇ ਰਹੇ ਹੋਣ।“ਮੇਕ ਇਨ ਇੰਡੀਆਂ” ਦਾ ਜ਼ੋਰਦਾਰ ਪ੍ਰਚਾਰ ਕਰਨ ਵਾਲੇ ਸ੍ਰੀ ਮੋਦੀ ਨੇ ਵਿਦੇਸ਼ੀ ਕਪੜੇ ਦਾ ਵਿਦੇਸ਼ ਵਿਚ ਸੀਤਾ ਹੋਇਆ 10 ਲੱਖ ਰੁਪਏ ਦਾ ਸੂਟ ਪਾਇਆ ਹੋਇਆ ਸੀ ਤੇ ਦਿਨ ਵਿਚ ਤਿੰਨ ਤਿੰਨ ਵਾਰੀ ਸੂਟ ਬਦਲਦੇ ਰਹੇ।
ਆਪਣੇ ਵਿਦਾਇਗੀ ਭਾਸ਼ਣ ਵਿਚ ਸ੍ਰੀ ਓਬਾਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਰੇ ਭਾਰਤ ਨੂ ਜਾਂਦੇ ਜਾਂਦੇ ਇਹ ਨਸੀਹਤ ਦਿੱਤੀ ਕਿ ਧਾਰਮਿਕ ਕੱਟਰਤਾ ਵਿਕਾਸ ਲਈ ਅੜਿਕਾ ਹੁੰਦੀ ਹੈ।ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਲੋਕਾਂ ਨੂੰ ਪੂਰੀ ਧਾਰਮਿਕ ਆਜ਼ਾਦੀ ਹੈ।ਭਾਰਤੀ ਸੰਵਿਧਾਨ ਵੀ ਹਰ ਧਰਮ ਦੇ ਲੋਕਾਂ ਨੂੰ ਆਪਣੇ ਧਾਰਮਿਕ ਅਕੀਦੇ ਅਨੁਸਾਰ ਪਾਠ ਪੂਜਾ ਤੇ ਪ੍ਰਚਾਰ ਕਰਨ ਦੀ ਖੁਲ੍ਹ ਦਿੰਦਾ ਹੈ।ਉਨ੍ਹਾਂ ਕਿਹਾ ਕਿ ਵੱਖ ਵੱਖ ਧਰਮਾਂ ਦੇ ਲੋਕ ਫੁੱਲ਼ਾ ਦੇ ਇਕ ਗੁਲਦਸਤੇ ਵਾਂਗ ਹੁੰਦੇ ਹਨ।ਉਨ੍ਹਾਂ ਮਿਲਖਾ ਸਿੰਘ, ਸ਼ਾਹਰੁਖ ਖਾਨ ਤੇ ਮੈਰੀ ਕਾਮ ਭਾਵ ਇਕ ਸਿੱਖ, ਇਕ ਮੁਸਲਮਾਨ ਤੇ ਇਕ ਇਸਾਈ ਦਾ ਨਾਂਅ ਲਿਆ,ਜਿਨ੍ਹਾ ਨੇ ਭਾਰਤ ਦੇ ਨਾਂਅ ਨੂੰ ਚਾਰ ਚੰਨ ਲਗਾਏ ਹਨ।ਉਨ੍ਹਾ ਵਿਕਾਸ ਲਈ ਔਰਤਾਂ ਨੂੰ ਵੀ ਆਜ਼ਾਦੀ ਤੇ ਪੂਰੇ ਅਧਿਕਾਰ ਦੇਣ ਦੀ ਗੱਲ ਆਖੀ।
ਇਨ੍ਹਾ ਦਿਨਾਂ ਵਿਚ ਸ੍ਰੀ ਮੋਦੀ ਨੇ ਸੰਘ ਪਰਿਵਾਰ ਦੇ ਸਾਰੇ ਵਿੰਗਾਂ ਨੂੰ ਚੁੱਪ ਰਹਿਣ ਦੀ ਸਲਾਹ ਦਿਤੀ ਸੀ।ਨਿਸ਼ਚੇ ਹੀ ਸ੍ਰੀ ਓਬਾਮਾ ਨੂੰ ਭਾਰਤ ਵਿਚ ਆਪਣੇ ਸਫ਼ਾਰਤਖਾਨੇ ਦੇ ਅਧਿਕਾਰੀਆਂ ਤੋਂ ਸੰਘ ਪਰਿਵਾਰ ਵਲੋਂ ਹਿੰਦੂਤੱਤਵ ਦਾ ਏਜੰਡਾ ਲਾਗੂ ਕਰਨ, ਆਰ.ਐਸ.ਐਸ. ਮੁੱਖੀ ਵਲੋਂ ਸਾਰੇ ਹਿੰਦੋਸਤਾਨੀਆਂ ਨੂੰ “ਹਿੰਦੂ” ਕਹਿਣਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਅਸ਼ੋਕ ਸਿੰਘਲ ਦਾ ਬਿਆਨ ਕਿ ਦਿੱਲੀ 800 ਸਾਲ ਬਾਅਦ ਹਿੰਦੂਆਂ ਦੇ ਹੱਥ ਆਈ ਹੈ, ਤੇ “ਘਰ ਵਾਪਸੀ” ਦੇ ਨਾਂਅ ਉਤੇ ਘੱਟ ਗਿਣਤੀ ਮੁਸਲਮਾਨਾਂ ਤੇ ਇਸਾਈਆਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਕੇ ਹਿੰਦੂ ਬਣਾਉਣ ਦੀਆਂ ਕਾਰਵਾਈਆਂ, ‘ਲਵ ਜਹਾਦ” ਦਾ ਰੌਲਾ ਪਾ ਕੇ ਨੌਜਵਾਨ ਮੁੰਡੇ ਕੁੜੀਆਂ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਉਤੇ ਪਾਬੰਦੀਆਂ ਲਗਾਉਣਾ, ਹਿੰਦੂ ਔਰਤਾਂ ਨੂੰ ਚਾਰ ਚਾਰ ਬੱਚੇ ਪੈਦਾ ਕਰਨ ਵਰਗੀਆਂ ਕਾਰਵਾਈਆਂ ਦਾ ਪਤਾ ਲਗਾ ਹੋਏਗਾ, ਜਿਨ੍ਹਾਂ ਬਾਰੇ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਵਿਚ ਰੌਲਾ ਰੱਪਾ ਪੈਂਦਾ ਰਿਹਾ ਹੈ ਤੇ ਵਿਰੋਧੀ ਪਾਰਟੀਆਂ ਨੇ ਕਈ ਦਿਨ ਕਾਰਵਾਈ ਚਲਣ ਨਹੀਂ ਦਿਤੀ, ਉਹ ਪ੍ਰਧਾਨ ਮੰਤਰੀ ਤੋਂ ਇਨ੍ਹਾਂ ਕਾਰਵਾਈਆਂ ਬਾਰੇ ਸਪੱਸ਼ਟੀਕਰਨ ਚਾਹੁੰਦੀਆਂ ਸਨ।
ਸ੍ਰੀ ਓਬਾਮਾ ਮਹਾਤਮਾ ਗਾਂਧੀ ਦੇ ਬੜੇ ਹੀ ਪ੍ਰਸੰਸਕ ਹਨ,ਉਨ੍ਹਾਂ ਆਪਣੀ ਇਸ ਫੇਰੀ ਦੌਰਾਨ ਰਾਜ ਘਾਟ ਜਾ ਕੇ ਜਿਥੇ ਆਪਣੀ ਸ਼ਰਧਾ ਦੇ ਫੁਲ ਭੇਂਟ ਕੀਤੇ, ਆਪਣੀਆਂ ਤਕਰੀਰਾਂ ਵਿਚ ਵੀ ਕਈ ਵਾਰ ਜ਼ਿਕਰ ਕੀਤਾ।ਭਾਜਪਾ ਦੇ ਇਕ ਐਮ.ਪੀ. ਸਾਕਸ਼ੀ ਮਹਾਰਾਜ ਤਾਂ ਮਹਾਤਮਾ ਗਾਂਧੀ ਦੇ ਕਾਤਲ ਨਾਥੂ ਰਾਮ ਗੌਡਸੇ ਨੂ “ਦੇਸ਼ ਭਗਤ” ਗਰਦਾਨ ਰਹੇ ਹਨ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਉਸ ਦੀ ਯਾਦ ਵਿਚ ਮੰਦਰ ਬਣਾਉਣ ਦੀ ਗੱਲ ਕਰ ਹਹੇ ਹਨ।
ਅਮਰੀਕਾ ਦੀ ਇਕ ਐਨ.ਜੀ.ਓ. ਸਾਰੇ ਦੇਸ਼ਾਂ ਵਿਚ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਆਜ਼ਾਦੀ ਬਾਰੇ ਅਧਿਐਨ ਕਰਕੇ ਸਮੇਂ ਸਮੇਂ ਆਪਣੀ ਰਿਪੋਟ ਪੇਸ਼ ਕਰਦੀ ਹੈ, ਮੀਡੀਆ ਦੀਆਂ ਖ਼ਬਰਾਂ ਅਨੁਸਾਰ ਉਸ ਨੇ ਵੀ ਭਾਰਤ ਵਿਚ ਘੱਟ ਗਿਣਤੀਆਂ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਅਜਿਹੀ ਰਿਪੋਰਟ ਦਿੱਤੀ ਹੈ।
ਅਮਰੀਕਾ ਵਿਚ ਵੱਸਦੇ ਸਿੱਖਾਂ ਦੇ ਰਾਸ਼ਟਰਪਤੀ ਓਬਾਮਾ ਦੇ ਉਪਰੋਕਤ ਬਿਆਨ ਦੀ ਭਰਪੂਰ ਸ਼ਲਾਘਾ ਕੀਤੀ ਹੈ।ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਨੇ ਆਪਣੇ ਹਫ਼ਤਾਵਾਰੀ ਕਾਲਮ ਵਿਚ ਲਿਖਿਆ ਹੈ ਕਿ ਸ੍ਰੀ ਓਬਾਮਾ ਵਲੋਂ “ਭਾਜਪਾ ਨੂੰ ਇਕ ਅਜੇਹੀ ਫਿੱਟਕਾਰ ਮਿਲੀ ਹੈ ਕਿ ਲੋਕਤੰਤਰੀ ਦੁਨੀਆਂ ਵਿਚ ਮੂੂੰਹ ਦਿਖਾਉਣਾ ਮੁਸ਼ਕਲ ਹੈ।” ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਹੁਣ ਰਾਸ਼ਟਰਪਤੀ ਓਬਾਮਾ ਨੂੰ ਬੁਲਾ ਕੇ ਪਛਤਾ ਰਹੇ ਹੋਣਗੇ।
ਅਮਰੀਕਾ ਵਾਪਸੀ ਤੋਂ ਹਫ਼ਤਾ ਕੁ ਬਾਅਦ ਰਾਸ਼ਟਰਪਤੀ ਓਬਾਮਾ ਨੇ 5 ਫਰਵਰੀ ਨੂ ਫਿਰ ਇਕ ਵਾਰੀ ਬਿਆਨ ਦਿੱਤਾ ਕਿ ਭਾਰਤ ਵਿਚ ਧਾਰਮਿਕ ਅਸਹਿਣਸ਼ੀਲਤਾ ਵੱਧ ਰਹੀ ਹੈ, ਜੇ ਅੱਜ ਮਹਾਤਮਾ ਗਾਂਧੀ ਜ਼ਿੰਦਾ ਹੁੰਦੇ ਤਾਂ ਉਨ੍ਹਾਂ ਨੂੰ ਬੜਾ ਧੱਕਾ ਲਗਦਾ।ਉਨ੍ਹਾਂ ਫਿਰ ਧਾਰਮਿਕ ਆਜ਼ਾਦੀ ਦੀ ਵਕਾਲਤ ਕੀਤੀ।ਖਜ਼ਾਨਾ ਮੰਤਰੀ ਅਰੁਨ ਜੇਤਲੀ ਨੇ ਇਸ ਬਿਆਨ ਦਾ ਖੰਡਨ ਕਰਦਿਆਂ ਕਿਹਾ ਭਾਰਤ ਧਾਰਮਿਕ ਸਹਿਣਸ਼ੀਲਤਾ ਲਈ ਜਣਿਆ ਜਾਂਦਾ ਹੈ।ਅਮਰੀਕਾ ਦੇ ਪ੍ਰਸਿੱਧ ਅਖ਼ਬਾਰ ‘ਨਿਊਯਾਰਕ ਟਾਈਮਜ਼’ ਨੇ ਅਗਲੇ ਹੀ ਦਿਨ 6 ਫਰਵਰੀ ਨੂੰ ਆਪਣੇ “ਮੋਦੀ ਦੀ ਖਤਰਨਾਕ ਚੁੱਪ” ਸਿਰਲੇਖ ਹੇਠ ਸੰਪਾਦਕੀ ਲਿਖ ਕੇ ਕਿਹਾ ਕਿ ਕਲ ਸ੍ਰੀ ਓਬਾਮਾ ਨੇ ਭਾਰਤ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਮੁੱਦਾ ਉਠਾਇਆ ਸੀ। ਭਾਰਤ ਵਰਗੇ ਲੋਕਤੰਤਰੀ ਤੇ ਭਿੰਨਤਾਵਾਂ ਭਰੇ ਦੇਸ਼ ਵਿਚ ਵੱਧ ਰਹੀ ਧਾਰਮਿਕ ਅਸਹਿਣਸ਼ੀਲਤਾ ਖਤਰਨਾਕ ਗੱਲ ਹੈ। ਇਸ ਤੋਂ ਵੀ ਵੱਧ ਖਤਰਨਾਕ ਹੈ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੇਦਭਰੀ ਚੁੱਪ।