ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਖਿਲਾਫ ਬੀਤੇ ਕਈ ਦਿਨਾਂ ਤੋਂ ਪੋਸਟਰਬਾਜ਼ੀ ਕਰ ਰਹੇ ਅਕਾਲੀ ਦਲ ਦੇ ਸਾਬਕਾ ਜਰਨਲ ਸਕੱਤਰ ਗਗਨਦੀਪ ਸਿੰਘ ਬਿੰਦਰਾ ਤੇ ਕਮੇਟੀ ਵੱਲੋਂ ਪ੍ਰਧਾਨ ਦੇ ਖਿਲਾਫ ਕੁੜਪ੍ਰਚਾਰ ਕਰਨ ਲਈ ਪਾਰਲੀਮੈਂਟ ਸਟ੍ਰੀਟ ਥਾਣੇ ਵਿਖੇ ਮੁਕਦਮਾ ਦਰਜ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਦੇ ਮੀਤ ਪ੍ਰਧਾਨ ਜਸਵੰਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਬੀਤੀ 20 ਫਰਵਰੀ 2014 ਤੋਂ ਬਿੰਦ੍ਰਰਾ ਦਲ ਦੇ ਅਹੁਦੇਦਾਰ ਨਹੀਂ ਹਨ, ਪਰ ਲਗਾਤਾਰ ਬਿੰਦਰਾ ਵੱਲੋਂ ਆਪਣੇ ਆਪ ਨੂੰ ਪਾਰਟੀ ਦਾ ਨੁਮਾਇੰਦਾ ਦਿਖਾਉਂਦੇ ਹੋਏ ਪਾਰਟੀ ਪ੍ਰਧਾਨ ਖਿਲਾਫ ਵਿਧਾਨਸਭਾ ਚੋਣਾਂ ਦੌਰਾਨ ਦਲ ਦੇ ਉਮੀਦਵਾਰਾਂ ਦੀ ਹੋਈ ਹਾਰ ਦਾ ਦੋਸ਼ ਲਗਾਕੇ ਬਦਨਾਮ ਕਰਨ ਲਈ ਗਿਣੀ ਮਿਥੀ ਸਾਜਿਸ਼ ਤਹਿਤ ਲੜੀਵਾਰ ਪੋਸਟਰਬਾਜ਼ੀ ਕੀਤੀ ਜਾ ਰਹੀ ਸੀ। ਜਿਸ ਕਰਕੇ ਦਿੱਲੀ ਦੇ ਸਿੱਖਾਂ ਦੇ ਮੰਨਾ ‘ਚ ਪ੍ਰਧਾਨ ਦੀ ਪੰਥਦਰਦੀ ਅਤੇ ਇਮਾਨਦਾਰ ਛਵੀ ਨੂੰ ਸੱਟ ਲਗੱਣ ਦਾ ਖਦਸਾ ਬਣ ਗਿਆ ਸੀ।
ਬਿੱਟੂ ਨੇ ਹੈਰਾਨੀ ਜਤਾਈ ਕਿ ਅੱਜ ਉਹ ਲੋਕ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਜੀ.ਕੇ. ਤੋਂ ਇਸਤਿਫਾ ਮੰਗ ਰਹੇ ਹਨ ਜਿਨ੍ਹਾਂ ਦਾ ਆਪਣਾ ਪੂਰਾ ਪਰਿਵਾਰ ਹੀ ਕਦੀ ਕਿਸੇ ਇਕ ਪਾਰਟੀ ਦੇ ਸਮਰਥਨ ‘ਚ ਨਹੀਂ ਰਿਹਾ। ਜੀ.