ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ 21 ਫ਼ਰਵਰੀ 2015, ਦਿਨ ਸ਼ੁੱਕਰਵਾਰ ਬਾਅਦ ਦੁਪਹਿਰ 3 ਵਜੇ ਇਕ ਵਿਸ਼ੇਸ਼ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਸੁਰਜੀਤ ਪਾਤਰ ਜੀ ਨੇ ਆਖਿਆ ਕਿ ਸਾਡੀ ਮਾਤ ਭਾਸ਼ਾ ਪੰਜਾਬੀ ਤੇ ਭਾਵੇਂ ਬਹੁਪੱਖੀ ਹਮਲੇ ਹੋ ਰਹੇ ਹਨ ਪਰ ਫਿਰ ਵੀ ਇਹ ਗੁਰੂਆਂ ਪੀਰਾਂ ਦੀ ਵਰੋਸਾਈ ਭਾਸ਼ਾ ਹੋਰ ਵਧੇਰੇ ਵਿਕਾਸ ਕਰਨ ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸ. ਰੂਪ ਸਿੰਘ ਰੂਪਾ (ਅਮਰੀਕਾ ਨਿਵਾਸੀ) ਹੋਰਾਂ ਆਖਿਆ ਕਿ ਅਸੀਂ ਵਿਦੇਸ਼ੀ ਬੋਲੀਆਂ ਦਾ ਤਜਰਬਾ ਹੰਢਾ ਕੇ ਵੀ ਇਸ ਨਤੀਜੇ ’ਤੇ ਪਹੁੰਚੇ ਹਾਂ ਕਿ ਮਾਤ ਭਾਸ਼ਾ ਦੀ ਜ਼ਿੰਦਗੀ ਵਿਚ ਵਿਸ਼ੇਸ਼ ਥਾਂ ਹੁੰਦੀ ਹੈ। ਪ੍ਰਧਾਨਗੀ ਮੰਡਲ ਵਿਚ ਸ਼ਸ਼ੋਭਿਤ ਅੰਗਰੇਜ਼ੀ ਭਾਸ਼ਾ ਦੇ ਵਿਦਵਾਨ ਡਾ. ਕੇ.ਬੀ.ਐਸ. ਸੋਢੀ ਹੋਰਾਂ ਨੇ ਅੰਗਰੇਜ਼ੀ ਭਾਸ਼ਾ ਤੋਂ ਮਾਤ ਭਾਸ਼ਾ ਪੰਜਾਬੀ ਵਿਚ ਅਨੁਵਾਦਿਤ ਕੀਤੇ ਆਪਣੇ ਕਾਰਜ ਦਾ ਵੇਰਵਾ ਦਿੰਦਿਆਂ ਦਸਿਆ ਕਿ ਮਾਤ ਭਾਸ਼ਾ ਪੰਜਾਬੀ ਦੀ ਇਕ ਪ੍ਰਗਟਾ ਮਾਧਿਅਮ ਵਜੋਂ ਵਿਸ਼ੇਸ਼ ਥਾਂ ਹੋਣ ਦੀ ਗੱਲ ਦੁਹਰਾਈ।
ਸ. ਜਨਮੇਜਾ ਸਿੰਘ ਜੌਹਲ ਨੇ ਮਾਤ ਭਾਸ਼ਾ ਦੀਆਂ ਨਵੀਆਂ ਤਕਨੀਕਾਂ ਬਾਰੇ ਗਲਬਾਤ ਕਰਦਿਆਂ ਹੋਇਆ ਆਖਿਆ ਕਿ ਸਾਨੂੰ ਰੋਮਨ ਦੀ ਥਾਂ ਗੁਰਮੁਖੀ ਲਿੱਪੀ ਦੀਆਂ ਫੌਂਟਸ ਦੀ ਵਰਤੋਂ ਕਰਨੀ ਚਾਹਦੀ ਹੈ। ਇਸ ਵਿਸ਼ੇ ’ਤੇ ਬਹਿਸ ਵਿਚ ਪ੍ਰੋ. ਸੰਤੋਖ ਸਿੰਘ ਔਜਲਾ,ਸ੍ਰੀ ਸੁਰਿੰਦਰ ਰਾਮਪੁਰੀ, ਕਰਮਜੀਤ ਸਿੰਘ ਔਜਲਾ, ਦਲਬੀਰ ਲੁਧਿਆਣਵੀ ਨੇ ਭਾਗ ਲਿਆ। ਇਸ ਮੌਕੇ ਜਨਮੇਜਾ ਸਿੰਘ ਜੌਹਲ ਵਲੋਂ ਤਿਆਰ ਕੀਤਾ ਗੁਰਮੁਖੀ ਪੈਂਤੀ ਦਾ ਚਾਰਟ ਲੋਕ ਅਰਪਨ ਕੀਤਾ ਗਿਆ।
