ਹਾਲ ਹੀ ਵਿਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾ ਦੌਰਾਨ ‘ਆਮ ਆਦਮੀ’ (ਆਪ) ਪਾਰਟੀ ਨੇ 70 ਵਿਚੋਂ 67 ਸੀਟਾਂ ਜਿੱਤ ਕੇ ਕਾਂਗਰਸ ਦਾ ਤਾਂ ਸਫਾਇਆ ਕਰ ਦਿੱਤਾ ਤੇ ਪਿੱਛਲੇ 9 ਮਹੀਨੇ ਤੋਂ ਕੇਂਦਰ ਵਿਚ ਸੱਤਾਧਾਰੀ ਭਾਜਪਾ ਨੂੰ ਹਾਸ਼ੀਏ ਉਤੇ ਕਰ ਦਿੱਤਾ ਹੈ।ਇਸ ਹੂੰਝਾ ਫੇਰ ਜਿਤ ਦੀ ਦੇਸ਼ ਵਿਦੇਸ਼ ਵਿਚ ਚਰਚਾ ਹੋ ਰਹੀ ਹੈ।ਜਿਥੇ ਸਾਰਾ ਦੇਸ਼ ‘ਆਪ’ ਨੂੰ ਬੜੀ ਦਿਲਚਸਪੀ ਨਾਲ ਦੇਖ ਰਿਹਾ ਹੈ ਤੇ ਦੂਜੇ ਰਾਜਾਂ ਦੀਆਂ ਹੁਕਮਰਾਨ ਜਾਂ ਮੁਖ ਪਾਰਟੀਆਂ ਦੇ ਲੀਡਰਾਂ ਨੇ ਇਸ ਦੇ ਸਵਾਗਤ ਵਿਚ ਬਿਆਨ ਦਿੱਤੇ ਹਨ, ਕਈ ਸੂਬਿਆਂ ਵਿਚ ਆਮ ਲੋਕਾਂ ਨੇ ਜਸ਼ਨ ਮਨਾਏ ਹਨ, ਦੂਜੇ ਦੇਸ਼ ਵੀ ਇਸ ਨੂੂੰ ਵਾਚ ਰਹੇ ਹਨ। ਦਿੱਲੀ ਵਿਚ ਸਾਰੇ ਦੇਸ਼ਾਂ ਦੇ ਸਫ਼ਾਰਤਖਾਨੇ ਹਨ, ਉਨ੍ਹਾਂ ਆਪਣੇ ਆਪਣੇ ਦੇਸ਼ ਦੀ ਹਕੂਮਤ ਨੂੰ ਇਸ ਬਾਰੇ ਜ਼ਰੂਰ ਦਸਿਆ ਹੋਏਗਾ। ਮੀਡੀਆ ਦੀਆਂ ਖ਼ਬਰਾਂ ਅਨੁਸਾਰ ਅਮਰੀਕਾ ਦੇ ਪ੍ਰਸਿਧ ਅਖ਼ਬਾਰ ‘ਨਿਊਯਾਰਕ ਟਾਈਮਜ਼’ ਨੇ ਇਸ ਇਤਿਹਾਸਿਕ ਜਿੱਤ ਨੂੰ “ਛੋਟਾ ਭੁਚਾਲ’ ਕਰਾਰ ਦਿਤਾ ਹੈ।ਕਾਂਗਰਸ ਤੇ ਭਾਜਪਾ ਵਲੋਂ ਆਪਣੀ ਸ਼ਰਮਨਾਕ ਹਾਰ ਦੇ ਕਾਰਨਾਂ ਬਾਰੇ ਮੰਥਨ ਕੀਤਾ ਜਾ ਰਿਹਾ ਹੈ।
ਨਿਰਸੰਦੇਹ ਇਸ ਅਹਿਮ ਜਿੱਤ ਦਾ ਭਾਰਤੀ ਸਿਆਸਤ ਉਤੇ ਅਵੱਸ਼ ਪਏਗਾ।ਭਾਵੇਂ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਮ ਲੀਲਾ ਗਰਾਊਂਡ ਵਿੱਖੇ ਆਪਣੇ 6 ਮੰਤਰੀਆਂ ਸਮੇਤ ਮੁੱਖ ਮੰਤਰੀ ਵਜੋਂ ਹਲਫ਼ ਲੈ ਕੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੰਜ ਸਾਲ ਦਿੱਲੀ ਦੀ ਸੇਵਾ ਕਰਨਗੇ ਤੇ ਇਸ ਦੇ ਵਿਕਾਸ ਵਲ ਧਿਆਨ ਦੇਣਗੇ, ਪਰ ਕਈ ਸਿਅਸੀ ਮਾਹਿਰਾਂ ਦਾ ਖਿਆਲ ਹੈ ਕਿ ਦਿੱਲੀ ਦਾ ਕੰਮ ਕਾਜ ਮਨੀਸ਼ ਸਸੋਧਿਆ ਨੂੰ ਉਪ ਮੁਖ ਮੰਤਰੀ ਬਣਾ ਕੇ ਖੁਦ ਦੂਜੇ ਰਾਜਾਂ ਵਿਚ ਆਪਣੀ ਪਾਰਟੀ ਦਾ ਆਧਾਰ ਬਣਾਉਣ ਦਾ ਯਤਨ ਕਰਨਗੇ, ਜਿਥੇ ਉਨ੍ਹਾਂ ਦੇ ਵਰਕਰ ਪਾਰਟੀ ਨੂ ਮਜ਼ਬੂਤ ਕਰਨ ਲਈ ਉਡੀਕ ਰਹੇ ਹਨ।ਪੰਜਾਬ, ਜਿਥੇ ਫਰਵਰੀ 2017 ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਵਿਚ ਇਸ ਦਾ ਪ੍ਰਭਾਵ ਪੈਣਾ ਲਾਜ਼ਮੀ ਹੈ।ਪਾਰਟੀ ਵਰਕਰਾਂ ਨੇ ਨਾਅਰਾ ਬੀ ਲਗਾਇਆ ਹੈ, “ਦਿੱਲੀ ਹੂਈ ਹਮਾਰੀ, ਅਬ ਪੰਜਾਬ ਕੀ ਵਾਰੀ।” ਆਮ ਆਦਮੀ ਦੇ ਇਕ ਪ੍ਰਮੁੱਖ ਨੇਤਾ ਕੁਮਾਰ ਵਿਸ਼ਵਾਸ਼ ਨੇ ਕਿਹਾ ਹੈ ਕਿ ਅਗਲੇ ਦਿਨਾਂ ਵਿਚ ਦੂਜੇ ਰਾਹਾਂ ਵਿਚ ਆਪਣੀਆਂ ਸਰਗਰਮੀਆਂ ਵਧਾਉਣ ਬਾਰੇ ਪਾਰਟੀ ਵਿਚਾਰ ਕਰੇਗੀ।ਉਨ੍ਹਾਂ ਕਿਹਾ ਪੰਜਾਬ ਵਿਚ ਪਹਿਲਾਂ ਹੀ ਸਾਡਾ ਆਧਾਰ ਹੈ, ਉਥੋਂ ਸਾਡੇ ਚਾਰ ਐਮ.ਪੀ. ਜਿੱਤ ਕੇ ਆਏ ਸਨ,ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਵਾ ਕੇ “ਹੀਰ ਰਾਂਝੇ’ ਦਾ ਦੇਸ਼ ਬਣਾਵਾਂਗੇ। ਆਪ ਦੇ ਇਕ ਨਵੇਂ ਚੁਣੇ ਗਏ ਵਿਧਾਇਕ ਜਰਨੈਲ ਸਿੰਘ ਨੇ ਬਿਆਨ ਵੀ ਦਿਤਾ ਹੈ ਕਿ ਸਾਡਾ ਅਗਲਾ ਨਿਸ਼ਾਨਾ ਪੰਜਾਬ ਹੈ,ਜਿਥੇ ਇਸ ਦਾ ਪਹਿਲਾਂ ਹੀ ਆਧਾਰ ਬਣਿਆ ਹੋਇਆ ਹੈ।
ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਦੌਰਾਨ ‘ਆਪ’ ਨੇ ਦੇਸ਼ ਦੇ 20 ਸੂਬਿਆਂ ਵਿਚ 430 ਸੀਟਾਂ ‘ਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ, ਪਰ ਕੇਵਲ ਪੰਜਾਬ ਵਿਚੋਂ ਹੀ ਚਾਰ ਸੀਟਾਂ ਜਿੱਤ ਕੇ ਆਪਣਾ ਖਾਤਾ ਖੋਲ੍ਹਿਆ ਸੀ ਅਤੇ ਇਸ ਦੀਆਂ 13 ਵਿਚੋਂ ਚਾਰ ਸੀਟਾਂ ਜਿੱਤ ਕੇ ਇਕ ਚਮਤਕਾਰ ਕਰ ਵਿਖਾਇਆ ਸੀ। ਆਪ ਦੇ ਇਨ੍ਹਾਂ ਚਾਰ ਜੇਤੂਆਂ ਵਿਚ ਸੰਗਰੂਰ ਤੋਂ ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਮੁੱਖ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਤੇ ਮੌਜੂਦਾ ਐਮ.ਪੀ. ਵਿਜੈ ਸਿੰਗਲਾ , ਫਰੀਦਕੋਟ (ਰਾਖਵਾਂ) ਤੋਂ ਪ੍ਰੋ. ਸਾਧੂ ਸਿੰਘ ਨੇ ਪਿੱਛਲੇ 10 ਸਾਲਾਾਂ ਤੋਂ ਚਲੀ ਆ ਰਹੀ ਅਕਾਲੀ ਐਮ.ਪੀ. ਪਰਮਜੀਤ ਕੌਰ ਗੁਲਸ਼ਨ, ਪਟਿਆਲਾ ਤੋਂ ਡਾ. ਧਰਮ ਵੀਰ ਗਾਂਧੀ ਨੇ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਣੀਤ ਕੌਰ ਤੇ ਫਤਹਿਗੜ੍ਹ ਸਾਹਿਬ (ਰਾਖਵਾਂ) ਤੋਂ ਹਰਿੰਦਰ ਸਿੰਘ ਖਾਲਸਾ ਨੇ ਕਾਗਰਸ ਦੇ ਸਾਧੂ ਸਿੰਘ ਧਰਮਜੋਤ ਤੁ ਅਕਾਲੀ ਦਲ ਦੇ ਕੁਲਵੰਤ ਸਿੰਘ ਨੂੰ ਸਿਕਸ਼ਤ ਦਿੱਤੀ। ਆਮ ਆਦਮੀ ਪਾਰਟੀ ਨੇ ਪਹਿਲੀ ਵਾਰੀ ਹੀ ਸੂਬੇ ਵਿਚੋਂ 24 ਫੀਸਦੀ ਵੋਟਾਂ ਪ੍ਰਾਪਤ ਕਰਕੇ ਇਸ ਦੀਆਂ 117 ਵਿਚੋਂ 33 ਵਿਧਾਨ ਸਭਾ ਹਲਕਿਆਂ ਵਿਚ ਬੜ੍ਹਤ ਹਾਸਿਲ ਕੀਤੀ, ਜਦੋਂ ਕਿ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਨੇ 37, ਰਾਜ ਕਰ ਰਹੀ ਅਕਾਲੀ ਦਲ ਨੂੰ ਕੇਵਲ 29 ਸੀਟਾਂ ਤੇ ਭਾਜਪਾ ਨੂੰ 16 ਹਲਕਿਆਂ ਵਿੱਚ ਅਾਪਣਾ ਦੱਬਦਬਾ ਰੱਖਿਆ।ਆਪ ਪਾਰਟੀ ਦੇ ਹਾਰੇ ਹੋਏ ਉਮੀਦਵਾਰ ਵੀ ਦੋ ਦਰਜਨ ਵਿਧਾਨ ਸਭਾ ਹਲਕਿਆਂ ਵਿਚ ਦੂਜੇ ਨੰਬਰ ਤੇ ਰਹੇ ਹਨ, ਲੁਧਿਆਣਾ ਤੋਂ ਹਰਵਿੰਦਰ ਸਿੰਘ ਫੂਲਕਾ ਨੇ 2,80,750 ਵੋਟਾਂ, ਆਨੰਦਪੁਰ ਸਾਹਿਬ ਤੋਂ ਹਿੰਮਤ ਸਿੰਘ ਸ਼ੇਰਗਿਲ ਨੇ 3,06,008 ਵੋਟਾਂ, ਜਲੰਧਰ ਤੋਂ ਜੋਤੀ ਮਾਨ ਨੇ 2,54,1)4 ਵੋਟਾਂ, ਗੁਰਦਾਸਪੁਰ ਤੋਂ ਸੁੱਚਾ ਸਿੰਘ ਛੋਟੇਪੁਰ ਨੇ 1,73,376, ਅੰਮ੍ਰਿਤਸਰ ਤੋਂ ਡਾ. ਦਲਜੀਤ ਸਿੰਘ 82,633, ਖਡੂਰ ਸਾਹਿਬ ਤੋਂ ਬਲਦੀਪ ਸਿੰਘ ਨੇ 1,44,521, ਫੀਰੋਜ਼ਪੁਰ ਤੋਂ ਸਤਿਨਾਮ ਪਾਲ ਕੰਬੋਜ ਨੇ 1,13,712 ਵੋਟਾਂ, ਜਸਰਾਜ ਸਿੰਘ ਲੌਗੀਆਂ ਨੇ ਬਠਿੰਡਾ ਤੋਂ 87,901 ਵੋਟਾ ਤੇ ਹੁਸ਼ਿਆਰਪੁਰ ਤੋਂ ਯਾਮਨੀ ਗੋਮਰ ਨੇ 2,13,388 ਵੋਟਾਂ ਹਾਸਲ ਕੀਤੀਆਂ ਸਨ।
ਇਨ੍ਹਾਂ ਤੱਥਾਂ ਨੂੰ ਦੇਖਦਿਆਂ ਪੰਜਾਬ ਵਿਚ ‘ਆਪ’ ਦਾ ਭਵਿੱਖ ਉਜਲਾ ਜਾਪਦਾ ਹੈ।ਭਾਵੇਂ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾਅਵਾ ਕਰ ਰਹੇ ਹਨ ਕਿ ਇਸ ਸੂਬੇ ਵਿਚ ‘ਆਪ’ ਦਾ ਕੋਈ ਆਧਾਰ ਨਹੀਂ ਹੈ। ਇਹ ਵੀ ਇਕ ਹਕੀਕਤ ਹੈ ਪਿੱਛਲੇ ਸਾਲ ਹੀ ਵਿਧਾਨ ਸਭਾ ਦੀ ਪਟਿਆਲਾ ਤੇ ਤਲਵੰਡੀ ਸਾਬੋ ਉਪ-ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਫਿਰ ਵੀ ਆਪਣਾ ਆਧਾਰ ਮਜ਼ਬੂਤ ਕਰਨ ਦੀ ਬਹੁਤ ਸੰਭਾਵਨਾ ਹੈ।ਸੱਭ ਤੋਂ ਮੁੱਖ ਕਾਰਨ ਰਿਹਾ ਕਿ ਜਿੱਥੇ ਲੋਕ ਕੇਂਦਰ ਸਰਕਾਰ ਦੀਆਂ ਕਈ ਆਰਥਿਕ ਪਾਲਿਸੀਆਂ, ਜਾਰੀ ਕੀਤੇ ਗੇ ਆਰਡੀਨੈਂਸ ਤੇ ਮਹਿੰਗਾਈ ਤੋਂ ਤੰਗ ਸਨ, ਉਥੇ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਪ੍ਰਸਾਸ਼ਨ ਵਿਚ ਕੈਂਸਰ ਵਾਂਗ ਫੈਲੇ ਕਥਿਤ ਭ੍ਰਿਸ਼ਟਾਚਾਰ, ਭਾਈ ਭਤੀਜਾਵਾਦ ਅਤੇ ਅਮਨ ਕਾਨੂੰਨ ਦੀ ਵਿਗੜਦੀ ਹੋਈ ਹਾਲਤ ਤੋਂ ਬਹੁਤ ਹੀ ਦੁੱਖੀ ਹਨ। ਸ਼ਹਿਰਾਂ ਵਿਚ ਲਗਾਇਆ ਗਿਆ ਪ੍ਰਾਪਰਟੀ ਟੈਕਸ, ਰੇਤਾ, ਬੱਜਰੀ, ਕੇਬਲ ਨੈਟਵਰਕ, ਟ੍ਰਸਪੋਰਟ ਤੇ ਲੈਂਡ ਮਾਫੀਏ ਨੂੰ ਹਾਕਮ ਧਿਰ ਦੀ ਕਥਿਤ ਸਰਪ੍ਰਸਤੀ।ਸਭ ਤੋਂ ਚਿੰਤਾਜਨਕ ਗੱਲ ਨਸ਼ਿਆਂ ਦੇ ਛੇਵੇਂ ਦਰਿਆ, ਜਿਸ ਨੇ ਪੰਜਾਬ ਦੀ ਜਵਾਨ ਪੀੜ੍ਹੀ ਨੂੰ ਖਾਣਾ ਸ਼ੁਰੂ ਕੀਤਾ ਹੈ, ਭਾਰੂ ਰਹੀ।