ਸੰਪਾਦਕੀ ਵਿਚ ਸ੍ਰੀ ਮੋਦੀ ਨੂੰ ਸਲ਼ਾਹ ਦਿਤੀ ਗਈ ਹੈ ਕਿ ਉਹ ਇਸ ਮਾਮਲੇ ਵਿੱਚ ਅਪਣੀ ਭੇਦਭਰੀ ਚੁੱਪ ਤੋੜਨ।ਇਹ ਵੀ ਕਿਹਾ ਗਿਆ ਕਿ ਗਿਰਜਾ ਘਰਾਂ ਉਤੇ ਹੋਏ ਹਮਲਿਆਂ ਬਾਰੇ ਭਾਰਤ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।
ਸ੍ਰੀ ਓਬਾਮਾ ਦੀ ਇਸ ਫੇਰੀ ਨੇ ਸਾਡੀ ਵਿਦੇਸ਼ ਸਕੱਤਰ ਸੁਜਾਤਾ ਸਿੰਘ ਦੀ ਬਲੀ ਲੈ ਲਈ। ਪਿਛਲੇ ਸਾਲ ਅਮਰੀਕਾ ਵਿਚ ਭਾਰਤੀ ਵਿਦੇਸ਼ ਮੰਤਰਾਲੇ ਦੀ ਇਕ ਅਧਿਕਾਰੀ ਦੇਵਿਆਨੀ ਖੋਬਰਾਗੜੇ ਨੂੰ ਉਸਦੀ ਨੌਕਰਾਣੀ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕਰਕੇ ਹੱਥਕੜੀ ਲਗਾਈ ਗਈ,ਕਪੜੇ ਉਤਰਵਾਕੇ ਤਲਾਸ਼ੀ ਲਈ ਗਈ ਤੇ ਜ਼ਲੀਲ ਕੀਤਾ ਗਿਆ।ਇਹ ਸਭ ਡਿਪਲੋਮੈਟਿਕ ਨਿਯਮਾਂ ਦੀ ਉਲੰਘਣਾ ਸੀ।ਉਸ ਸਮੇਂ ਸੁਜਾਤਾ ਸਿੰਘ ਨੇ ਇਸ ਵਿਰੁੱਧ ਡਟ ਕੇ ਸਟੈਂਡ ਲਿਆ ਸੀ ਤੇ ਅਮਰੀਕਾ ਨੂੰ ਸ਼ਰਮਸ਼ਾਰ ਹੋਣਾ ਪਿਆ ਸੀ। ਮੀਡੀਆ ਦੀਆਂ ਰੀਪੋਰਟਾਂ ਅਨੁਸਾਰ ਹੁਣ ਰਾਸ਼ਟਰਪਤੀ ਓਬਾਮਾ ਵਲੋਂ ਸ੍ਰੀ ਮੋਦੀ ਨੂੰ ਆਖਣ ਉਤੇ ਉਨ੍ਹਾਂ ਦੀ ਵਾਪਸੀ ਤੋਂ ਅਗਲੇ ਹੀ ਦਿਨ ਸੁਜਾਤਾ ਸਿੰਘ ਨੂੰ ਹਟਾ ਕੇ ਅਮਰੀਕਾ ਵਿਚ ਭਾਰਤੀ ਰਾਜਦੂਤ ਐਸ. ਜੈਸ਼ੰਕਰ ਨੂੰ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ।ਸਜਾਤਾ ਸਿੰਘ ਨੇ 7 ਮਹੀਨੇ ਤਕ ਰੀਟਾਇਰ ਹੋ ਜਾਣਾ ਸੀ।
ਇਨ੍ਹਾਂ ਸਾਰੀਆਂ ਗਲਾਂ ਕਰਕੇ ਹੀ ਦਿੱਲੀ ਵਿਚ ਭਾਜਪਾ ਦੀ ਕਰਾਰੀ ਹਾਰ ਹੋਈ ਹੈ।ਭਾਜਪਾ ਦੇ ਸਾਰੇ ਲੀਡਰਾਂ ਵਿਚ ਹੰਕਾਰ (ਐਰੋਗੇਂਸੀ) ਹੋ ਗਿਆ ਸੀ।ਆਸ ਹੈ ਕਿ ਇਹ ਮਾਮਲੇ ਵਿਰੋਧੀ ਪਾਰਟੀਆਂ ਵਲੋਂ 23 ਫਰਵਰੀ ਨੂੰ ਸ਼ੁਰੂ ਹੋਣ ਵਾਲੇਪਾਰਲੀਮੈਂਟ ਦੇ ਬੱਜਟ ਸ਼ੈਸ਼ਨ ਵਿਚ ਵੀ ਉਠਾਏ ਜਾਣ ਗੇ।