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਸੀਨੀ. ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਅਨੂਪ ਸਿੰਘ ਜੀ ਦੀ ਅਗਵਾਈ ਵਿਚ ਚਲ ਰਹੇ ਪੰਜਾਬ ਦੀਆਂ ਭਾਸ਼ਾ ਨਾਲ ਸਬੰਧਿਤ ਪੰਜ ਜਥੇਬੰਦੀਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਕੇਂਦਰੀ ਲੇਖਕ ਸਭਾ ਸੇਖੋਂ, ਭਾਸ਼ਾ ਅਕਾਦਮੀ ਜ¦ਧਰ, ਪੰਜਾਬ ਜਾਗ੍ਰਤੀ ਮੰਚ ਵਲੋਂ ਮਾਤ ਭਾਸ਼ਾ ਨੂੰ ਪੰਜਾਬ ਵਿਚ ਬਣਦਾ ਸਥਾਨ ਦਿਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਸਬੰਧੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ।
ਸਮਾਗਮ ਦੀ ਪ੍ਰਧਾਨਗੀ ਪਦਮਸ੍ਰੀ ਡਾ. ਸੁਰਜੀਤ ਪਾਤਰ, ਸਰਦਾਰ ਪੰਛੀ, ਸ੍ਰੀਮਤੀ ਗੁਰਚਰਨ ਕੌਰ ਕੋਚਰ ਅਤੇ ਸਛ ਰੂਪ ਸਿੰਘ ਰੂਪਾ ਨੇ ਕੀਤੀ। ਇਸ ਮੌਕੇ ਤ੍ਰੈਲੋਚਨ ਲੋਚੀ, ਸਤੀਸ਼ ਗੁਲਾਟੀ, ਹਰਦੀਪ ਢਿੱਲੋਂ, ਦਲਬੀਰ ਲੁਧਿਆਣਵੀ, ਭਗਵਾਨ ਢਿੱਲੋਂ, ਅਮਰਜੀਤ ਸ਼ੇਰਪੁਰੀ, ਸੁਰਜੀਤ ਸਿੰਘ ਅਲਬੇਲਾ, ਕੁਲਵਿੰਦਰ ਕੌਰ ਕਿਰਨ, ਜਸਪ੍ਰੀਤ ਕੌਰ ਫਲਕ, ਪਰਮਜੀਤ ਕੌਰ ਮਹਿਕ, ਹਰਦਿਆਲ ਪਰਵਾਨਾ, ਰਵਿੰਦਰ ਦੀਵਾਨਾ ਅਤੇ ਸਵਰਨ ਪੱਲਾ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ।
ਵਿਸ਼ੇਸ਼ ਤੌਰ ’ਤੇ ਇਕ ਮਤਾ ਪਾ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਤਿੰਨ ਭਾਸ਼ਾਈ ਫਾਰਮੂਲਾ ਲਾਗੂ ਕੀਤਾ ਜਾਵੇ। ਭਾਸ਼ਾ ਟ੍ਰਿਬਿਊਨਲ ਬਣਾਇਆ ਜਾਵੇ ਅਤੇ 2008 ਵਿਚ ਪਾਸ ਕੀਤਾ ਭਾਸ਼ਾ ਐਕਟ ਜਥੇਬੰਦੀਆਂ ਵਲੋਂ ਪ੍ਰਸਤਾਵਿਤ ਸੋਧਾਂ ਕਰਕੇ 2010 ਵਿਚ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤੇ ਗਏ ਸਰਬ ਪਾਰਟੀ ਮਤੇ ਦੀ ਭਾਵਨਾ ਅਨੁਸਾਰ ਤੁਰੰਤ ਲਾਗੂ ਕੀਤਾ ਜਾਵੇ। ਮੰਗ ਕੀਤੀ ਗਈ ਕਿ ਪੰਜਾਬ ਵਿਚ ਲੱਗੇ ਵਿਭਿੰਨ ਸਾਈਨ ਬੋਰਡ ਪੰਜਾਬੀ ਭਾਸ਼ਾ ਵਿਚ ਲਗਾਏ ਜਾਣ।
ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਤਰਲੋਚਨ ਝਾਂਡੇ, ਪੰਜਾਬੀ ਗ਼ਜ਼ਲ ਮੰਚ ਪੰਜਾਬ ਦੇ ਜਨਰਲ ਸਕੱਤਰ ਸਰਦਾਰ ਪੰਛੀ, ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਜਨਰਲ ਸਕੱਤਰ ਅਤੇ ਸਿਰਜਣਧਾਰਾ ਦੇ ਮੀਤ ਪ੍ਰਧਾਨ ਦਲਵੀਰ ਸਿੰਘ ਲੁਧਿਆਣਵੀ, ਪੰਜਾਬੀ ਗੀਤਕਾਰ ਸਭਾ ਦੇ ਪ੍ਰਧਾਨ ਹਰਦੇਵ ਦਿਲਗੀਰ ਤੇ ਜਨਰਲ ਸਕੱਤਰ ਸਰਬਜੀਤ ਸਿੰਘ ਵਿਰਦੀ, ਕਹਾਣੀ ਮੰਚ ਫਿਰੋਜ਼ਪੁਰ ਦੇ ਪ੍ਰਧਾਨ ਹਰਦੀਪ ਢਿੱਲੋਂ, ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਸ੍ਰੀ ਸੁਰਿੰਦਰ ਰਾਮਪੁਰੀ, ਪੰਜਾਬੀ ਲਿਖਾਰੀ ਸਭਾ ਲੁਧਿਆਣਾ ਤੋਂ ਸ. ਜਨਮੇਜਾ ਸਿੰਘ ਜੌਹਲ, ਅਦਬੀ ਦਾਇਰਾ ਮੁੱਲਾਂਪੁਰ ਦੇ ਸੰਚਾਲਕ ਸ੍ਰੀ ਭਗਵਾਨ ਢਿੱਲੋਂ, ਪੀ.ਏ.ਯੂ. ਸਾਹਿਤ ਸਭਾ ਵੱਲੋਂ ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰਿੰ. ਪ੍ਰੇਮ ਸਿੰਘ ਬਜਾਜ, ਇੰਜ. ਡੀ.ਐਮ. ਸਿੰਘ, ਸ੍ਰੀਮਤੀ ਸੁਰਿੰਦਰ ਕੌਰ, ਹਰਜੀਤ ਕੌਰ, ਪਰਵੇਜ਼ ਸੰਧੂ, ਰਜਿੰਦਰ ਕੌਰ, ਸ਼ਿਵ ਰਾਜ, ਇੰਦਰਪਾਲ ਸਿੰਘ, ਹਰਭਜਨ ਫੱਲੇਵਾਲਵੀ, ਹਰਦੇਵ ਕਲਸੀ, ਪੰਮੀ ਹਬੀਬ, ਅਜਮੇਰ ਸਿੰਘ, ਰਾਕੇਸ਼ ਕੁਮਾਰ, ਸੁਖਪਾਲ ਸਿੰਘ ਆਦਿ ਹਾਜ਼ਰ ਸਨ।