ਇਨ੍ਹਾਂ ਨਸ਼ਿਆਂ ਦੀ ਸਪਲਾਈ ਲਈ ਤਿੰਨ ਮੰਤਰੀਆਂ ਸਮੇਤ ਕਈ ਅਕਾਲੀਆਂ ਦੇ ਸ਼ਰੇਆਮ ਨਾਂਅ ਲਏ ਜਾ ਰਹੇ ਹਨ, ਨੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ।ਕੋਈ ਵਿਕਾਸ ਦਾ ਕੰਮ ਨਹੀਂ ਹੋ ਰਿਹਾ। ਸਰਕਾਰੀ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਵੀ ਨਹੀਂ ਮਿਲਦੀ।ਲੋਕਾਂ ਦੇ ਆਮ ਮਸਲੇ ਵੀ ਹੱਲ ਨਹੀਂ ਹੋ ਰਹੇ ਸਨ।ਅਗਲੀਆਂ ਵਿਧਾਨ ਸਭਾ ਚੋਣਾਂ ਵੇਲੇ ਅਕਾਲੀ-ਭਾਜਪਾ ਗਠਜੋੜ ਨੂੰ ਆਪਣੇ ਦਸ ਸਾਲ ਦੇ ਸਾਸ਼ਨ ਦਾ ਸੱਤਾ-ਵਿਰੋਧੀ (ਐਂਟੀ-ਇਨਕੰਬੈਸੀ) ਦਾ ਵੀ ਸਾਹਮਣਾ ਕਰਨਾ ਪਏਗਾ।
ਜਿਸ ਸਾਦਾ ਢੰਗ ਨਾਲ ‘ਆਪ” ਪਾਰਟੀ ਨੇ ਚੋਣਾਂ ਲੜੀਆਂ ਤੇ ਜਿੱਤ ਕੇ ਪਿਛਲੇ ਸਾਲ ਸਰਕਾਰ ਬਣਾਈ,ਭਾਵੇਂ 49 ਦਿਨ ਲਈ ਹੀ ਸਹੀ, ਤੇ ਮੁਖ ਮੰਤਰੀ ਤੇ ਦੂਜੇ ਮੰਤਰੀ ਸਾਦਗੀ ਨਾਲ ਰਹਿੰਦੇ ਰਹੇ , ਉਸ ਨੇ ਦੇਸ਼ ਦੇ ਲੋਕਾਂ ਦਾ ਧਿਆਨ ਆਪਣੇ ਵਲ ਖਿਚਿਆ ਹੈ।ਇਸੇ ਲਈ ਹੁਣ ਲੋਕਾਂ ਨੇ ਪ੍ਰਚੰਡ ਬਹੁਮੱਤ ਦਿੱਤਾ ਹੈ। ਲੋਕਾਂ ਨੁੰ ਰਿਵਾਇਤੀ ਪਾਰਟੀਆਂ ਦੇ ਮੁਕਾਬਲੇ ਇਕ ਵਿਕੱਲਪ ਦਿਖਾਈ ਦੇਣ ਲਗਾ ਹੈ। ਪੰਜਾਬ ਵਿਚ ਵੀ ਰਿਵਾਇਤੀ ਪਾਰਟੀਆਂ, ਜੋ ਪਰਿਵਾਰਵਾਦ ਤੇ ਭਾਈ ਭਤੀਜਾਵਾਦ ਤੇ ਧਨਾਢਾ ਅਤੇ ਬਾਹੂਵਲੀਆਂ ਦਾ ਸ਼ਿਕਾਰ ਹਨ, ਤੋਂ ਲੋਕਾਂ ਨੂੰ ਇਕ ਵਿਕੱਲਪ ਦਿਖਾਈ ਦੇ ਰਿਹਾ ਹੈ।ਨਿਸ਼ਚੇ ਹੀ ਦਿੱਲੀ ਦੀ ਇਕ-ਤਰਫ਼ਾ ਜਿੱਤ ਨਾਲ ਪਾਰਟੀ ਦਾ ਹੋਰ ਉਤਸ਼ਾਹ ਵਧਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਆਪ ਵਲੋਂ ਸੂਬੇ ਵਿਚ ਰਾਜਸੀ ਸਰਗਰਮੀਆਂ ਸ਼ੁਰੂ ਕਰਨ ਦੀ ਉਮੀਦ ਹੈ।ਉਪਰੋਕਤ ਤਥਾਂ ਦੀ ਰੌਸ਼ਨੀ ਵਿਚ ਆਮ ਆਦਮੀ ਦਾ ਪੰਜਾਬ ਵਿੱਚ ਦਿੱਲੀ ਦਾ ਇਤਿਹਾਸ ਦੁਹਰਾ ਸਕਦੀ ਹੈ।