ਕੇ. ਦੀ ਪ੍ਰਧਾਨਗੀ ਹੇਠ 2007 ਦੀਆਂ ਦਿੱਲੀ ਨਗਰ ਨਿਗਮ, 2009 ਦੀਆਂ ਨਿਗਮ ਦੀਆਂ ਜ਼ਿਮਣੀ ਚੋਣਾ, 2013 ਦੀਆਂ ਦਿੱਲੀ ਕਮੇਟੀ ਅਤੇ ਦਿੱਲੀ ਵਿਧਾਨਸਭਾ ਚੋਣਾਂ ਦੌਰਾਨ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤਾਂ ਦਾ ਵੀ ਇਸ ਮੌਕੇ ਬਿੱਟੂ ਨੇ ਹਵਾਲਾ ਦਿੱਤਾ। ਬਿੰਦਰਾ ਵਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਬਿੱਟੂ ਨੇ ਝੂਠਾ, ਆਧਾਰਹੀਨ ਅਤੇ ਜਾਣਬੁਝ ਕੇ ਮਾਨਹਾਨੀ ਕਰਨ ਦਾ ਪ੍ਰਤੀਕ ਵੀ ਦੱਸਿਆ।
ਇਸ ਸ਼ਿਕਾਇਤ ‘ਚ ਬਿੰਦਰਾ ਵੱਲੋਂ ਵੱਡੇ ਪੋਸਟਰ ਸਰਕਾਰੀ ਦਿਵਾਰਾਂ ਤੇ ਮੈਟਰੋ ਪਿਲਰ ਤੇ ਲਗਾਉਣ ਕਰਕੇ ਸਰਕਾਰੀ ਸੰਪਤੀ ਨੂੰ ਬਦਰੰਗ ਕਰਨ ਦੇ ਖਿਲਾਫ ਡੀ.ਪੀ. ਐਕਟ ਤਹਿਤ ਮੁਕਦਮਾ ਦਰਜ ਕਰਨ ਦੀ ਵੀ ਗੱਲ ਕਹੀ ਗਈ ਹੈ।ਸੋਸ਼ਲ ਮੀਡੀਆ ਤੇ ਬਿੰਦਰਾ ਵੱਲੋਂ ਪ੍ਰਧਾਨ ਜੀ.ਕੇ. ਦੇ ਖਿਲਾਫ ਪਾਈ ਗਈ ਵੀਡੀਓ ਦੀ ਕਾਪੀ ਦੇ ਨਾਲ ਹੀ ਅਕਾਲੀ ਦਲ ਦੇ ਸਾਬਕਾ ਸਕੱਤਰ ਜਰਨਲ ਕੁਲਦੀਪ ਸਿੰਘ ਭੋਗਲ ਵੱਲੋਂ ਮਿਤੀ 20 ਫਰਵਰੀ 2014 ਨੂੰ ਬਿੰਦਰਾ ਅਤੇ ਸਰਨਾ ਦਲ ਦੇ ਆਗੂ ਉਸਦੇ ਪਿਤਾ ਜਗਜੀਤ ਸਿੰਘ ਬਿੰਦਰਾ ਦੇ ਪਾਰਟੀ ਵਿਰੋਧੀ ਸਰਗਰਮੀਆਂ ‘ਚ ਹਿੱਸਾ ਲੈਣ ਤੇ ਨੋਟਿਸ ਲੈਂਦੇ ਹੋਏ ਅਹੁਦੇਦਾਰ ਨਾ ਹੋਣ ਦੇ ਦਿੱਤੇ ਗਏ ਬਿਆਨਾ ਤੋਂ ਬਾਅਦ ਅਖਬਾਰਾਂ ‘ਚ ਲਗੀਆਂ ਖਬਰਾਂ ਨੂੰ ਵੀ ਪੁਲਿਸ ਨੂੰ ਸੌਂਪੇ ਸਬੂਤਾਂ ‘ਚ ਕਮੇਟੀ ਵੱਲੋਂ ਨੱਥੀ ਕੀਤਾ ਗਿਆ ਹੈ।ਅਕਾਲੀ ਦਲ ਦਾ ਨੁਮਾਇੰਦਾ ਨਾ ਹੋਣ ਦੇ ਬਾਵਜੂਦ ਪਾਰਟੀ ਦੀ ਛਵੀ ਨੂੰ ਜਾਣਬੁਝ ਕੇ ਵਿਰੋਧੀਆਂ ਦੀ ਸ਼ਹਿ ਤੇ ਖਾਰਬ ਕਰਨ ਦੇ ਦੋਸ਼ਾਂ ਤਹਿਤ ਧਾਰਾ 499 ਤਹਿਤ ਮੁਕਦਮਾ ਦਰਜ ਕਰਨ ਦੀ ਵੀ ਗੱਲ ਕਹੀ ਗਈ ਹੈ।