ਕਪਟ ਭਰੀ ਮੈਂ ਅੰਦਰੋਂ, ਤੇ ਚੱਲੀ ਜਗਤ ਸੁਧਾਰ ।
ਖ਼ਾਲਸ ਨਾਮਧਰੀਕ ਹਾਂ, ਓਹਲੇ ਕਰਾਂ ਵਿਭਚਾਰ ।
ਨਾ ਗੁਣ ਨਾ ਕੋ ਸਿਦਕ ਹੈ, ਬਣੀ ਝੂਠ ਦੀ ਸੌਦੇਦਾਰ ।
ਸਿਰ ‘ਤੇ ਧਰਮ ਬੰਨ੍ਹਿਆ, ਜਗਤ ਵਿਖਾਵਣ ਧਾਰ ।
ਔਰੈ ਉਪਦੇਸ ਦੇ ਰਹਾਂ, ਮੈਂ ਆਪ ਰੁੜ੍ਹਾਂ ਮੰਝਧਾਰ ।
ਕਰਮੀਂ ਨਾਹੀਂ ਉਪਜਿਆ, ਹੈ ਭਟਕਣ ਬਾਰੰਬਾਰ ।
ਧਨ ਸੰਪਤ ਗ੍ਰਸ ਰਹੀ, ਬੱਸ ਲੁੱਟਾਂ ਖੋਹ ਵਿਕਾਰ ।
ਸਿਰ ਦਾ ਸਾਈਂ ਵਿਸਾਰਿਆ, ਮੈਨੂੰ ਸੇਜਾਂ ਗੈਰ ਹਜ਼ਾਰ ।
ਬੁਣਦੀ ਮੱਕੜ ਜਾਲ ਹਾਂ, ਨਿੱਤ ਲੋਚਾਂ ਨਵਾਂ ਸ਼ਿਕਾਰ ।
ਆ ਭੋਲੇ ਭਾਇ ਜੋ ਫੱਸਦਾ, ਰੱਤ ਪੀਵਾਂ ਬਿਨ ਡਕਾਰ ।
ਭੁੱਲੀ ਫੱਸਣਾ ਅੰਤ ਆਪ, ਫਿਰ ਨਾ ਹੀਲਾ ਕੋਈ ਪਾਰ ।
ਝੂਠ ਘੜ੍ਹਾ ਭਰ ਫੁੱਟਸੀ, ਜੋ ਖਾਤਾ ਖੂਹ ਨੂੰ ਤਿਆਰ ।
ਧ੍ਰਿਗ ਇਵੇਹਿਆ ਜੀਵਣਾ, ਨਾ ਕੰਵਲ ਜਿ ਕ਼ਿਰਦਾਰ ।
ਖ਼ੁਦ ਰੁਲੀ ਤੇ ਸੰਗ ਰੁਲੇ, ਜਿਹੜੇ ਪਿੱਛੇ ਲੱਗੇ ਜਾਰ ।